ਬਰਨਾਲਾ : ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋਂ ਕੋਰੋਨਾ ਮਹਾਂਮਾਰੀ ਸ਼ੁਰੂ ਹੋਣ ਤੋਂ ਘਰਾਂ ਵਿੱਚ ਇਕਾਂਤਵਾਸ ਕੋਰੋਨਾ ਮਰੀਜਾਂ ਲਈ ਲਗਭਗ ਇੱਕ ਲੱਖ ਕੋਰੋਨਾ ਫਤਿਹ ਕਿੱਟਾਂ ਸਿਹਤ ਕਰਮਚਾਰੀਆਂ ਦੁਆਰਾ ਘਰਾਂ ਵਿੱਚ ਉਪਲੱਬਧ ਕਰਵਾਈਆਂ ਜਾ ਚੁੱਕੀਆਂ ਹਨ। ਇਨਾਂ ਫਤਿਹ ਕਿੱਟਾਂ ਵਿੱਚ ਮਰੀਜ ਦੇ ਘਰ ਵਿੱਚ ਇਲਾਜ ਲਈ ਦਵਾਈਆਂ ਪਲਸ ਆਕਸੀਮੀਟਰ ਡਿਜੀਟਲ ਥਰਮਾਮੀਟਰ, ਮਾਸਕ ਸਟੀਮਰ ਅਤੇ ਜਾਗਰੂਕਤਾ ਸਮੱਗਰੀ ਉਪਲੱਬਧ ਕਰਵਾਈ ਗਈ ਹੈ। ਸਿਹਤ ਮੰਤਰੀ ਪੰਜਾਬ, ਬਲਵੀਰ ਸਿੰਘ ਸਿੱਧੂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕੋਰੋਨਾ ਤੋਂ ਤੰਦਰੁਸਤ ਹੋ ਚੁੱਕੇ ਵਿਅਕਤੀ ਫਤਿਹ ਕਿੱਟ ਵਿੱਚ ਪ੍ਰਾਪਤ ਪਲਸ ਆਕਸੀਮੀਟਰ ਨੇੜੇ ਦੇ ਸਿਹਤ ਕੇਂਦਰ ਵਿੱਚ ਸਿਹਤ ਕਰਮਚਾਰੀਆਂ ਕੋਲ ਜਮਾਂ ਕਰਵਾ ਦੇਣ। ਕੋਰੋਨਾ ਦੇ ਕੇਸਾਂ ਵਿੱਚ ਹੋ ਰਹੇ ਵਾਧੇ ਕਾਰਨ ਨਵੇਂ ਪਲਸ ਆਕਸੀਮੀਟਰਾਂ ਦੀ ਉਪਲਬੱਧਤਾ ਵਿੱਚ ਭਾਰੀ ਕਮੀ ਆਈ ਹੈ। ਇਸ ਕਾਰਨ ਸਰਕਾਰ ਨੂੰ ਕੋਰੋਨਾ ਮਰੀਜਾਂ ਦੇ ਇਲਾਜ ਲਈ ਇਨਾਂ ਦੀ ਖਰੀਦ ਕਰਨ ਚ ਮੁਸ਼ਕਲ ਆ ਰਹੀ ਹੈ। ਸਿਵਲ ਸਰਜਨ ਬਰਨਾਲਾ, ਡਾ. ਹਰਿੰਦਰਜੀਤ ਸਿੰਘ ਵੱਲੋਂ ਵੀ ਜ਼ਿਲਾ ਬਰਨਾਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜਿਨਾਂ ਵਿਅਕਤੀਆਂ ਨੂੰ ਘਰਾਂ ਚ ਇਕਾਂਤਵਾਸ ਸਮੇਂ ਕੋਰੋਨਾ ਫਤਿਹ ਕਿੱਟ ਇਲਾਜ ਸਮੇਂ ਸਿਹਤ ਕਰਮਚਾਰੀਆਂ ਵੱਲੋਂ ਉਪਲੱਬਧ ਕਰਵਾਈ ਗਈ ਸੀ, ਉਹ ਤੰਦਰੁਸਤ ਹੋ ਚੁੱਕੇ ਵਿਅਕਤੀ ਪਲਸ ਆਕਸੀਮੀਟਰ ਨੇੜੇ ਦੇ ਸਿਹਤ ਕੇਂਦਰ ਵਿੱਚ ਜਮਾਂ ਕਰਵਾਏ ਜਾਣ ਤਾਂ ਜੋ ਇਹ ਆਕਸੀਮੀਟਰ ਸੈਨੀਟਾਈਜ਼ ਕਰਵਾ ਕੇ ਹੋਰ ਮਰੀਜਾਂ ਦੇ ਇਲਾਜ ਚ ਮੱਦਦ ਕਰ ਸਕੀਏ। ਇਸ ਤਰਾਂ ਕੋਰੋਨਾ ਤੋਂ ਆਪ ਤੰਦਰੁਸਤ ਹੋ ਚੁੱਕੇ ਵਿਅਕਤੀ ਕੋਰੋਨਾ ਪੀੜਤ ਵਿਅਕਤੀ ਦੇ ਇਲਾਜ ਵਿੱਚ ਯੋਗਦਾਨ ਪਾ ਸਕਦੇ ਹਨ।