ਮੰਡੀ ਗੋਬਿੰਦਗੜ੍ਹ : ਪਿੰਡ ਕੋਟਲਾ ਡਡਹੇੜੀ ਦੇ ਹਰਦੀਪ ਸਿੰਘ ਪੁੱਤਰ ਜਸਵੀਰ ਸਿੰਘ ਦੇ ਕਤਲ ਕੇਸ ਵਿੱਚ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਉਸ ਪਾਸੋਂ ਕਤਲ ਲਈ ਵਰਤੇ ਹਥਿਆਰ ਵੀ ਬਰਾਮਦ ਕਰ ਲਏ ਗਏ ਹਨ। ਇਹ ਜਾਣਕਾਰੀ ਦਿੰਦਿਆਂ ਸ੍ਰੀ ਗੁਰਦੀਪ ਸਿੰਘ, ਪੀ.ਪੀ.ਐੱਸ., ਉੱਪ ਕਪਤਾਨ ਪੁਲਿਸ, ਸਰਕਲ ਅਮਲੋਹ, ਨੇ ਦੱਸਿਆ ਕਿ ਮਿਤੀ 29.09.2024 ਨੂੰ ਇੱਕ ਇਤਲਾਹ ਮਿਲੀ ਸੀ ਕਿ ਪਿੰਡ ਕੋਟਲਾ ਡਡਹੇੜੀ ਦੇ ਮੈਦਾਨ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਪਿੰਡ ਦੇ ਹੀ ਹਰਦੀਪ ਸਿੰਘ ਪੁੱਤਰ ਜਸਵੀਰ ਸਿੰਘ ਉਮਰ 32 ਸਾਲ ਦਾ ਕਤਲ ਕਰ ਦਿੱਤਾ ਗਿਆ ਹੈ। ਜਸਵੀਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਕੋਟਲਾ ਡਡਹੇੜੀ ਦੇ ਬਿਆਨ 'ਤੇ ਮੁਕੱਦਮਾ ਨੰਬਰ 186 ਮਿਤੀ 29.09.2024 ਅ/ਧ 103(1) ਬੀ ਐਨ ਐਸ, ਥਾਣਾ ਗੋਬਿੰਦਗੜ੍ਹ ਦਰਜ ਕਰ ਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।
ਕੇਸ ਦਰਜ ਕਰਨ ਉਪਰੰਤ ਡਾ. ਰਵਜੋਤ ਗਰੇਵਾਲ ਆਈ.ਪੀ.ਐੱਸ. ਸੀਨੀਅਰ ਕਪਤਾਨ ਪੁਲਿਸ, ਅਤੇ ਸ੍ਰੀ ਰਾਕੇਸ਼ ਯਾਦਵ ਪੀ.ਪੀ.ਐੱਸ. ਕਪਤਾਨ ਪੁਲਿਸ (ਇੰਨ:) ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇੰਸ: ਅਰਸਦੀਪ ਸ਼ਰਮਾ ਮੁੱਖ ਅਫਸਰ, ਥਾਣਾ ਗੋਬਿੰਦਗੜ੍ਹ ਅਤੇ ਸੀ.ਅਈ.ਏ ਸਟਾਫ ਸਰਹਿੰਦ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ।
ਮ੍ਰਿਤਕ ਹਰਦੀਪ ਸਿੰਘ ਦੇ ਫੋਨ ਦੀਆਂ ਕਾਲ ਡਿਟੇਲਾਂ, ਸੀ ਸੀ ਟੀ ਵੀ ਕੈਮਰਿਆਂ ਨੂੰ ਵਾਚਣ ਸਮੇਤ ਵੱਖੋ ਵੱਖ ਪੱਖਾਂ ਤੋਂ ਤਫਤੀਸ਼ ਕਰ ਕੇ ਮੁਲਜ਼ਮ ਜਗਤ ਰਾਮ ਵਾਸੀ ਮਕਾਨ ਨੰਬਰ 333, ਵਾਰਡ ਨੰਬਰ 01, ਨੇੜੇ ਈ ਐੱਸ ਆਈ ਹਸਪਤਾਲ, ਸੁਰਜੀਤ ਨਗਰ, ਮੰਡੀ ਗੋਬਿੰਦਗੜ੍ਹ ਨੂੰ ਟਰੇਸ ਕੀਤਾ ਗਿਆ ਤੇ ਕੇਸ ਵਿੱਚ ਨਾਮਜ਼ਦ ਕੀਤਾ ਗਿਆ।
ਤਫਤੀਸ਼ ਕਰਨ 'ਤੇ ਵਜ੍ਹਾ ਰੰਜਿਸ਼ ਪਾਈ ਗਈ ਕਿ ਜਗਤ ਰਾਮ ਦੀ ਮ੍ਰਿਤਕ ਦੀ ਭਰਜਾਈ 'ਤੇ ਗਲਤ ਨਜ਼ਰ ਸੀ। ਹਰਦੀਪ ਸਿੰਘ ਦੇ ਮਨ੍ਹਾ ਕਰਨ ਤੇ ਉਸ ਨੂੰ ਘਰ ਵਿੱਚ ਆਉਣ ਤੋਂ ਰੋਕਣ 'ਤੇ ਉਸ ਨੇ ਖੁੰਦਕ ਵਿੱਚ ਹਰਦੀਪ ਸਿੰਘ ਦਾ ਕਤਲ ਕਰ ਦਿੱਤਾ। ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਵੱਖ -2 ਥਾਂ ਰੇਡ ਕੀਤੀ ਗਈ ਅਤੇ ਮੁੱਖ ਅਫਸਰ, ਥਾਣਾ ਗੋਬਿੰਦਗੜ੍ਹ ਅਤੇ ਸੀ.ਆਈ.ਏ ਸਰਹਿੰਦ ਦੀ ਟੀਮ ਵੱਲੋ ਗ੍ਰਿਫਤਾਰ ਕਰ ਕੇ ਮੁਲਜ਼ਮ ਤੋਂ ਵਾਰਦਾਤ ਵਿੱਚ ਵਰਤੇ ਹਥਿਆਰਾਂ ਨੂੰ ਬ੍ਰਾਮਦ ਕਰਵਾਏ ਗਏ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।