ਬਜ਼ੁਰਗਾਂ ਨੂੰ ਸਰਵੇਖਣ ਵਿੱਚ ਸਹਿਯੋਗ ਦੇਣ ਦੀ ਅਪੀਲ
ਫ਼ਤਹਿਗੜ੍ਹ ਸਾਹਿਬ : ਬਜ਼ੁਰਗਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਅਤੇ ਉਹਨਾਂ ਦੀਆਂ ਹੋਰਨਾਂ ਮੁਸ਼ਕਲਾਂ ਦੇ ਹੱਲ ਲਈ ਪੰਜਾਬ ਸਰਕਾਰ ਵੱਲੋਂ ਸਮਾਜਕ ਸੁਰੱਖਿਆ ਵਿਭਾਗ ਰਾਹੀਂ "ਸਾਡੇ ਬਜ਼ੁਰਗ ਸਾਡਾ ਮਾਣ" ਸਿਹਤ ਸਰਵੇਖਣ ਕਰਵਾਇਆ ਜਾ ਰਿਹਾ ਹੈ, ਜਿਸ ਨੂੰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਤੇ ਬਾਲ ਵਿਕਾਸ ਤੇ ਪ੍ਰੋਜੈਕਟ ਅਫ਼ਸਰ ਸਮਾਂਬੱਧ ਢੰਗ ਨਾਲ ਪੂਰਾ ਕਰਨਾ ਯਕੀਨੀ ਬਣਾਉਣ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਸਰਵੇਖਣ ਵਿੱਚ ਸਹਿਯੋਗ ਦੇਣ ਲਈ ਜ਼ਿਲ੍ਹੇ ਦੇ ਬਜ਼ੁਰਗਾਂ ਨੂੰ ਅਪੀਲ ਕਰਨ ਮੌਕੇ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਰਵੇਖਣ ਦੌਰਾਨ ਜਿੱਥੇ ਬਜ਼ੁਰਗਾਂ ਦੀ ਸਿਹਤ ਸਬੰਧੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ, ਉੱਥੇ ਉਹਨਾਂ ਨੂੰ ਸਰਕਾਰੀ ਸਿਹਤ ਸੇਵਾਵਾਂ ਦੀ ਜਾਣਕਾਰੀ ਹੋਣ ਜਾਂ ਨਾ ਹੋਣ ਸਬੰਧੀ ਵੀ ਅੰਕੜੇ ਇਕੱਤਰ ਕੀਤੇ ਜਾ ਰਹੇ ਹਨ। ਉਹਨਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਸਰਵੇਖਣ ਸਬੰਧੀ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਬਜ਼ੁਰਗਾਂ ਨੂੰ ਹਰੇਕ ਮਹੀਨੇ 1500 ਰੁਪਏ ਪੈਨਸ਼ਨ ਦੇ ਰਹੀ ਹੈ ਤਾਂ ਕਿ ਪੈਸੇ ਦੀ ਲੋੜ ਵੇਲੇ ਉਹਨਾਂ ਨੂੰ ਕਿਸੇ ਦੇ ਹੱਥਾਂ ਵੱਲ ਨਾ ਦੇਖਣਾ ਪਵੇ। ਸਿਹਤ ਦੀ ਬਿਹਤਰੀ ਲਈ ਪਿੰਡਾਂ ਅਤੇ ਸ਼ਹਿਰਾਂ ਵਿੱਚ ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ, ਜਿੱਥੇ ਮੁਫ਼ਤ ਦਵਾਈਆਂ ਅਤੇ ਟੈਸਟ ਦੀ ਸੁਵਿਧਾ ਉਪਲਬਧ ਹੈ।
ਬਜ਼ੁਰਗਾਂ ਲਈ 'ਮੁੱਖ ਮੰਤਰੀ ਤੀਰਥ ਯਾਤਰਾ ਸਕੀਮ' ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਬਜ਼ੁਰਗਾਂ ਨੂੰ ਬੱਸਾਂ ਤੇ ਰੇਲਾਂ ਰਾਹੀਂ ਪੰਜਾਬ ਜਾਂ ਬਾਹਰਲੇ ਸੂਬਿਆਂ ਵਿੱਚ ਪ੍ਰਸਿੱਧ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ। ਇਸ ਯਾਤਰਾ ਦੌਰਾਨ ਰਹਿਣ-ਸਹਿਣ ਦਾ ਸਾਰਾ ਖ਼ਰਚਾ ਸਰਕਾਰ ਕਰਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਰਵੇਖਣ ਦੇ ਅਨੁਸਾਰ ਬਜ਼ੁਰਗਾਂ ਨੂੰ ਸਿਹਤ ਸਮੇਤ ਵੱਖੋ-ਵੱਖ ਸਹੂਲਤਾਂ ਦੇਣ ਲਈ ਵੱਡੇ ਪੱਧਰ ਉੱਤੇ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਵੀ ਹਾਜ਼ਰ ਸਨ।