ਫ਼ਤਹਿਗੜ੍ਹ ਸਾਹਿਬ : ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਝੋਨੇ ਦੀ ਨਾੜ/ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਮੁੱਖ ਖੇਤੀਬਾੜੀ ਅਫਸਰ ਡਾ: ਧਰਮਿੰਦਰਜੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਹੇਠ ਬਸੀ ਪਠਾਣਾ ਬਲਾਕ ਦੇ ਪਿੰਡ ਜੰਡਾਲੀ ਵਿਖੇ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਜਿਸ ਵਿੱਚ ਖੇਤੀਬਾੜੀ ਅਫਸਰ ਬਸੀ ਪਠਾਣਾ ਡਾ: ਕਿਰਪਾਲ ਸਿੰਘ ਮਹੰਤ ਨੇ ਕਿਸਾਨਾਂ ਨੂੰ ਇਨ-ਸੀਟੂ-ਕਰਾਪ ਰੈਜੀਡਿਊ ਮੈਨੇਜਮੈਂਟ ਸਕੀਮ ਬਾਰੇ ਜਾਣਕਾਰੀ ਦਿੱਤੀ। ਇਸ ਕੈਂਪ ਵਿੱਚ ਖੇਤੀਬਾੜੀ ਉਪ ਨਰੀਖਕ ਸ਼੍ਰੀ ਮਨੀਸ਼ ਕੁਮਾਰ ਸ਼ਰਮਾ ਨੇ ਕਿਸਾਨਾਂ ਨੂੰ ਕਿਹਾ ਕਿ ਪਰਾਲੀ ਨੂੰ ਜਮੀਨ ਵਿੱਚ ਰਲਾਉਣ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਅਤੇ ਸੂਖਮ ਤੱਤ ਜਿਵੇਂ ਕਿ ਜਿੰਕ ਤੇ ਮੈਗਨੀਜ਼ ਆਦਿ ਦੀ ਪੂਰਤੀ ਵੀ ਹੁੰਦੀ ਹੈ। ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਤਕਨੀਕੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਬਾਇਨ ਪਿੱਛੇ ਸਟਰਾਅ ਮੈਨੇਜਮੈਂਟ ਸਿਸਟਮ ਲਗਾ ਕੇ ਹੈਪੀ ਸੀਡਰ/ਸਰਫੇਸ ਸੀਡਰ, ਸਮਾਰਟ ਸੀਡਰ ਨਾਲ ਕਣਕ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ ਅਤੇ ਪਰਾਲੀ ਨੂੰ ਮਲਚ ਦੇ ਤੌਰ ਤੇ ਵਰਤ ਕੇ ਜਮੀਨ ਦੀ ਉਪਜਾਊ ਸ਼ਕਤੀ ਨੁੰ ਵਧਾਇਆ ਜਾ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਵਾਤਾਵਰਣ ਤੇ ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਕਰਨ ਵਿੱਚ ਯੋਗਦਾਨ ਦੇਣ ਲਈ ਪ੍ਰੇਰਿਤ ਵੀ ਕੀਤਾ।
ਇਸ ਮੌਕੇ ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾ ਸ਼੍ਰੀ ਹਰਮਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਰਾਲੀ ਦੀ ਸੁਚੱਜੀ ਸੰਭਾਲ ਲਈ ਸਬਸਿਡੀ ਤੇ ਦਿੱਤੀਆਂ ਜਾ ਰਹੀਆਂ ਮਸ਼ੀਨਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨ ਜਿਵੇਂ ਕਿ ਜਮੀਨ ਅੰਦਰ ਕੁਦਰਤੀ ਤੱਤਾਂ ਦਾ ਖਾਤਮਾ, ਪੰਛੀਆਂ ਤੇ ਜੀਵ ਜੰਤੂ ਦੀ ਮੌਤ ਤੇ ਇਨਸਾਨਾਂ ਅਤੇ ਪਸ਼ੁਆਂ ਵਿੱਚ ਫੈਲਣ ਵਾਲੀਆਂ ਵੱਖ-ਵੱਖ ਬਿਮਾਰੀਆ ਬਾਰੇ ਦੱਸਿਆ। ਉਨ੍ਹਾਂ ਕਿਸਾਨਾਂ ਨੂੰ ਕਿਰਾਏ ਤੇ ਖੇਤੀ ਮਸ਼ੀਨਾਂ ਲੈ ਕੇ ਪਰਾਲੀ ਪ੍ਰਬੰਧਨ ਲਈ ਉਤਸਾਹਿਤ ਵੀ ਕੀਤਾ। ਕ੍ਰਿਸ਼ੀ ਵਿਗਿਆਨ ਕੇਂਦਰ ਦੀ ਸਹਾਇਕ ਪ੍ਰੋਫੈਸਰ (ਕੀਟ ਵਿਗਿਆਨ) ਡਾ: ਰੀਤ ਵਰਮਾ ਨੇ ਕਿਸਾਨਾਂ ਨੂੰ ਫਸਲਾਂ ਉਪਰ ਕੀੜੇ ਮਕੌੜਿਆਂ ਦੇ ਹਮਲੇ ਅਤੇ ਬਿਮਾਰੀਆਂ ਦੇ ਹਮਲੇ ਅਤੇ ਇਨ੍ਹਾਂ ਦੀ ਰੋਕਥਾਮ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਸਹਾਇਕ ਪ੍ਰੋਫੈਸਰ (ਬਾਗਬਾਨੀ) ਡਾ: ਅਰਵਿੰਦਪ੍ਰੀਤ ਕੌਰ ਨੇ ਕਿਸਾਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਚਲਾਏ ਜਾਣ ਵਾਲੇ ਵੱਖ-ਵੱਖ ਕਿੱਤਾ ਮੁਖੀ ਸਿਖਲਾਈ ਕੋਰਸਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਖੇਤੀਬਾੜੀ ਉਪ ਨਰੀਖਕ ਦਿਲਰਾਜ ਸਿੰਘ, ਸੀਨੀਅਰ ਲੈਬ ਸਹਾਇਕ ਰਾਜਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਕਿਸਾਨਾਂ ਨੇ ਭਾਗ ਲਿਆ।