ਸਰਕਾਰ ਤੁਰੰਤ ਕਾਰਵਾਈ ਕਰਕੇ ਲੋਕਾਂ ਨੂੰ ਰਾਹਤ ਦੇਣ ਦਾ ਕਰੇ ਪ੍ਰਬੰਧ : ਰਾਜੇਸ਼ ਢੀਂਗਰਾ, ਜਗਦੀਸ਼ ਚੰਦਰ ਬੱਤਾ
ਨਾਭਾ : ਪੰਜਾਬ ਨੂੰ ਖੇਤੀ ਪ੍ਰਧਾਨ ਸੂਬੇ ਵਜੋਂ ਜਾਣਿਆ ਜਾਂਦਾ ਹੈ ਪਰ ਅੱਜ ਇੱਥੇ ਵੀ ਮਹਿੰਗਾਈ ਕਾਰਨ ਹਾਲਾਤ ਇੰਨੇ ਬਦਤਰ ਹੋ ਚੁੱਕੇ ਹਨ ਕਿ ਗਰੀਬ ਵਰਗ ਦੇ ਲਈ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ। ਹਰ ਖਾਣੇ ਦੀ ਜਰੂਰਤ ਆਲੂ,ਪਿਆਜ ਅਤੇ ਟਮਾਟਰ ਦੇ ਵਧਦੇ ਭਾਅ ਰੁਕਣ ਦਾ ਨਾਮ ਨਹੀਂ ਲੈ ਰਹੇ ਅਤੇ ਹਰੀਆਂ ਸਬਜ਼ੀਆਂ ਦੀ ਖਰੀਦ ਕਰਨਾ ਤਾਂ ਵਸੋਂ ਬਾਹਰ ਹੋ ਚੁੱਕਾ ਹੈ। ਭਾਅ ਅਸਮਾਨੀ ਚੜੇ ਹੋਣ ਕਰਕੇ ਥਾਲੀ ਵਿੱਚੋ ਸਬਜ਼ੀਆਂ ਗਾਇਬ ਹੁੰਦੀਆਂ ਜਾ ਰਹੀਆਂ ਹਨ ਇਹ ਜਾਣਕਾਰੀ ਦਿੰਦਿਆਂ ਸੰਵਾਦ ਗਰੁੱਪ ਦੇ ਸੰਚਾਲਕ ਰਾਜੇਸ਼ ਢੀਂਗਰਾ ਅਤੇ ਉੱਘੇ ਸਮਾਜ ਸੇਵੀ ਅਤੇ ਮਾਨਵ ਅਧਿਕਾਰ ਸੰਗਠਨ ਦੇ ਆਗੂ ਜਗਦੀਸ਼ ਚੰਦਰ ਬੱਤਾ ਨੇ ਕਿਹਾ ਕਿ ਸਰਕਾਰਾਂ ਦੀ ਨਲਾਇਕੀ ਅਤੇ ਬੇਧਿਆਨੀ ਕਰਕੇ ਆਮ ਜਨਤਾ ਦਾ ਕਚੂਮਰ ਨਿਕਲ ਚੁੱਕਾ ਹੈ ਅਤੇ ਜੇ ਹਾਲਤ ਇਹੋ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਲੋਕ ਸਿਰਫ ਲੂਣ ਨਾਲ ਰੋਟੀ ਖਾਣ ਲਈ ਮਜਬੂਰ ਹੋ ਜਾਣਗੇ ਉਨਾਂ ਕਿਹਾ ਕਿ ਸਰਦੀਆਂ ਦਾ ਤੋਹਫ਼ਾ ਲੱਸਣ - ਸਾਗ ਅਤੇ ਹੋਰ ਸਬਜ਼ੀਆਂ ਵਿੱਚ ਆਮ ਵਰਤਿਆ ਜਾਂਦਾ ਹੈ ਪਰ ਇਸ ਵਾਰ ਇਸਦੇ ਭਾਅ ਕਰਕੇ ਇਸ ਨੂੰ ਵਰਤਣਾ ਕਿਸੇ ਦੇ ਵੀ ਵਸ ਦੀ ਗੱਲ ਨਹੀਂ ਰਹੀ ਹੈ। ਦਾਲਾਂ ਦੇ ਭਾਅ ਪਹਿਲਾਂ ਹੀ ਸਿਖਰਾਂ ਤੇ ਹਨ ਤੇ ਹੁਣ ਸਬਜ਼ੀਆਂ ਦੀਆਂ ਕੀਮਤਾਂ ਨੇ ਲੋਕਾਂ ਦੀਆਂ ਚੀਕਾਂ ਕੱਢਵਾ ਦਿੱਤੀਆਂ ਹਨ ਵਧੇ ਭਾਅ ਕਾਰਨ ਸਬਜ਼ੀ ਮੰਡੀ ਵਿਚੋਂ ਲੋਕ ਖਾਲੀ ਥੈਲੇ ਲੈ ਵਾਪਿਸ ਆਉਂਦੇ ਆਮ ਵੇਖ਼ੇ ਜਾ ਸਕਦੇ ਹਨ। ਗਰੀਬ ਜਨਤਾ ਵਿੱਚ ਦਿਨੋਂ ਦਿਨ ਵਧਦੀ ਮਹਿੰਗਾਈ ਅਤੇ ਸਰਕਾਰਾਂ ਦੀ ਇਸ ਪ੍ਰਤੀ ਉਦਾਸੀਨਤਾ ਕਾਰਨ ਡੂੰਘੀ ਨਿਰਾਸ਼ਾ ਹੈ ਸਰਕਾਰ ਦੀ ਚੁੱਪੀ ਕਿਸੇ ਦੂਰ ਅੰਦੇਸ਼ੀ ਰਾਜਨੀਤਿਕ ਯੋਜਨਾ ਦਾ ਹਿੱਸਾ ਵੀ ਹੋ ਸਕਦੀ ਹੈ ਅਤੇ ਇਹ ਵੀ ਹੋ ਸਕਦਾ ਹੈ ਕੇ ਅਗਲੀਆਂ ਚੋਣਾਂ ਵਿੱਚ ਸਰਕਾਰ ਆਲੂ ਪਿਆਜ ਅਤੇ ਹੋਰ ਸਬਜ਼ੀਆਂ ਨੂੰ ਸਰਕਾਰੀ ਡੀਪੂਆਂ ਰਾਹੀਂ ਰਾਸ਼ਨ ਕਾਰਡ ਹੋਲਡਰਾਂ ਨੂੰ ਵੰਡਣ ਜਾਂ ਇਸ ਤੇ ਸਬਸਿਡੀ ਦੇਣ ਦੇ ਨਾਅਰੇ ਨਾਲ ਦੁਬਾਰਾ ਸੱਤਾ ਵਿੱਚ ਆਉਣ ਦੀ ਤਿਆਰੀ ਕਰ ਰਹੀ ਹੋਵੇ | ਇਸ ਤੋਂ ਇਲਾਵਾ ਸਬਜ਼ੀ ਮੰਡੀ ਵਿੱਚ ਪਾਰਕਿੰਗ ਦੇ ਨਾਮ ਤੇ ਜਜੀਆ ਟੈਕਸ ਮੁਕੱਰਰ ਕਰ ਰੱਖਿਆ ਹੈ। ਪਾਰਕਿੰਗ ਦੇ ਰੂਪ ਵਿਚ ਇਕੱਠਾ ਹੋਇਆ ਪੈਸਾ ਮੰਡੀ ਦੇ ਕਿਸੇ ਵੀ ਹਿੱਸੇ ਵਿੱਚ ਵਿਕਾਸ ਦੇ ਨਾਮ ਤੇ ਨਹੀਂ ਵਰਤਿਆ ਜਾਂਦਾ ਅਤੇ ਨਾਹੀਂ ਇਸਦਾ ਕੋਈ ਹਿਸਾਬ ਰੱਖਿਆ ਹੋਇਆ ਹੈ। ਸਬਜ਼ੀ ਮੰਡੀ ਵਿੱਚ ਸਫਾਈ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ । ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਤੋਂ ਬਚਾਉ ਦੇ ਪ੍ਰਬੰਧਾਂ ਦੀ ਕਮੀ ਜੱਗ ਜਾਹਿਰ ਹੈ | ਅਵਾਰਾ ਪਸ਼ੂਆਂ ਕਰਕੇ ਕਈ ਵਾਰ ਵਪਾਰੀ ਅਤੇ ਗਾਹਕ ਜ਼ਖਮੀ ਹੋ ਚੁੱਕੇ ਹਨ। ਸਬਜ਼ੀ ਮੰਡੀ ਨਾਭਾ ਦੀ ਮਾਰਕੀਟ ਕਮੇਟੀ ਵੱਲੋਂ ਮੰਡੀ ਦੇ ਸਰਕਾਰੀ ਕਰਮਚਾਰੀ ਯਸ਼ਪਾਲ ਗੋਇਲ ਨਾਲ ਗੱਲ ਕਰਨ ਤੇ ਉਨਾਂ ਦੱਸਿਆ ਕਿ ਉਨਾਂ ਦਾ ਕੰਮ ਸਿਰਫ ਮੰਡੀ ਵਿੱਚ ਆਮਦ ਨੂੰ ਹੀ ਦੇਖਣਾ ਹੈ ਭਾਅ ਤਾਂ ਵਪਾਰੀ ਤਹਿ ਕਰਦੇ ਹਨ। ਮਾਰਕੀਟ ਕਮੇਟੀ ਨਾਭਾ ਜਾਂ ਸਰਕਾਰ ਕੋਲ ਭਾਅ ਨੂੰ ਕਾਬੂ ਕਰਨ ਲਈ ਕੋਈ ਅਗਾਊਂ ਤਜ਼ਵੀਜ ਨਹੀਂ ਹਨ। ਇਸੇ ਦਾ ਸਹਾਰਾ ਲੈਕੇ ਮੰਡੀ ਦੇ ਵਪਾਰੀ ਮਨ ਮਰਜ਼ੀ ਦੇ ਭਾਅ ਤੇ ਖਰੀਦ ਕੇ ਮਨਮਰਜ਼ੀ ਨਾਲ ਭਾਅ ਤੇ ਵੇਚਦੇ ਹਨ। ਥੋਕ ਵਪਾਰੀਆਂ ਵੱਲੋਂ ਆਲੂ ਪਿਆਜ ਅਤੇ ਹੋਰ ਸਬਜ਼ੀਆਂ ਨੂੰ ਗੁਦਾਮਾਂ ਵਿਚ ਸਟੋਰ ਕਰਕੇ ਮਾਰਕੀਟ ਵਿਚ ਆਰਜੀ ਕਿੱਲਤ ਕਰਨ ਅਤੇ ਬਾਅਦ ਵਿੱਚ ਮਹਿੰਗੇ ਭਾਅ ਵੇਚਣ ਦਾ ਵੀ ਪਤਾ ਲੱਗਾ ਹੈ | ਪ੍ਰਸ਼ਾਸਨ ਨੂੰ ਇਸ ਪਾਸੇ ਵੀ ਤੁਰੰਤ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਆਮ ਜਨਤਾ ਨੂੰ ਮਹਿੰਗਾਈ ਤੋਂ ਕੁਝ ਰਾਹਤ ਮਿਲ ਸਕੇ |