ਬਿਸ਼ਨਪੁਰਾ ਵਿਖੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਉਦਘਾਟਨ ਕਰਦੇ ਹੋਏ।
ਸੁਨਾਮ : ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸ਼ੁੱਕਰਵਾਰ ਨੂੰ ਵਿਧਾਨ ਸਭਾ ਹਲਕਾ ਸੁਨਾਮ ਦੇ ਤਿੰਨ ਪਿੰਡਾਂ ਵਿੱਚ 4.21 ਕਰੋੜ ਰੁਪਏ ਦੀ ਲਾਗਤ ਵਾਲੇ ਨਵੇਂ ਜਲ ਸਪਲਾਈ ਪ੍ਰੋਜੈਕਟ ਪਿੰਡ ਵਾਸੀਆਂ ਨੂੰ ਸਮਰਪਿਤ ਕੀਤੇ। ਇਸ ਮੌਕੇ ਬੋਲਦਿਆਂ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਪੀਣ ਲਈ ਸ਼ੁੱਧ ਪਾਣੀ ਮੁੱਹਈਆ ਕਰਵਾਉਣ ਲਈ ਯਤਨ ਲਗਾਤਾਰ ਜਾਰੀ ਹਨ। ਉਨ੍ਹਾਂ ਦੱਸਿਆ ਕਿ ਸੂਬੇ ਦੇ 144 ਪਿੰਡਾਂ ਵਿੱਚ ਨਵੀਆਂ ਜਲ ਸਪਲਾਈ ਸਕੀਮਾਂ ਦੇ ਨਿਰਮਾਣ ਲਈ ਸੂਬਾ ਸਰਕਾਰ ਕੋਲੋਂ 160 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮਿਸ਼ਨ ਤਹਿਤ ਪਿਛਲੇ ਇੱਕ ਸਾਲ ਅੰਦਰ ਜ਼ਿਲ੍ਹਾ ਸੰਗਰੂਰ ਦੇ 37 ਪਿੰਡਾਂ ਵਿੱਚ ਜਲ ਸਪਲਾਈ ਸਕੀਮਾਂ ਦੇ ਕਾਰਜਾਂ ਲਈ 25.61 ਕਰੋੜ ਰੁਪਏ ਪ੍ਰਵਾਨ ਕੀਤੇ ਜਾ ਚੁੱਕੇ ਹਨ। ਜ਼ਿਲ੍ਹਾ ਸੰਗਰੂਰ ਦੇ 24 ਪਿੰਡਾਂ ਵਿੱਚ ਜਲ ਸਪਲਾਈ ਸਕੀਮਾਂ ਦੀ ਉਸਾਰੀ ਕਰਨ ਲਈ 28.32 ਕਰੋੜ ਰੁਪਏ ਦੇ ਪ੍ਰੋਜੈਕਟ ਪ੍ਰਵਾਨਗੀ ਅਧੀਨ ਹਨ। ਕੈਬਨਿਟ ਮੰਤਰੀ ਨੇ ਬਿਸ਼ਨਪੁਰਾ ਅਕਾਲਗੜ੍ਹ, ਤੋਲਾਵਾਲ ਅਤੇ ਢੱਡਰੀਆਂ ਵਿਖੇ 4.21 ਕਰੋੜ ਰੁਪਏ ਨਾਲ ਤਿਆਰ ਜਲ ਸਪਲਾਈ ਸਕੀਮਾਂ ਦਾ ਉਦਘਾਟਨ ਕਰਦਿਆਂ ਦੱਸਿਆ ਕਿ ਇਨ੍ਹਾਂ ਸਕੀਮਾਂ ਉੱਤੇ ਪਾਣੀ ਦੀਆਂ ਟੈਂਕੀਆਂ, ਟਿਊਬਵੈੱਲ 29 ਕਿਲੋਮੀਟਰ ਨਵੀਂ ਪਾਈਪ ਲਾਈਨ ਅਤੇ ਸੋਲਰ ਸਿਸਟਮ ਲਗਾਇਆ ਗਿਆ ਹੈ।