ਮਾਲੇਰਕੋਟਲਾ : ਖੇਤਰ ਵਿੱਚ ਸੰਗਠਿਤ ਅਪਰਾਧ ਦੇ ਖਿਲਾਫ ਸਫਲਤਾ ਪ੍ਰਾਪਤ ਕਰਦੇ ਹੋਏ ਮਾਲੇਰਕੋਟਲਾ ਪੁਲਿਸ ਨੇ ਥਾਣਾ ਸ਼ਹਿਰੀ -1 ਮਾਲੇਰਕੋਟਲਾ ਅਧੀਨ ਪੈਂਦੇ ਇਲਾਕੇ ਤੋਂ ਲੁੱਟ-ਖੋਹ ਕਰਨ ਵਾਲੇ 02 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।ਸੀਨੀਅਰ ਕਪਤਾਨ ਪੁਲਿਸ, ਮਾਲੇਰਕੋਟਲਾ ਸ.ਗਗਨ ਅਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਪ੍ਰਸਾਸ਼ਨ ਵਲੋਂ ਜ਼ਿਲ੍ਹੇ ਦੀ ਅਵਾਮ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚੌਕਸੀ ਵਿੱਚ ਵਾਧਾ ਕੀਤਾ ਗਿਆ ਹੈ ਤਾਂ ਜੋ ਉਹ ਸੁਰੱਖਿਅਤ ਅਤੇ ਮੈਫੂਜ਼ ਮਹਿਸੂਸ ਕਰ ਸਕਣ । ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਪ੍ਰਸਾਸ਼ਨ ਵਲੋਂ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿਸ਼ੇਸ ਮੁਹਿੰਮ ਉਲੀਕੀ ਗਈ ਹੈ । ਉਹਨਾਂ ਦੱਸਿਆ ਕਿ ਦਰਖਾਸਤੀ ਉਸਮਾਨ ਅਲੀ ਵਾਸੀ ਕਮਲ ਸਿਨਮਾ ਰੋਡ ਮਾਲੇਰਕੋਟਲਾ ਦੀ ਸ਼ਿਕਾਇਤ ਤੇ ਤੁਰੰਤ ਕਾਰਵਾਈ ਕਰਦਿਆਂ ਇੰਸਪੈਕਟਰ ਸੁਰਿੰਦਰ ਕੁਮਾਰ ਭੱਲਾ ਦੀ ਅਗਵਾਈ ਵਾਲੀ ਟੀਮ ਨੇ ਡੀ.ਐਸ.ਪੀ ਮਾਲੇਰਕੋਟਲਾ ਕੁਲਦੀਪ ਸਿੰਘ ਦੀ ਨਿਗਰਾਨੀ ਹੇਠ ਯੂਸਫ਼ ਉਰਫ ਕਾਲੀਆ ਵਾਸੀ ਮੁਹੱਲਾ ਜੱਟਪੁਰਾ ਮਾਲੇਰਕੋਟਲਾ, ਆਸ਼ੂ ਵਰਮਾ ਉਰਫ ਵਾਲੀਆ ਵਾਸੀ ਸੁਨਿਆਰਾ ਵਾਲਾ ਇੰਨ ਸਾਇਡ ਮਾਲੇਰਕੋਟਲਾ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੇ ਕਬਜ਼ੇ ’ਚੋਂ ਖੋਹ ਕੀਤੇ 03 ਮੋਬਾਇਲ ਅਤੇ ਵਾਰਦਾਤ ਸਮੇਂ ਵਰਤਿਆ ਇੱਕ ਹੋਂਡਾ ਟਵਿੱਸਟਰ (PB10-DU-8352) ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।ਲੁੱਟ ਕਰਨ ਵਾਲੇ 2 ਮੁਲਜ਼ਮਾਂ ਨੂੰ ਕੇਵਲ ਕੁਝ ਘੰਟਿਆਂ ਵਿੱਚ ਹੀ ਕਾਬੂ ਕਰ ਲਿਆ ਗਿਆ। ਇਸ ਤਰ੍ਹਾਂ ਦੀ ਕਾਰਵਾਈ ਨਾਲ ਮਾਲੇਰਕੋਟਲਾ ਪੁਲਿਸ ਦੀ ਫ਼ੁਰਤੀ ਅਤੇ ਸੁਰੱਖਿਆ ਪ੍ਰਤੀ ਵਚਨਬੱਧਤਾ ਸਾਬਤ ਹੁੰਦੀ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹਨਾਂ ਮੁਲਜ਼ਮਾਂ ਤੇ ਪਹਿਲਾਂ ਵੀ ਐੱਨ ਡੀ ਪੀ ਐੱਸ ਐਕਟ ਅਤੇ ਇਰਾਦਾ ਕਤਲ ਦੇ ਅਪਰਾਧਿਕ ਮਾਮਲੇ ਦਰਜ ਹਨ। ਦੋਸ਼ੀਆਂ ਖਿਲਾਫ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਲੈ ਕੇ ਮਾਮਲੇ ਦੀ ਹੋਰ ਪੁੱਛ-ਗਿੱਛ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਅਗਲੇ ਅਤੇ ਪਿਛਲੇ ਸਬੰਧਾਂ ਦੀ ਜਾਂਚ ਕੀਤੀ ਜਾਵੇਗੀ।ਐਸ.ਐਸ.ਪੀ ਮਾਲੇਰਕੋਟਲਾ ਨੇ ਚੇਤਾਵਨੀ ਦਿੱਤੀ ਕਿ ਅਪਰਾਧਿਕ ਗਤੀਵਿਧੀਆਂ ਰਾਹੀਂ ਜਿਲ੍ਹੇ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੁਹਿੰਮ ਨਾਲ ਲੋਕਾਂ ਦੇ ਮਨ ਵਿੱਚ ਵਿਸ਼ਵਾਸ ਵਧੇਗਾ ਕਿ ਪੁਲਿਸ ਹਮੇਸ਼ਾ ਜ਼ਰੂਰਤ ਪੇਸ਼ ਆਉਣ ’ਤੇ ਤੇਜ਼ੀ ਨਾਲ ਕਾਰਵਾਈ ਕਰਦੀ ਹੈ ਅਤੇ ਕਾਨੂੰਨ ਦੀ ਪਾਲਣਾ ਯਕੀਨੀ ਬਣਾਉਂਦੀ ਹੈ।