ਸੁਨਾਮ : ਸ਼੍ਰੀ ਬਾਲਾ ਜੀ ਖਾਟੂ ਸ਼ਿਆਮ ਸੇਵਾ ਸੰਮਤੀ ਸੁਨਾਮ ਵੱਲੋਂ ਕਰਵਾਏ ਜਾ ਰਹੇ ਵਿਸ਼ਾਲ ਜਾਗਰਣ ਨੂੰ ਲੈਕੇ ਸ਼ੁੱਕਰਵਾਰ ਨੂੰ ਸ਼ਹਿਰ ਅੰਦਰ ਝੰਡਾ ਯਾਤਰਾ ਦਾ ਆਯੋਜਿਨ ਕੀਤਾ ਗਿਆ। ਝੰਡਾ ਯਾਤਰਾ ਵਿੱਚ ਸ਼ਰਧਾਲੂਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਵਾਈ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਮਾਤਾ ਪਰਮੇਸ਼ਵਰੀ ਦੇਵੀ, ਫਿਲਮ ਅਦਾਕਾਰ ਰੌਸ਼ਨ ਪ੍ਰਿੰਸ, ਅਕਾਲੀ ਦਲ ਦੇ ਆਗੂ ਵਿਨਰਜੀਤ ਸਿੰਘ ਗੋਲਡੀ, ਨਗਰ ਕੌਂਸਲ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ‘ਆਪ’ ਆਗੂ ਰਾਜਨ ਸਿੰਗਲਾ, ਅਤੇ ਬ੍ਰਾਹਮਣ ਸਭਾ ਦੇ ਆਗੂ ਪ੍ਰਦੀਪ ਮੈਨਨ ਸਮੇਤ ਹੋਰ ਪਤਵੰਤਿਆਂ ਨੇ ਸ਼ਮੂਲੀਅਤ ਕੀਤੀ। ਸਥਾਨਕ ਗੀਤਾ ਭਵਨ ਮੰਦਿਰ ਤੋਂ ਆਰੰਭ ਹੋਈ ਝੰਡਾ ਯਾਤਰਾ ਬੱਸ ਸਟੈਂਡ, ਪੁਰਾਣੀ ਅਨਾਜ ਮੰਡੀ, ਨਵਾਂ ਬਾਜ਼ਾਰ, ਸਿਨੇਮਾ ਰੋਡ ਆਦਿ ਥਾਵਾਂ ਤੋਂ ਲੰਘੀ ਜਿੱਥੇ ਸ਼ਰਧਾਲੂਆਂ ਲਈ ਲੰਗਰ ਦੇ ਪ੍ਰਬੰਧ ਕੀਤੇ ਗਏ। ਇਸ ਦੌਰਾਨ ਸੈਂਕੜੇ ਸ਼ਰਧਾਲੂਆਂ ਨੇ ਬਾਲਾਜੀ ਮਹਾਰਾਜ ਅਤੇ ਖਾਟੂ ਸ਼ਿਆਮ ਮਹਾਰਾਜ ਦੇ ਝੰਡੇ ਫੜੇ ਹੋਏ ਸਨ। ਝੰਡਾ ਯਾਤਰਾ ਵਿੱਚ ਸੁੰਦਰ ਭਜਨ ਪੇਸ਼ ਕੀਤੇ ਗਏ ਅਤੇ ਥਾਂ-ਥਾਂ ’ਤੇ ਲੋਕਾਂ ਨੇ ਸਵਾਗਤ ਕੀਤਾ। ਇਸ ਮੌਕੇ ਸ਼ਾਮਿਲ ਹੋਏ ਮਹਿਮਾਨਾਂ ਨੇ ਕਿਹਾ ਕਿ ਇਸ ਵਿਸ਼ਾਲ ਸਮਾਗਮ ਦਾ ਮਕਸਦ ਸ਼ਰਧਾ ਤੋਂ ਇਲਾਵਾ ਆਪਸੀ ਭਾਈਚਾਰਕ ਏਕਤਾ ਨੂੰ ਮਜ਼ਬੂਤ ਕਰਨਾ ਹੈ। ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਅਜਿਹੇ ਧਾਰਮਿਕ ਸਮਾਗਮ ਸਮੇਂ ਦੀ ਲੋੜ ਹੈ। ਇਸ ਮੌਕੇ ਕਮੇਟੀ ਮੈਂਬਰ ਗੌਰਵ ਜਨਾਲੀਆ, ਸਾਹਿਲ ਬਬਲੂ, ਰਜਨੀਸ਼ ਕੁਮਾਰ ਰਿੰਕੂ ਨੇ ਦੱਸਿਆ ਕਿ 28 ਸਤੰਬਰ ਨੂੰ ਸੁਨਾਮ ਦੀ ਨਵੀਂ ਅਨਾਜ ਮੰਡੀ ਵਿੱਚ ਵਿਸ਼ਾਲ ਜਾਗਰਣ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਝੰਡਾ ਯਾਤਰਾ ਦਾ ਆਯੋਜਿਨ ਕੀਤਾ ਗਿਆ ਹੈ।