ਸੁਨਾਮ : ਅਗਰਵਾਲ ਸਭਾ ਸੁਨਾਮ ਵੱਲੋਂ ਪ੍ਰਧਾਨ ਹਕੂਮਤ ਰਾਏ ਜਿੰਦਲ ਦੀ ਅਗਵਾਈ ਹੇਠ ਮਹਾਰਾਜਾ ਅਗਰਸੈਨ ਜੀ ਦੀ 5148ਵੀਂ ਜੈਅੰਤੀ ਸ਼ਿਵ ਨਿਕੇਤਨ ਧਰਮਸ਼ਾਲਾ ਸੁਨਾਮ ਵਿਖੇ ਮਨਾਈ ਗਈ। ਪ੍ਰੋਗਰਾਮ ਦੀ ਸ਼ੁਰੂਆਤ ਜਯੋਤੀ ਪ੍ਰਚੰਡ ਉਪਰੰਤ ਆਰਤੀ ਕਰਕੇ ਕੀਤੀ ਗਈ। ਇਸ ਅਗਰੋਹਾ ਵਿਕਾਸ ਟਰੱਸਟ ਦੇ ਰਾਸ਼ਟਰੀ ਪ੍ਰਧਾਨ ਬਜਰੰਗ ਦਾਸ, ਕੈਬਨਿਟ ਮੰਤਰੀ ਅਮਨ ਅਰੋੜਾ, ਬਰਿੰਦਰ ਗੋਇਲ ਨੇ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਬਰਿੰਦਰ ਗੋਇਲ ਨੇ ਕਿਹਾ ਕਿ ਯੁੱਗ ਪਰਵਰਤਿਕ ਮਹਾਰਾਜਾ ਅਗਰਸੈਨ ਜੀ ਦੀਆਂ ਸਿੱਖਿਆਵਾਂ ਅਜੋਕੇ ਸਮੇਂ ਵੀ ਉਨ੍ਹੀਆਂ ਹੀ ਪ੍ਰਸੰਗਿਕ ਹਨ ਜਿੰਨੀਆਂ ਹਜ਼ਾਰਾਂ ਸਾਲ ਪਹਿਲਾਂ ਸਨ। ਉਨ੍ਹਾਂ ਕਿਹਾ ਕਿ ਅਗਰਵਾਲ ਸਮਾਜ ਜਿੱਥੇ ਸਮਾਜ ਸੇਵਾ ਦੇ ਖੇਤਰ ਵਿੱਚ ਲੋੜਵੰਦਾਂ ਦੀ ਮੱਦਦ ਕਰਦਾ ਆ ਰਿਹਾ ਹੈ ਉੱਥੇ ਆਰਥਿਕ ਪੱਖੋਂ ਟੈਕਸਾਂ ਦੇ ਰੂਪ ਵਿੱਚ ਸਰਕਾਰ ਦੇ ਖਜ਼ਾਨੇ ਵਿੱਚ ਵੱਡਾ ਯੋਗਦਾਨ ਪਾਉਂਦਾ ਹੈ। ਅਗਰੋਹਾ ਵਿਕਾਸ ਟਰੱਸਟ ਦੇ ਰਾਸ਼ਟਰੀ ਪ੍ਰਧਾਨ ਬਜਰੰਗ ਦਾਸ ਨੇ ਕਿਹਾ ਕਿ ਅਗਰਵਾਲ ਸਮਾਜ ਨੇ ਸਮਾਜਿਕ ਕੁਰੀਤੀਆਂ ਖ਼ਤਮ ਕਰਨ ਲਈ ਯਤਨ ਕੀਤੇ ਹਨ। ਉਨ੍ਹਾਂ ਸਮਾਜ ਨੂੰ ਮਹਾਰਾਜਾ ਅਗਰਸੈਨ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦਾ ਸੱਦਾ ਦਿੰਦਿਆਂ ਕਿਹਾ ਕਿ ਆਪਣੇ ਪੁਰਖਿਆਂ ਵੱਲੋਂ ਦਿੱਤੇ ਬਰਾਬਰਤਾ ਦੇ ਸੰਦੇਸ਼ ਨੂੰ ਅਮਲੀ ਤੌਰ ਤੇ ਲਾਗੂ ਕਰਕੇ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕਰੀਏ। ਉਨ੍ਹਾਂ ਕਿਹਾ ਕਿ ਜਿਹੜਾ ਵਿਅਕਤੀ ਅਗਰੋਹਾ ਧਾਮ ਵਿਖੇ ਬੱਚਿਆਂ ਦੀ ਸ਼ਾਦੀ ਕਰਨਾ ਚਾਹੁੰਦਾ ਹੈ ਉਹਨਾਂ ਦੇ ਖਾਣ ਪੀਣ ਰਹਿਣ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਲੜਕੀ ਦੀ ਸ਼ਾਦੀ ਤੇ ਲੋੜੀਂਦਾ ਖਰਚ ਕੀਤਾ ਜਾਂਦਾ ਹੈ। ਉਨ੍ਹਾਂ ਅਗਰਵਾਲ ਸਮਾਜ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਅਗਰਵਾਲ ਸਭਾ ਸੁਨਾਮ ਦੇ ਜੈਅੰਤੀ ਚੇਅਰਮੈਨ ਅਗਰ ਰਤਨ ਵੇਦ ਪ੍ਰਕਾਸ਼ ਹੋਡਲਾ ਅਤੇ ਸਭਾ ਦੇ ਪ੍ਰਧਾਨ ਹਕੂਮਤ ਜਿੰਦਲ ਅਤੇ ਟੀਮ ਦੀ ਤਾਰੀਫ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ਾਮ ਲਾਲ ਸਿੰਗਲਾ , ਚੇਅਰਮੈਨ ਮਨਪ੍ਰੀਤ ਬਾਂਸਲ, ਜਨਰਲ ਸਕੱਤਰ ਕ੍ਰਿਸ਼ਨ ਗੋਇਲ ਸੰਦੋਹਾ, ਸੀਨੀਅਰ ਵਾਈਸ ਪ੍ਰਧਾਨ ਯਸ਼ਪਾਲ ਮੰਗਲਾ, ਅਗਰਵਾਲ ਸਭਾ ਯੂਥ ਵਿੰਗ ਦੇ ਪ੍ਰਧਾਨ ਯੋਗੇਸ਼ ਗਰਗ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਰਵੀ ਕਮਲ ਗੋਇਲ, ਰੇਵਾ ਛਾਹੜੀਆ , ਰਾਜੀਵ ਕੁਮਾਰ ਬਿੰਦਲ, ਹਿਤੇਸ਼ ਵੀਰ ਗੁਪਤਾ ਪੀਸੀਐਸ, ਕੌਂਸਲਰ ਆਸ਼ਾ ਬਜਾਜ, ਸਕੱਤਰ ਧੀਰਜ ਗੋਇਲ, ਮੰਜੂ ਗਰਗ ਆਦਿ ਹਾਜ਼ਰ ਸਨ।