ਬਰਨਾਲਾ : ਜ਼ਿਲਾ ਬਰਨਾਲਾ ਪ੍ਰਸ਼ਾਸਨ ਵੱਲੋਂ ਕਰੋਨਾ ਵਾਇਰਸ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਨੂੰ ਸਫਲ ਬਣਾਉਣ ਲਈ ਐਨਐਸਐਸ ਵਲੰਟੀਅਰ ਹੁਣ ਵੱਡੀ ਭੂਮਿਕਾ ਨਿਭਾਉਣਗੇ, ਜਿਨਾਂ ਵੱਲੋਂ ਦੁਕਾਨਾਂ ਅਤੇ ਅਹਿਮ ਜਨਤਕ ਥਾਵਾਂ ’ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਕਰੋਨਾ ਵਲੰਟੀਅਰਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਕਿਹਾ ਕਿ ਇਸ ਮਹਾਮਾਰੀ ਦੌਰਾਨ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਵਲੰਟੀਅਰ ਆਪਣੀ ਸੁਰੱਖਿਆ ਦਾ ਵੀ ਪੂਰਾ ਧਿਆਨ ਰੱਖਣ। ਉਨਾਂ ਕਿਹਾ ਕਿ ਆਮ ਲੋਕਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਕਰੋਨਾ ਪਾਬੰਦੀਆਂ ਅਤੇ ਹੋਰ ਸਲਾਹਕਾਰੀਆਂ ਉਨਾਂ ਦੀ ਸੁਰੱਖਿਆ ਲਈ ਹਨ। ਇਸ ਲਈ ਇਹਤਿਆਤਾਂ ਦੀ ਪਾਲਣਾ ਜ਼ਰੂਰ ਕੀਤੀ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਆਦਿਤਯ ਡੇਚਲਵਾਲ ਨੇ ਵਲੰਟੀਅਰਾਂ ਦੇ ਜਜ਼ਬੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਲੰਟੀਅਰ ਆਪਣੀ ਸੁਰੱਖਿਆ ਦੇ ਨਾਲ ਨਾਲ ਆਪਣੇ ਪਰਿਵਾਰ ’ਚ ਅਤੇ ਆਲੇ ਦੁਆਲੇ ਕਰੋਨਾ ਸਬੰਧੀ ਨੇਮਾਂ ਦੀ ਪਾਲਣਾ ਯਕੀਨੀ ਬਣਾਉਣ। ਉਨਾਂ ਕਿਹਾ ਕਿ ਉਹ ਇਕ ਮਿਸਾਲ ਵਜੋਂ ਵਿਚਰਨ ਤਾਂ ਜੋ ਹੋਰ ਲੋਕ ਉਨਾਂ ਤੋਂ ਸੇਧ ਲੈਣ। ਇਸ ਮੌਕੇ ਐਸਡੀਐਮ ਵਰਜੀਤ ਵਾਲੀਆ ਨੇ ਕਿਹਾ ਕਿ ਅਜਿਹੇ ਨਾਜ਼ੁਕ ਸਮੇਂ ਵਿਚ ਉਨਾਂ ਦੀ ਜ਼ਿੰਮੇਵਾਰੀ ਆਮ ਨਾਲੋਂ ਵੱੱਧ ਹੈ ਤੇ ਉਮੀਦ ਹੈ ਕਿ ਨੌਜਵਾਨ ਇਹ ਜ਼ਿੰਮੇਵਾਰੀ ਬਾਖੂਬੀ ਨਿਭਾਉਣਗੇ। ਇਸ ਮੌਕੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਵਿਜੈ ਭਾਸਕਰ ਨੇ ਕਿਹਾ ਕਿ ਇਹ ਵਲੰਟੀਅਰ ਬਾਜ਼ਾਰਾਂ ਵਿਚ ਦੁਕਾਨਦਾਰਾਂ ਨੂੰ ਲਗਾਤਾਰ ਜਾਗਰੂਕ ਕਰ ਰਹੇ ਹਨ ਤੇ ਮਾਸਕ ਅਤੇ ਹੋਰ ਇਹਤਿਆਤਾਂ ਬਾਰੇ ਪੋਸਟਰ ਲਗਾਏ ਜਾ ਰਹੇ ਹਨ।