ਪ੍ਰਜ਼ਾਈਡਿੰਗ ਅਫ਼ਸਰ ਦੀ ਸ਼ਿਕਾਇਤ 'ਤੇ ਮਾਮਲਾ ਦਰਜ, ਗ੍ਰਿਫ਼ਤਾਰੀ ਬਾਕੀ
ਸੁਨਾਮ : ਬਿਜਲਈ ਮਸ਼ੀਨਾਂ ਦੀ ਜਗ੍ਹਾ ਬੈਲਟ ਪੇਪਰ ਦੀ ਵਰਤੋਂ ਨਾਲ ਕਰਵਾਈਆਂ ਗਈਆਂ ਪੰਚਾਇਤੀ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਦੌਰਾਨ ਇੱਕ ਅਜੀਬ ਤੇ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਇੱਕ ਵੋਟ ਨਾਲ ਹਾਰ ਵੇਖਕੇ ਉਮੀਦਵਾਰ ਦੇ ਪੋਲਿੰਗ ਏਜੰਟ ਨੇ ਜੇਤੂ ਉਮੀਦਵਾਰ ਦੀਆਂ ਤਿੰਨ ਵੋਟਾਂ (ਬੈਲਟ ਪੇਪਰ) ਚੱਬਕੇ ਨਿਗਲ ਲਈਆਂ। ਅਜਿਹੀ ਕਾਰਵਾਈ ਦੇਖਕੇ ਪ੍ਰੀਜ਼ਾਈਡਿੰਗ ਅਫ਼ਸਰ ਅਤੇ ਹੋਰ ਸਟਾਫ਼ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਤੁਰੰਤ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ । ਪੂਰੇ ਮਾਮਲੇ ਵਿੱਚ ਚੋਣ ਨਤੀਜਾ ਜੇਤੂ ਉਮੀਦਵਾਰ ਦੇ ਹੱਕ ਵਿੱਚ ਐਲਾਨ ਦਿੱਤਾ ਗਿਆ। ਅਜੇ ਤੱਕ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ।
- ਸੁਨਾਮ ਬਲਾਕ ਦੇ ਪਿੰਡ ਤੋਲਾਵਾਲ ਦੇ ਸਰਕਾਰੀ ਸਕੂਲ 'ਚ ਬੂਥ ਨੰਬਰ 77 'ਤੇ ਵੋਟਾਂ ਦੀ ਗਿਣਤੀ ਹੋ ਰਹੀ ਸੀ। ਗੁਰਮੀਤ ਕੌਰ ਅਤੇ ਜੋਗਿੰਦਰ ਕੌਰ ਵਿਚਕਾਰ ਪੰਚ ਲਈ ਸਖ਼ਤ ਮੁਕਾਬਲਾ ਹੋਇਆ। ਗੁਰਮੀਤ ਕੌਰ ਨੂੰ 135 ਅਤੇ ਜੋਗਿੰਦਰ ਕੌਰ ਨੂੰ 134 ਵੋਟਾਂ ਮਿਲੀਆਂ। ਤਿੰਨ ਵਾਰ ਗਿਣਤੀ ਕੀਤੀ ਗਈ ਅਤੇ ਨਤੀਜਾ ਇੱਕੋ ਜਿਹਾ ਰਿਹਾ। ਇਸ ਦੌਰਾਨ ਜੋਗਿੰਦਰ ਕੌਰ ਦੇ ਪੋਲਿੰਗ ਏਜੰਟ ਮਹਿੰਦਰ ਸਿੰਘ ਨੇ ਤੇਜ਼ੀ ਨਾਲ ਗੁਰਮੀਤ ਕੌਰ ਦੀਆਂ ਤਿੰਨ ਵੋਟਾਂ (ਬੈਲਟ ਪੇਪਰ) ਚੁੱਕਕੇ ਮੂੰਹ ਵਿੱਚ ਪਾਕੇ ਚਬਾ ਲਿਆ। ਪ੍ਰੀਜ਼ਾਈਡਿੰਗ ਅਫ਼ਸਰ ਨੇ ਤੁਰੰਤ ਪੁਲੀਸ ਨੂੰ ਸ਼ਿਕਾਇਤ ਕੀਤੀ ਅਤੇ ਗੁਰਮੀਤ ਕੌਰ ਨੂੰ ਜੇਤੂ ਕਰਾਰ ਦੇ ਦਿੱਤਾ। ਪੁਲੀਸ ਨੇ ਧਾਰਾ 136 ਤਹਿਤ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਪੁਲੀਸ ਅਧਿਕਾਰੀ ਗੁਰਬਚਨ ਸਿੰਘ ਨੇ ਦੱਸਿਆ ਕਿ ਫਿਲਹਾਲ ਮਹਿੰਦਰ ਸਿੰਘ ਦੀ ਗ੍ਰਿਫ਼ਤਾਰੀ ਨਹੀਂ ਹੋਈ । ਤਿੰਨ ਵੋਟਾਂ (ਬੈਲਟ ਪੇਪਰ) ਖਾਣ ਦਾ ਮਾਮਲਾ ਦਰਜ਼ ਕੀਤਾ ਗਿਆ ਹੈ।