Wednesday, April 16, 2025

Malwa

ਗੋਲ਼ੀ ਚੱਲਣ ਨਾਲ ਬਠਿੰਡਾ ਜ਼ਿਲ੍ਹੇ ਅੰਦਰ ਹੌਲਦਾਰ ਸੁਖਪਾਲ ਸਿੰਘ ਦੀ ਹੋਈ ਮੌਤ; ਜਾਂਚ ਸ਼ੁਰੂ 

October 07, 2024 08:06 PM
SehajTimes
ਰਾਮਪੁਰਾ ਫੂਲ : ਥਾਨਾ ਸਦਰ ਰਾਮਪੁਰਾ ਵਿਖੇ ਹੈੱਡ ਕਾਂਸਟੇਬਲ ਵਜੋਂ ਤਾਇਨਾਤ ਸੁਖਪਾਲ ਸਿੰਘ ਮੰਡੀ ਕਲਾਂ ਦੀ ਥਾਨੇ ਅੰਦਰ ਹੀ ਅਚਾਨਕ ਗੋਲੀ ਚੱਲਣ ਨਾਲ ਮੌਤ ਹੋ ਜਾਣ ਦਾ ਦਰਦਨਾਕ ਸਮਾਚਾਰ ਮਿਲਿਆ ਹੈ। ਦੂਜੇ ਪਾਸੇ ਪੁਲਸ ਪ੍ਰਸ਼ਾਸਨ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਪ ਕਪਤਾਨ ਪੁਲਸ ਫੂਲ ਪ੍ਰਦੀਪ ਸਿੰਘ ਨੇ ਦੱਸਿਆ ਕਿ ਅੱਜ ਥਾਨਾ ਸਦਰ ਵਿਖੇ ਇੱਕ ਦੁਖਦਾਈ ਘਟਨਾ ਦੌਰਾਨ ਸੁਖਪਾਲ ਸਿੰਘ ਦੀ ਮੌਤ ਹੋ ਗਈ ਹੈ। ਉਹਨਾਂ ਅੱਗੇ ਦੱਸਿਆ ਕਿ ਸੁਖਪਾਲ ਸਿੰਘ ਥਾਨੇ ਚੋਂ ਆਪਣੀ ਡਿਊਟੀ ਤੇ ਜਾ ਰਿਹਾ ਸੀ ਕਿ ਜਾਣ ਸਮੇਂ ਜਦੋਂ ਉਹ ਸੰਤਰੀ ਦੀ ਕੁਰਸੀ ਤੇ ਬੈਠਣ ਲੱਗਿਆ ਤਾਂ ਅਚਾਨਕ ਉਸ ਦੀ ਆਪਣੀ ਹੀ ਅਸਾਲਟ ਦੀ ਗੋਲੀ ਚੱਲ ਗਈ ਜ਼ੋ ਉਸਦੀ ਛਾਤੀ 'ਚ ਲੱਗੀ। ਜਿਸ ਕਾਰਨ ਉਸਦੀ ਮੌਤ ਹੋ ਗਈ।ਇਹ ਵੀ ਦੱਸਿਆ ਕਿ ਮੁਲਾਜ਼ਮਾਂ ਨੇ ਉਸਨੂੰ ਤੁਰੰਤ ਸਥਾਨਕ ਸਿਵਲ ਹਸਪਤਾਲ ਲਿਆਂਦਾ ਪ੍ਰੰਤੂ ਉਹ ਬਚ ਨਾ ਸਕਿਆ। ਡੀਐਸਪੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਥਾਨਾ ਸਦਰ ਦੇ ਮੁਖੀ ਜੋਗਿੰਦਰ ਸਿੰਘ ਨੇ ਵੀ ਸੁਖਪਾਲ ਸਿੰਘ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਉਹਨਾਂ ਵੀ ਇਸ ਦੁਰਘਟਨਾ ਸਬੰਧੀ ਇਸੇ ਭਾਂਤ ਦੀ ਗੱਲ ਕਹੀ ਹੈ। ਦੂਜੇ ਪਾਸੇ ਪਤਾ ਲੱਗਿਆ ਹੈ ਕਿ ਸੁਖਪਾਲ ਸਿੰਘ ਥਾਨੇ ਅੰਦਰ ਮਾਲ ਮੁਨਸ਼ੀ ਵਜੋਂ ਤਾਇਨਾਤ ਸੀ ਅਤੇ ਨੇੜਲੇ ਪਿੰਡ ਮੰਡੀ ਕਲਾਂ ਦਾ ਵਸਨੀਕ ਸੀ। ਮਿਰਤਕ ਆਪਣੇ ਪਿੱਛੇ ਪਤਨੀ ਅਤੇ ਜਵਾਨ ਪੁੱਤ ਛੱਡ ਗਿਆ ਹੈ ਉਸਦੀ ਬੇਟੀ ਵਿਵਾਹਿਤ ਹੈ। ਖੁਦ ਸੁਖਪਾਲ ਸਿੰਘ ਸਾਊ ਤਬੀਅਤ ਦਾ ਮਾਲਕ ਦੱਸਿਆ ਜਾ ਰਿਹਾ ਹੈ।

Have something to say? Post your comment