Saturday, January 18, 2025
BREAKING NEWS

Articles

ਅਕਾਲੀ ਦਲ ਵਾਰਸ ਪੰਜਾਬ ਦੇ’ ਨਾਲ ਪੰਥਕ ਰਾਜਨੀਤੀ ਵਿਚ ਸ਼ੁਰੂ ਹੋਈ ਨਵੀਂ ਸਫ਼ਬੰਦੀ

January 16, 2025 04:56 PM
SehajTimes
ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਮਾਘੀ ਦੇ ਜੋੜ ਮੇਲੇ ਮੌਕੇ ਪੰਜਾਬ ਦੀ ਰਾਜਸੀ ਫ਼ਿਜ਼ਾ ਵਿਚ ਹੋਂਦ ਵਿਚ ਲਿਆਂਦੀ ਗਈ ਨਵੀਂ ਸੂਬਾਈ ਪਾਰਟੀ ’ਅਕਾਲੀ ਦਲ ਵਾਰਸ ਪੰਜਾਬ ਦੇ’ ਦੇ ਆਗਾਜ਼ ਨਾਲ ਪੰਥਕ ਰਾਜਨੀਤੀ ਵਿਚ ਸ਼ੁਰੂ ਹੋਈ ਨਵੀਂ ਸਫ਼ਬੰਦੀ ਨੇ ਸਭ ਦਾ ਧਿਆਨ ਆਪਣੇ ਵਲ ਖਿੱਚਿਆ ਹੈ। ਇਸ ਨਵੀਂ ਪਾਰਟੀ ਦੀ ਪਛਾਣ ਅਸਾਮ ਦੀ ਡਿਬਰੂਗੜ ਜੇਲ੍ਹ ਵਿਚ ਨਜ਼ਰਬੰਦ ’ਵਾਰਸ ਪੰਜਾਬ ਦੇ’ ਦੇ ਆਗੂ ਅਤੇ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੀ ਸ਼ਖ਼ਸੀਅਤ ਨਾਲ ਜੁੜੀ ਹੋਈ ਹੋਣ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਇਸ ਪਾਰਟੀ ਪ੍ਰਤੀ ਪੇਸ਼ ਕੀਤੀ ਗਈ ਦ੍ਰਿਸ਼ਟੀਕੋਣ ਨੇ ਉਨ੍ਹਾਂ ਦੀ ਬਦਲੀ ਰਾਜਸੀ ਪਹੁੰਚ ਦਾ ਜੋ ਪ੍ਰੀਚੈ ਦਿੱਤਾ ਉਸ ਨੇ ਉਨ੍ਹਾਂ ਪੰਥਕ ਰਾਜਸੀ ਧਿਰਾਂ ਨੂੰ ਜ਼ਰੂਰ ਹੈਰਾਨ ਕੀਤਾ ਹੈ। ਅਤੇ ਉਨ੍ਹਾਂ ਦੀਆਂ ਧਾਰਨਾਵਾਂ ਨੂੰ ਗ਼ਲਤ ਸਾਬਤ ਕੀਤਾ ਹੈ, ਜੋ ਗਰਮ-ਖ਼ਿਆਲੀ ਸੋਚਦੇ ਹਨ ਕਿ ਉਹ ਉਨ੍ਹਾਂ ਦੀ ਥਾਂ ਲੈ ਲਵੇਗਾ, ਅਤੇ ਨਰਮ ਖ਼ਿਆਲੀ ਅਕਾਲੀ ਦਲ ਬਾਦਲ ਦੀ ਇਹ ਧਾਰਨਾ ਕਿ ਉਹ ਉਨ੍ਹਾਂ ਦੀ ਥਾਂ ਨਹੀਂ ਲੈ ਸਕੇਗਾ। ਕਾਰਨ ਸੀ, ਅੰਮ੍ਰਿਤਪਾਲ ਸਿੰਘ ਦੀ ਪਹਿਲਾਂ ਵਾਲੀ ਸਿਆਸੀ ਪਹੁੰਚ, ਜਿੱਥੇ ਸ਼ੁਰੂਆਤ ਵਿਚ ਉਸ ਦੀ ਸ਼ਖ਼ਸੀਅਤ ਇਕ ਗਰਮ ਖ਼ਿਆਲੀ ਅਤੇ ਪੰਜਾਬ ਵਿਚ ਅਖੌਤੀ ਖਾਲਿਸਤਾਨੀ ਲਹਿਰ ਨੂੰ ਮੁੜ ਸੁਰਜੀਤ ਕਰਨ ਦੇ ਇੱਛੁਕ ਵਜੋਂ ਦੇਖਿਆ ਗਿਆ ਸੀ। ਇਹੀ ਕਾਰਨ ਹੈ ਕਿ ਮਾਘੀ ’ਤੇ ਅਕਾਲੀ ਦਲ ਮਾਨ ਅਤੇ ਸਹਿਯੋਗੀਆਂ ਨੇ ਖਾਲਿਸਤਾਨੀ ਪੱਖੀ ਧੂੰਆਂ ਧਾਰ ਪ੍ਰਚਾਰ ਕੀਤਾ ਅਤੇ ਸੁਖਬੀਰ ਸਿੰਘ ਬਾਦਲ ਨੇ ਤਾਂ ਆਪਣੀ ਸਿਆਸੀ ਸਾਖ ਬਰਕਰਾਰ ਰੱਖਣ ਲਈ ਨਵੀਂ ਧਿਰ ’ਤੇ ’’ਤੁਹਾਡੇ ਤੋਂ ਗੋਲੀਆਂ ਚਲਵਾਉਣਗੇ ਅਤੇ ਆਪ ਨਿਕਲ ਜਾਣਗੇ’’ ਆਦਿ ਭਵਿੱਖਬਾਣੀ ਤਕ ਕਰ ਦਿੱਤੀ, ਬੇਸ਼ੱਕ ਉਸ ਦਿਨ ਬਾਦਲ ਦਲ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਕਾਸ਼ ਸਿੰਘ ਬਾਦਲ ਦਾ ਮਨਸੂਖ਼ ਕੀਤਾ ਗਿਆ ’ਫ਼ਖਰ ਏ ਕੌਮ’ ਖ਼ਿਤਾਬ ਵਾਪਸ ਪਾਉਣ ਲਈ ਦੁਹਾਈ ਦੇਣ ਤੋਂ ਇਲਾਵਾ ਲੋਕਾਂ ਨੂੰ ਕੋਈ ਵੀ ਏਜੰਡਾ ਨਹੀਂ ਦੇ ਸਕਿਆ।
ਬੇਸ਼ੱਕ ਗਰਮ ਤੇ ਨਰਮ ਜਾਂ ਸ਼ਾਂਤਮਈ ਅਤੇ ਖਾੜਕੂਵਾਦ ਸਿੱਖ ਸੰਘਰਸ਼ ਦੇ ਦੋ ਅਹਿਮ ਪਹਿਲੂ ਹਨ। ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਨੇ ਸ਼ਾਂਤਮਈ ਰਹਿ ਕੇ ਸ਼ਹਾਦਤ ਦਿੱਤੀ ਤਾਂ ਗੁਰੂ ਹਰਿਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਾਸਤਰ ਦੇ ਨਾਲ ਸ਼ਸਤਰ ਨੂੰ ਵੀ ਅਪਣਾਇਆ ਅਤੇ ਅਹਿਮੀਅਤ ਦਿੱਤੀ। ਖਾੜਕੂਵਾਦ ਸਿੱਖ ਸੰਘਰਸ਼ ਦਾ ਅਨਿੱਖੜਵਾਂ ਹਿੱਸਾ ਹੈ ਅਤੇ ਰਹੇਗਾ ਪਰ ਅਜੋਕੇ ਰਾਜਨੀਤੀ ਵਿਚ ਸ਼ਾਂਤਮਈ ਅੰਦੋਲਨ ਦੀ ਵੀ ਇਕ ਆਪਣੀ ਅਹਿਮੀਅਤ ਹੈ। ਆਧੁਨਿਕ ਦੌਰ ’ਚ ਸਰਕਾਰਾਂ ਲਈ ਖਾੜਕੂਵਾਦ ਨੂੰ ’ਹਿੰਸਾ’ ਦੇ ਨਾਮ ’ਤੇ ਦਬਾ ਦਿੱਤਾ ਜਾਣਾ ਆਮ ਵਰਤਾਰਾ ਹੈ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਮਗਰੋਂ ਅੰਗਰੇਜ਼ਾਂ ਵੱਲੋਂ ਪੰਜਾਬ ’ਤੇ ਕਬਜ਼ਾ ਕਰ ਲੈਣ ਤੋਂ ਇਕ ਦਹਾਕੇ ਬਾਅਦ ਹੀ ਬਾਬਾ ਰਾਮ ਸਿੰਘ ਨਾਮਧਾਰੀ ਵੱਲੋਂ ਅੰਗਰੇਜ਼ਾਂ ਵਿਰੁੱਧ ਸਫਲਤਾ ਪੂਰਵਕ ਅੰਜਾਮ ਦਿੱਤੀ ਗਈ ਸੰਤ ਖ਼ਾਲਸਾ ’ਨਾ ਮਿਲਵਰਤਨ ਲਹਿਰ’ ਇਕ ਵਿਸ਼ਾਲ ਰੂਪ ਧਾਰਨ ਕਰਦਾ, ਪਰ ਗਊ ਹੱਤਿਆ ਨੂੰ ਲੈ ਕੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਬੁੱਚੜਖ਼ਾਨਿਆਂ ’ਤੇ ਕੀਤੇ ਗਏ ਹਿੰਸਕ ਹਮਲੇ ਅੰਗਰੇਜ਼ਾਂ ਲਈ ਉਕਤ ਲਹਿਰ ਨੂੰ ਕੁਚਲ ਦੇਣ ਦਾ ਸਬੱਬ ਬਣ ਗਿਆ। 80 ਦੇ ਦਹਾਕੇ ਪਿੱਛੋਂ ਪੰਜਾਬ ਦੀ ਨੌਜਵਾਨੀ ਦਾ ’ਹਿੰਸਾ’ ਦੇ ਨਾਮ ’ਤੇ ਜਿਵੇਂ ਘਾਣ ਕੀਤਾ ਗਿਆ, ਸਾਡੀਆਂ ਸਿਮ੍ਰਿਤੀਆਂ ਦਾ ਹਿੱਸਾ ਹਨ। ਮੌਜੂਦਾ ਵਰਤਾਰੇ ’ਤੇ ਪੰਛੀ ਝਾਤ ਮਾਰੀਏ ਤਾਂ ਸਾਨੂੰ ਨਜ਼ਰ ਆਉਂਦਾ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਸੰਦੀਪ ਸਿੰਘ ਦੀਪ ਸਿੱਧੂ ਦੀ ਮੌਤ ਉਪਰੰਤ ਦੁਬਈ ਤੋਂ ਪਰਤ ਕੇ’ ’ਵਾਰਸ ਪੰਜਾਬ ਦੇ’ ਦੀ ਅਗਵਾਈ ਕਰਦਿਆਂ ਖ਼ਾਲਸਾ ਵਹੀਰ ਰਾਹੀਂ ਨਸ਼ਿਆਂ ਦੇ ਵਿਰੁੱਧ ਅਤੇ ਅੰਮ੍ਰਿਤ ਸੰਚਾਰ ਰਾਹੀਂ ਸਿੱਖੀ ਦੇ ਪ੍ਰਚਾਰ ਤੋਂ ਅੱਗੇ ’ਖ਼ਾਲਸਾ ਰਾਜ’ ਦੇ ਸੰਕਲਪ ਵਲ ਹੀ ਸੇਧਿਤ ਹੋਇਆ, ਸਗੋਂ ਭਾਰਤੀ ਸੰਵਿਧਾਨ ਨੂੰ ਚੁਨੌਤੀ ਦਿੰਦਿਆਂ ਹਿੰਸਾ ਉਕਸਾਊ ’ਅਸੀਂ ਗ਼ੁਲਾਮ ਹਾਂ, ਤੇ ਗ਼ੁਲਾਮੀ ਦੀਆਂ ਜ਼ੰਜੀਰਾਂ ਤੋੜਨ, ਵੱਖਰੇ ਰਾਜ ਦੀ ਪ੍ਰਾਪਤੀ ਦਾ ਹੋਕਾ ਦਿੱਤਾ, ਇੱਥੋਂ ਤਕ ਕਿ ਬੇਅਦਬੀਆਂ ਦੇ ਦੋਸ਼ੀਆਂ ਨੂੰ ਸੋਧਾ ਲਾਉਣ ਦੀ ਵੀ ਵਕਾਲਤ ਕੀਤੀ। ਕੱਟੜਪੰਥੀ ਵਿਚਾਰਧਾਰਾ ਅਤੇ ਪ੍ਰਵਿਰਤੀ ਲਈ ’ਲਾਹੇਵੰਦ ਮਾਹੌਲ’ ਸਿਰਜਣ ਲਈ ਕਪੂਰਥਲਾ ਅਤੇ ਜਲੰਧਰ ਦੇ ਮਾਡਲ ਟਾਊਨ ਗੁਰਦਵਾਰੇ ਅੰਦਰੋਂ ਕੁਰਸੀਆਂ ਅਤੇ ਸੋਫ਼ੇ ਬਾਹਰ ਕੱਢ ਕੇ ਅਗਨ ਭੇਟ ਕਰਨ ਤੋਂ ਇਲਾਵਾ ਆਪਣੇ ਇਕ ਸਾਥੀ ਨੂੰ ਛਡਵਾਉਣ ਨੂੰ ਲੈ ਕੇ ਅਜਨਾਲਾ ਥਾਣੇ ’ਤੇ ਫਰਵਰੀ 2023 ਨੂੰ ਕੀਤੇ ਗਏ ਹਿੰਸਕ ਹਮਲੇ ਨਾਲ ਪੰਜਾਬ ਦੇ ਲੋਕਾਂ ਵਿਚ ਇਕ ਵਾਰ ਫਿਰ ਅਸ਼ਾਂਤੀ ਫੈਲਣ ਦਾ ਡਰ ਸਤਾਉਣ ਲਗਾ, ਜਿੱਥੇ ਪਹਿਲਾਂ ਹੀ ਗੈਂਗਸਟਰ ਕਲਚਰ ਅਤੇ ਨਾਰਕੋ ਅਤਿਵਾਦ ਪੈਰ ਪਸਾਰ ਰਿਹਾ ਹੈ। ਬੇਸ਼ੱਕ ਅੰਮ੍ਰਿਤਪਾਲ ਸਿੰਘ ਦੀ ਸ਼ਖ਼ਸੀਅਤ ਅਤੇ ਅਗਵਾਈ ’ਚ ਲੋਕ ਲਹਿਰ (ਮਾਸ ਮੂਵਮੈਂਟ) ਉਸਾਰਨ ਦੀ ਸਮਰੱਥਾ ਮੌਜੂਦ ਹੈ। ਪਰ ਇਸ ਸਚਾਈ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਅਜਨਾਲਾ ਦੀ ਹਿੰਸਾ ਨੇ ਉਸ ਦੇ ਖ਼ਾਲਸਾ ਵਹੀਰ ਨੂੰ ਖੜੋਤ ’ਚ ਲਿਆਉਣ ਦਾ ਕੰਮ ਕੀਤਾ ਅਤੇ ਉਹ 23 ਅਪ੍ਰੈਲ 2023 ਨੂੰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਜੱਦੀ ਪਿੰਡ ਰੋਡੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਦੋਂ ਤੋਂ ਹੀ ਐਨ ਐਸ ਏ ਤਹਿਤ ਅਸਾਮ ਦੀ ਡਿਬਰੂਗੜ ਜੇਲ੍ਹ ’ਚ ਨਜ਼ਰਬੰਦ ਹਨ। ਜਿੱਥੇ ਉਨ੍ਹਾਂ ਅਤੇ ਸਾਥੀਆਂ ਵੱਲੋਂ ਆਪਣੇ ਹੱਕ ਲਈ ਭੁੱਖ ਹੜਤਾਲਾਂ ਵੀ ਕੀਤੀਆਂ ਗਈਆਂ। ਇਸ ਦੌਰਾਨ ਉਸ ਵੱਲੋਂ ਲੋਕ ਸਭਾ ਦੀ ਚੋਣ ਵੱਡੀ ਲੀਡ ਨਾਲ ਜਿੱਤਣ ਤੋਂ ਬਾਅਦ ਉਸ ਦੀ ਸਿਆਸੀ ਦ੍ਰਿਸ਼ਟੀਕੋਣ ’ਚ ਵੱਡਾ ਬਦਲਾਅ ਅਤੇ ਪ੍ਰੋੜ੍ਹਤਾ ਦੀ ਝਲਕ ਦਿਖਾਈ ਦਿੱਤੀ।

ਅੰਮ੍ਰਿਤਪਾਲ ਸਿੰਘ ਦੀ ਧਿਰ ਵੱਲੋਂ ਸਿਆਸੀ ਪਾਰਟੀ ਬਣਾ ਕੇ ਭਾਰਤ ਦੀ ਰਾਜਸੀ ਮੁਖਧਾਰਾ ਦੇ ਫਰੇਮ ਵਿਚ ਆਉਣਾ ਸਵਾਗਤ ਯੋਗ ਹੈ। ਨਵੀਂ ਪਾਰਟੀ ਨੇ ਜ਼ਾਹਿਰਾ ਤੌਰ ’ਤੇ  ’ਰਾਜ ਕਰੇਗਾ ਖ਼ਾਲਸਾ’ ਦੇ ਸੰਕਲਪ ਤੋਂ ਦੂਰੀ ਭਾਵੇਂ ਕਿ ਨਹੀਂ ਬਣਾਈ ਪਰ ਕਿਸੇ ਵੱਖਵਾਦੀ ਵਿਚਾਰਧਾਰਾ ਨਾਲ ਆਪਣੇ ਆਪ ਨੂੰ ਜੋੜਨ ਤੋਂ ਗੁਰੇਜ਼ ਕੀਤਾ ਅਤੇ ਗਰਮਦਲੀਏ ਰਾਜਨੀਤੀ ਤੋਂ ਪਾਸਾ ਵੱਟ ਦਾ ਨਜ਼ਰ ਆਇਆ। ਉਨ੍ਹਾਂ ਨੇ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 29 ਏ ਤਹਿਤ ਭਾਰਤੀ ਸੰ‌ਵਿਧਾਨ, ਸਮਾਜਵਾਦ, ਧਰਮ ਨਿਰਪੱਖ ਅਤੇ ਲੋਕਤੰਤਰ ਦੇ ਪ੍ਰਤੀ ਨਿਸ਼ਚਾ ਤੇ ਵਫ਼ਾਦਾਰੀ ਦਾ ਦਮ ਭਰਦਿਆਂ ਭਾਰਤ ਦੀ ਪ੍ਰਭੁਸਤਾ, ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਨੂੰ ਸਵੀਕਾਰ ਕਰ ਲਿਆ ਗਿਆ।  ਨਵੀਂ ਪਾਰਟੀ ਪਿਛਲੇ ਕੁਝ ਸਾਲਾਂ ਤੋਂ ਬਾਦਲ ਪਰਿਵਾਰ ਦੀ ਅਗਵਾਈ ਵਾਲੀ ਅਕਾਲੀ ਦਲ ਬਾਦਲ ਦੇ ਵਰਤਮਾਨ ਸਮੇਂ ਪੰਜਾਬ ਦੇ ਲੋਕ ਮਨਾਂ ਤੋਂ ਲਹਿ ਜਾਣ ਤੋਂ ਬਾਅਦ ਪੈਦਾ ਹੋਈ ਖ਼ਲਾਅ ਨੂੰ ਭਰਨ ਲਈ ਬਦਲਵੀਂ ਜਥੇਬੰਦੀ, ਸੋਚ ਅਤੇ ਪੰਥ ਤੇ ਪੰਜਾਬ ਦੇ ਸਰੋਕਾਰਾਂ ਦੇ ਏਜੰਡੇ ਨੂੰ ਲਾਗੂ ਕਰਨ ਵਲ ਤਵੱਜੋ ਦੇ ਰਹੀ ਹੈ। ਉੱਥੇ ਹੀ  ਨੇ ਇਹ ਮਹਿਸੂਸ ਕਰਦਿਆਂ ਕਿ ਸਿੱਖੀ ਰਵਾਇਤਾਂ, ਸਿਧਾਂਤਾਂ ਅਤੇ ਆਪਣੇ ਪੰਥਕ ਟੀਚੇ ਤੋਂ ਭਟਕਣ ਕੇ ’ਰਾਜਸੀ ਹਵਸ’ ਅਧੀਨ ਸਿੱਖ ਕੌਮ ਨਾਲ ਧ੍ਰੋਹ ਕਮਾ ਰਹੀ ਮੌਜੂਦਾ ਅਕਾਲੀ ਲੀਡਰਸ਼ਿਪ ਦਾ ਮੁਕੰਮਲ ਬਾਈਕਾਟ ਦਾ ਸਦਾ ਦਿੱਤਾ ਅਤੇ ਕੌਮ ਦੀ ਹੋਂਦ ਹਸਤੀ ਤੇ ਨਿਆਰੇਪਣ ਲਈ ਧਾਰਮਿਕ ਅਤੇ ਰਾਜਸੀ ਮਤਭੇਦ ਭੁਲਾ ਕੇ ਸਮੂਹ ਪੰਥ ਦਰਦੀਆਂ ਨੂੰ ਪੰਥ ਦੀ ਚੜ੍ਹਦੀਕਲਾ ਲਈ ਸਾਂਝੇ ਯਤਨਾਂ ਦੀ ਆਰੰਭਤਾ ਲਈ ਜ਼ੋਰ ਦਿੱਤਾ ਹੈ।
ਅੰਮ੍ਰਿਤਪਾਲ ਸਿੰਘ ਅਤੇ ਫ਼ਰੀਦਕੋਟ ਦੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਵੱਲੋਂ ਲੋਕਤੰਤਰ ਪ੍ਰਣਾਲੀ ਦੀ ਅਹਿਮੀਅਤ ਨੂੰ ਸਮਝ ਲਿਆ ਗਿਆ ਹੈ ਕਿ ਕਿਸੇ ਨਾ ਕਿਸੇ ਪੱਧਰ ’ਤੇ ਅਜਿਹੀਆਂ ਸ਼ਕਤੀਆਂ ਨਾਲ ਤਾਲਮੇਲ ਬਿਠਾ ਕੇ ਹੀ ਆਪਣੀ ਸਿਆਸੀ ਜਗ੍ਹਾ ਬਣਾਉਣ ਵਿੱਚ ਕਾਮਯਾਬ ਹੋਇਆ ਜਾ ਸਕਦਾ ਹੈ। ਅੰਮ੍ਰਿਤਪਾਲ ਸਿੰਘ ਦੀ ਗੈਰ ਮੌਜੂਦਗੀ ਵਿਚ ਉਨ੍ਹਾਂ ਦੇ ਪਿਤਾ ਤਰਸੇਮ ਸਿੰਘ ਨੇ ਧੜੇ ਨੂੰ ਅਤੇ ਕਾਜ ਨੂੰ ਯੋਗ ਅਗਵਾਈ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਨਵੀਂ ਪਾਰਟੀ ਦੀ ਸੰਵਿਧਾਨ ਘੜਨੀ ਅਤੇ ਏਜੰਡਾ ਕਮੇਟੀ ’ਚ ਸ਼ਾਮਿਲ ਸ਼ਖ਼ਸੀਅਤਾਂ ਕਿਸੇ ਜਾਣ ਪਛਾਣ ਦੇ ਮੁਥਾਜ ਨਹੀਂ ਹਨ, ਉਨ੍ਹਾਂ ਦੀ ਪੰਥ ਹਿਤੈਸ਼ੀ ਅਤੇ ਸਿਆਸੀ ਸੂਝਬੂਝ ’ਤੇ ਸ਼ੱਕ ਨਹੀਂ ਕੀਤਾ ਜਾ ਸਕਦਾ, ਫੈਡਰੇਸ਼ਨ ਪਿਛੋਕੜ ਵਾਲਿਆਂ ਲਈ ਪੰਥਕ ਸਰੋਕਾਰਾਂ ਨਾਲ ਲਬਰੇਜ਼  ਆਪਣੀਆਂ ਅਕਾਂਖਿਆਵਾਂ ਦੀ ਪੂਰਤੀ ਕਰਨ ਦਾ ਇਹ ਚੰਗਾ ਮੌਕਾ ਹੈ। ਸਰਕਾਰੀ ਅਤੇ ਗੈਰ ਸਰਕਾਰੀ ਰੋਕਾਂ ਦੇ ਬਾਵਜੂਦ ਮਾਘੀ ਮੌਕੇ ਭਾਰੀ ਇਕੱਠ ਵਿਚ ਲੋਕਾਂ ਦਾ ਆਪ ਮੁਹਾਰੇ ਪਹੁੰਚਣਾ ਇਸ ਧਿਰ ਦੀ ਇਕ ਪ੍ਰਾਪਤੀ ਜ਼ਰੂਰ ਹੈ।
ਨਵੀਂ ਪਾਰਟੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਵਰਗਾ ਧਰਮ ਨਿਰਪੱਖ ਮਾਹੌਲ ਦੇਣ, ਧਰਮ ਦਾ ਪੱਲਾ ਨਾ ਛੱਡਦਿਆਂ ਅਕਾਲ ਤਖ਼ਤ ਦੇ ਮੀਰੀ-ਪੀਰੀ ਸਿਧਾਂਤ ਦੀ ਰਾਖੀ ਕਰਨ, ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਕਰਨ, ਨਸਲਾਂ ਤੇ ਫ਼ਸਲਾਂ ਬਚਾਉਣ ਲਈ ਕਿਸਾਨੀ ਸੰਘਰਸ਼ ਦੀ ਹਮਾਇਤ, ਅਨੰਦਪੁਰ ਸਾਹਿਬ ਮਤੇ ਦੀ ਅਹਿਮੀਅਤ, ਵਿੱਦਿਅਕ, ਰੁਜ਼ਗਾਰ ਅਤੇ ਪ੍ਰਸ਼ਾਸਨਿਕ ਢਾਂਚੇ ਵਿੱਚ ਗ਼ੈਰ-ਪੰਜਾਬੀ ਲੋਕਾਂ ਦੇ ਦਖ਼ਲ ਨੂੰ ਰੋਕਣ, ਨਸ਼ਾ ਅਤੇ ਪੰਜਾਬ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ, ਪੰਜਾਬ ਵਿੱਚ ਯੋਜਨਾਬੱਧ ਤਰੀਕੇ ਨਾਲ ਹੋ ਰਹੇ ਪਰਵਾਸ ’ਤੇ ਚਿੰਤਾ, ਪੰਜਾਬ ਦੇ ਕੁਦਰਤੀ ਸਰੋਤਾਂ ਨੂੰ ਬਚਾਉਣ, ਬੇਅਦਬੀਆਂ ਅਤੇ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਵਿਗਾੜਨ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਤੋਂ ਇਲਾਵਾ ਪੰਜਾਬ ਪੁਲੀਸ ਨੂੰ ਇਨਸਾਨੀ ਕਦਰਾਂ ਕੀਮਤਾਂ ’ਤੇ ਪਹਿਰਾ ਦੇਣ ਲਈ ਪੁਨਰਗਠਨ ਕਰਨ ਦੇ ਮੁੱਦਿਆਂ ਉੱਪਰ ਜ਼ੋਰ ਦਿੱਤਾ ਹੈ ।
ਅੰਮ੍ਰਿਤਪਾਲ ਸਿੰਘ ਅਤੇ ਸਮਰਥਕਾਂ ਲਈ ਇਹ ਸਮਾਂ ਸਿਆਸੀ ਸੂਝ-ਬੂਝ ਦੇ ਇਮਤਿਹਾਨ ਦਾ ਹੈ । ਉਨ੍ਹਾਂ ਦਾ ਸਿਆਸੀ ਪੈਂਤੜਾ ਪੰਜਾਬ ਨੂੰ ਨਵੀਂ ਦਿਸ਼ਾ ਦਿਖਾਉਣ ਵਿੱਚ ਸਹਾਈ ਹੋ ਸਕੇਗਾ ਜਾਂ ਇਸ ਨੂੰ ਕਿਸੇ ਗਹਿਰੀ ਖੱਡ ਵਿੱਚ ਲਿਜਾ ਸੁੱਟੇਗਾ, ਇਸ ਬਾਰੇ ਫ਼ੌਰੀ ਤੌਰ ’ਤੇ ਕੋਈ ਨਤੀਜਾ ਚਿਤਵਣਾ ਜਲਦਬਾਜ਼ੀ ਹੋਵੇਗੀ। ਪਰ ਇੱਕ ਗੱਲ ਜੋ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਉਹ ਇਹ ਕਿ ਅੰਮ੍ਰਿਤਪਾਲ ਸਿੰਘ ਦੇ ਰਾਜਸੀ ਵਿਰੋਧੀਆਂ ਅਤੇ ਨਫ਼ਰਤੀ ਤੇ ਈਰਖਾ ਬਾਜ਼ਾਂ ਦੀ ਗਿਣਤੀ ਵਿੱਚ ਵਾਧਾ ਜ਼ਰੂਰ ਹੋ ਜਾਵੇਗਾ। ਇਸ ਗੱਲ ਦਾ ਇਸ਼ਾਰਾ ਮੇਲਾ ਮਾਘੀ ਮੌਕੇ ਅਕਾਲੀ ਦਲ ਬਾਦਲ ਅਤੇ ਅਕਾਲੀ ਦਲ ਮਾਨ ਦੀ ਸਟੇਜ ਉੱਪਰ ਬੋਲਣ ਵਾਲੇ ਬੁਲਾਰਿਆਂ ਦੀ ਸੁਰ ਤੋਂ ਪਤਾ ਲੱਗ ਗਿਆ ਸੀ। ਭਵਿੱਖ ਵਿੱਚ ਇਹ ਵਿਰੋਧ ਹੋਰ ਗੂੜ੍ਹੀਆਂ ਸਾਜ਼ਿਸ਼ਾਂ ਅਤੇ ਘਟੀਆ ਹੱਥਕੰਡਿਆਂ ਤਕ ਪਹੁੰਚ ਜਾਵੇ ਤਾਂ ਅੱਤ ਕਥਨੀ ਨਹੀਂ ਹੋਵੇਗੀ। ਉਸ ਵਿੱਚ ਖਾਲਿਸਤਾਨੀ ਪਛਾਣ ਨਾਲ ਜੁੜੀਆਂ ਉਹ ਧਿਰਾਂ ਪ੍ਰਾਪੇਗੰਡੇ ਵਿੱਚ ਖ਼ਾਸ ਕਰਕੇ ਜੁਟਣਗੀਆਂ ਜਿਨ੍ਹਾਂ ਨੇ ਖਾਲਿਸਤਾਨੀ ਪਛਾਣ ਨੂੰ ਲੰਬੇ ਸਮੇਂ ਤੋਂ ਕੇਵਲ ਇੱਕ ਧੰਦਾ ਬਣਾ ਲਿਆ ਹੋਇਆ ਹੈ।
                           ਅਜੋਕੀ ਸਥਿਤੀ ਵਿੱਚ ਅੰਮ੍ਰਿਤਪਾਲ ਸਿੰਘ ਅਤੇ ਅਕਾਲੀ ਦਲ ਵਾਰਸ ਪੰਜਾਬ ਦਾ ਦਾ ਭਵਿੱਖ ਅਤੇ ਰਾਜਸੀ ਪੈਂਡਾ ਚੁਨੌਤੀਆਂ ਅਤੇ ਦੁਸ਼ਵਾਰੀਆਂ ਭਰਿਆ ਨਜ਼ਰ ਆਉਂਦਾ ਹੈ ।ਭਾਵੇਂ ਕਿ ਇਹ ਸਥਿਤੀ ਉਸ ਲਈ ਨਵੀਂ ਨਹੀਂ ਹੈ, ਪਰ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਮਰਥਕਾਂ ਨੂੰ ਇਸ ਗੱਲ ਤੋਂ ਸਿਆਸੀ ਤੌਰ ਤੇ ਸੁਚੇਤ ਰਹਿਣਾ ਪਵੇਗਾ ਕਿ ਨਿੱਜੀ ਸਵਾਰਥਾਂ ਲਈ ਉਹਨਾਂ ਦੀ ਸ਼ਖ਼ਸੀਅਤ ਦੀ ਵਰਤੋਂ ਦੀ ਝਾਕ ਵਿੱਚ ਬੈਠੇ ਲੋਕ ਤਾਕ ਵਿਚ ਬੈਠੇ ਹਨ। ਨਵੀਂ ਪਾਰਟੀ ਦੇ ਆਗਾਜ਼ ਦਾ ਕੋਈ ਵੀ ਕੁਝ ਅਰਥ ਕੱਢਣ ਪਰ ਮੇਰੇ ਵਰਗਿਆਂ, ਜਿਨ੍ਹਾਂ ਨੇ 80 ਦੇ ਦਹਾਕੇ ਨਾਲ ਸੰਬੰਧਿਤ ਪੀੜਾ ਹੰਢਾਇਆ ਹੋਵੇ ਲਈ ਇਹ ਤਸੱਲੀ ਵਾਲੀ ਗਲ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਸਿੱਖ ਨੌਜਵਾਨਾਂ ਨੂੰ ਕੱਟੜਵਾਦ ਦੀ ਥਾਂ ਲੋਕਤੰਤਰ ਅਤੇ ਵੋਟ ਤੰਤਰ ਪ੍ਰਣਾਲੀ ਰਾਹੀਂ ਅੱਗੇ ਵਧਣ ਦਾ ਹੋਕਾ  ਦੇ ਦਿੱਤਾ ਹੈ।  
 
ਪ੍ਰੋ. ਸਰਚਾਂਦ ਸਿੰਘ ਖਿਆਲਾ, ਅੰਮ੍ਰਿਤਸਰ 9781355522
 

Have something to say? Post your comment