ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਸੂਬੇ ਅੰਦਰ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤ ਚੋਣਾਂ ਤੋਂ ਦੂਰ ਰਹਿਣ ਦਾ ਐਲਾਨ ਕੀਤਾ ਹੈ। ਜਥੇਬੰਦੀ ਦਾ ਤਰਕ ਹੈ ਕਿ ਚੋਣ ਸਿਸਟਮ ਭਾਈਚਾਰਕ ਸਾਂਝ ਲਈ ਖਤਰਾ ਬਣਦਾ ਜਾ ਰਿਹਾ ਹੈ। ਪੰਚਾਇਤੀ ਵੋਟਾਂ ਨੂੰ ਲੈਕੇ ਸੂਬੇ ਅੰਦਰ ਨਿੱਤ ਦਿਨ ਖੂਨ ਖ਼ਰਾਬਾ ਹੋਣ ਦੀਆਂ ਘਟਨਾਵਾਂ ਮੀਡੀਆ ਵਿੱਚ ਆ ਰਹੀਆਂ ਹਨ। ਬੁੱਧਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਿੰਡ ਉਗਰਾਹਾਂ ਵਿਖੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੂਬਾਈ ਸੀਨੀਅਰ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸੂਬੇ ਅੰਦਰ ਹੋ ਰਹੀਆਂ ਪੰਚਾਇਤ ਚੋਣਾਂ ਵਿੱਚ ਹਿੱਸਾ ਨਹੀਂ ਲਵੇਗੀ, ਜਥੇਬੰਦੀ ਨੇ ਵੋਟਾਂ ਪਾਉਣ ਤੋਂ ਵੀ ਗੁਰੇਜ਼ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵੋਟ ਪ੍ਰਣਾਲੀ ਭਾਈਚਾਰਕ ਸਾਂਝ ਲਈ ਖ਼ਤਰਾ ਬਣਦਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਸਮੂਹ ਕਿਰਤੀਆਂ ਅਤੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਆਪਸੀ ਭਾਈਚਾਰੇ ਲਈ ਖਤਰਾ ਬਣਦੀਆਂ ਜਾ ਰਹੀਆਂ ਚੋਣਾਂ ਤੋਂ ਦੂਰੀ ਬਣਾਕੇ ਰੱਖਣ। ਪੰਚਾਇਤੀ ਚੋਣਾਂ ਆਪਸੀ ਭਾਈਚਾਰੇ ਚ , ਪਾੜਾ ਪਾਉਂਦੀਆਂ ਹਨ, ਚੋਣਾਂ ਸਮੇਂ ਸ਼ਰੇਆਮ ਧੱਕਾ ਕੀਤਾ ਜਾਂਦਾ ਹੈ , ਨਸ਼ਿਆਂ ਦੀ ਵਰਤੋਂ ਸ਼ਰੇਆਮ ਕੀਤੀ ਜਾਂਦੀ ਹੈ। ਪੰਚਾਇਤੀ ਚੋਣਾਂ ਦੇ ਚੱਲ ਰਹੇ ਅਮਲ ਦੌਰਾਨ ਪੰਜਾਬ ਅੰਦਰ ਬਹੁਤ ਸਾਰੀਆਂ ਥਾਵਾਂ ਤੇ ਗੋਲੀ ਚੱਲਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਅਜਿਹੇ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪੰਚਾਇਤ ਚੋਣਾਂ ਤੋਂ ਦੂਰੀ ਬਣਾਕੇ ਰੱਖਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਜਥੇਬੰਦੀ ਦੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਚਾਇਤ ਚੋਣਾਂ ਵਿੱਚ ਕੋਈ ਸਰਗਰਮੀ ਨਾ ਕਰਨ, ਜੇਕਰ ਕੋਈ ਵੋਟਾਂ ਵਿੱਚ ਹਿੱਸਾ ਲਵੇਗਾ ਤਾਂ ਉਸਦੇ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਆਗੂ ਬਹਾਲ ਸਿੰਘ ਢੀਡਸਾ, ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ,ਮੂਨਕ ਪ੍ਰਧਾਨ ਸੁਖਦੇਵ ਸਿੰਘ ਕੁੜੈਲ , ਦਿੜ੍ਹਬਾ ਬਲਾਕ ਦੇ ਪ੍ਰਧਾਨ ਭਰਪੂਰ ਸਿੰਘ, ਲਹਿਰਾ ਬਲਾਕ ਦੇ ਪ੍ਰਧਾਨ ਬਹਾਦਰ ਸਿੰਘ ਭੁਟਾਲ ਖੁਰਦ, ਭਵਾਨੀਗੜ੍ਹ ਤੋਂ ਮਨਜੀਤ ਸਿੰਘ ਘਰਾਚੋਂ ਸਮੇਤ ਵੱਡੀ ਗਿਣਤੀ ਵਿੱਚ ਆਗੂ ਤੇ ਵਰਕਰ ਹਾਜ਼ਰ ਸਨ।