ਸਮਾਣਾ : ਅੱਜ ਸਮਾਣਾ ਵਿਖੇ ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਕਾਂਗਰਸੀ ਵਰਕਰਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕੀਤਾ ਜਿਸ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ ਵੀ ਸ਼ਾਮਿਲ ਹੋਈਆਂ। ਬੇਸ਼ੱਕ ਇਹ ਮੀਟਿੰਗ ਹਰਿਆਣਾ ਅਤੇ ਜੰਮੂ ਕਸ਼ਮੀਰ ਵਿੱਚ ਕਾਂਗਰਸ ਦੀ ਸੰਭਾਵੀ ਜਿੱਤ ਦਾ ਜਸ਼ਨ ਮਨਾਉਣ ਅਤੇ ਮਹਿਲਾ ਕਾਂਗਰਸ ਦੀ ਭਰਤੀ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਰੱਖੀ ਗਈ ਸੀ ਪਰ ਹਰਿਆਣਾ ਦੇ ਨਤੀਜਿਆਂ ਦੋ ਨਿਰਾਸ਼ ਹੋਏ ਕਾਂਗਰਸੀ ਵਰਕਰਾਂ ਦੇ ਮੂੰਹ ਤੇ ਗੁੱਸਾ ਅਤੇ ਉਦਾਸੀ ਸਾਫ ਨਜ਼ਰ ਆ ਰਹੀ ਸੀ। ਜੰਮੂ ਕਸ਼ਮੀਰ ਵਿੱਚ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਦੀ ਸ਼ਾਨਦਾਰ ਜਿੱਤ ਲਈ ਜਿੱਥੇ ਜਲੇਬੀਆਂ ਵੰਡੀਆਂ ਗਈਆਂ ਓਥੇ ਕੀ ਗੁਰਸ਼ਰਨ ਕੌਰ ਰੰਧਾਵਾ ਨੇ ਵੋਟਿੰਗ ਵਿੱਚ ਈਵੀਐਮ ਦੀ ਵਰਤੋਂ ਉੱਤੇ ਬੈਨ ਲਗਾਉਣ ਦੀ ਮੰਗ ਕੀਤੀ।
ਰੰਧਾਵਾ ਨੇ ਕਿਹਾ ਕਿ ਅੱਜ ਚੋਣ ਨਤੀਜਿਆਂ ਦੌਰਾਨ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਜਾਣ ਬੁੱਝ ਕੇ ਧੀਮੀ ਕੀਤੀ ਗਈ ਸੀ ਜਿਸ ਤੋਂ ਪੜ੍ਹੇ ਲਿਖੇ ਲੋਕਾਂ ਦੇ ਦਿਲਾਂ ਵਿੱਚ ਸ਼ੰਕੇ ਪੈਦਾ ਹੋਏ ਹਨ। ਉਹਨਾਂ ਕਿਹਾ ਕਿ ਬੱਚਾ ਬੱਚਾ ਹਰਿਆਣੇ ਵਿੱਚ ਕਾਂਗਰਸ ਦੀ ਜਿੱਤ ਦੀ ਗੱਲ ਕਰ ਰਿਹਾ ਸੀ ਪਰ ਅਚਾਨਕ 11 ਵਜੇ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਧੀਮੀ ਹੁੰਦੀ ਹੈ ਜਿਸ ਤੋਂ ਬਾਅਦ ਨਤੀਜਿਆਂ ਵਿੱਚ ਵੱਡਾ ਉਲਟ ਫੇਰ ਹੋਇਆ। ਉਹਨਾਂ ਦੇਸ਼ ਦੀਆਂ ਸਮੁੱਚੀਆਂ ਪਾਰਟੀਆਂ ਨੂੰ ਈਵੀਐਮ ਵਿਰੁੱਧ ਇਕੱਠੇ ਹੋਣ ਦਾ ਸੱਦਾ ਦਿੱਤਾ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਪੰਜਾਬ ਮਹਿਲਾ ਕਾਂਗਰਸ ਵੱਲੋਂ ਮੈਂਬਰਸ਼ਿਪ ਡਰਾਈਵ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਵਿੱਚ ਮਹਿਲਾਵਾਂ ਨੂੰ ਭਰਤੀ ਕਰਨ ਲਈ ਆਨਲਾਈਨ ਐਪ ਬਣਾਈ ਗਈ ਹੈ। ਇਸ ਮੈਂਬਰਸ਼ਿਪ ਲਈ ਪ੍ਰਤੀ ਮਹਿਲਾ 100 ਰੁਪਿਆ ਫੀਸ ਵੀ ਰੱਖੀ ਗਈ ਹੈ ਜੋ ਆਲ ਇੰਡੀਆ ਕਾਂਗਰਸ ਕਮੇਟੀ ਦੇ ਖਾਤੇ ਵਿੱਚ ਜਮਾਂ ਹੋਏਗੀ। ਉਨਾਂ ਕਿਹਾ ਕਿ ਇਹ ਮੈਂਬਰਸ਼ਿਪ ਸਿਰਫ ਤੇ ਸਿਰਫ ਆਨਲਾਈਨ ਹੀ ਹੋਵੇਗੀ ਜਿਸ ਦੀ ਸਮੂਹ ਫੀਸ ਸਿੱਧਾ ਆਲ ਇੰਡੀਆ ਕਾਂਗਰਸ ਕਮੇਟੀ ਦੇ ਖਾਤੇ ਵਿੱਚ ਜਾਵੇਗੀ। ਬੀਬੀ ਰੰਧਾਵਾ ਨੇ ਕਿਹਾ ਕਿ ਇਹ ਮੈਂਬਰਸ਼ਿਪ ਪਿਛਲੇ ਹਫਤੇ ਸ਼ੁਰੂ ਕੀਤੀ ਗਈ ਸੀ ਅਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਮਹਿਲਾਵਾਂ ਪਹਿਲਾ ਕਾਂਗਰਸ ਨਾਲ ਜੁੜ ਰਹੀਆਂ ਹਨ। ਇਸ ਮੌਕੇ ਕਈ ਮਹਿਲਾਵਾਂ ਨੇ ਮੈਂਬਰਸ਼ਿਪ ਪ੍ਰਾਪਤ ਕੀਤੀ ਅਤੇ ਕਾਂਗਰਸ ਪਾਰਟੀ ਨੂੰ ਮਜਬੂਤ ਕਰਨ ਲਈ ਸਮਾਜ ਸੇਵਾ ਵਿੱਚ ਜੁੜਨ ਦਾ ਪ੍ਰਣ ਕੀਤਾ।
ਕਾਂਗਰਸੀ ਆਗੂ ਅਤੇ ਐਮਸੀ ਟਿੰਕਾ ਗਾਜੇਵਾਸੀਆ ਨੇ ਕਿਹਾ ਕਿ ਸਮਾਣਾ ਵਿੱਚ ਕਾਂਗਰਸ ਦੀ ਮਜਬੂਤੀ ਲਈ ਗੁਰਸ਼ਰਨ ਕੌਰ ਰੰਧਾਵਾ ਸਖਤ ਮਿਹਨਤ ਕਰ ਰਹੇ ਹਨ ਜਿਸ ਦੀ ਬਦੌਲਤ ਲੋਕਾਂ ਵਿੱਚ ਕਾਂਗਰਸ ਨਾਲ ਜੁੜਨ ਲਈ ਭਾਰੀ ਉਤਸਾਹ ਹੈ।
ਅੱਜ ਦੀ ਇਸ ਮੀਟਿੰਗ ਵਿੱਚ ਨਵੀਨ ਸਿੰਗਲਾ, ਨਸੀਬ ਚੰਦ, ਅਮਰਜੀਤ ਕੌਰ,ਅੰਜੂ ਸਿੰਗਲਾ , ਸੁਸ਼ਮਾ ਜੀ, ਅਰੁਣ ਲਤਾ, ਮਨਦੀਪ ਕੌਰ, ਸੁਰਿੰਦਰ ਕੌਰ, ਲਵਲੀ ਸੰਦਰ, ਗੁਰਪ੍ਰੀਤ ਵੈਦਵਾਨ ਪੀਏ, ਪ੍ਰਭਜੋਤ ਭਿੰਡਰ, ਬਘੇਲ ਸਿੰਘ ਨੰਬਰਦਾਰ ਬੰਮਣਾ, ਜਗਜੀਤ ਦਰਦੀ ਆਦਿ ਵੀ ਹਾਜ਼ਰ ਸਨ।