ਸੁਨਾਮ : ਸਾਹਿਤ ਸਭਾ ਸੁਨਾਮ ਵੱਲੋਂ ਨਵੇਂ ਸਾਲ ਦੀ ਪਲੇਠੀ ਸਾਹਿਤਕ ਇਕੱਤਰਤਾ ਐਡਵੋਕੇਟ ਰਮੇਸ਼ ਕੁਮਾਰ ਸ਼ਰਮਾ ਅਤੇ ਪ੍ਰਧਾਨ ਜਸਵੰਤ ਸਿੰਘ ਅਸਮਾਨੀ ਦੀ ਪ੍ਰਧਾਨਗੀ ਹੇਠ ਸਥਾਨਕ ਸ਼ਹੀਦ ਊਧਮ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੀਤੀ ਗਈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਦੇ ਸਮਾਗਮ ਵਿੱਚ ਸਭਾ ਦੇ ਸਰਪ੍ਰਸਤ ਗਿਆਨੀ ਜੰਗੀਰ ਸਿੰਘ ਰਤਨ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਭਾਰਤੀ ਇਤਿਹਾਸ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਹ ਮਹਾਨ ਸ਼ਖ਼ਸੀਅਤ ਹਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਮੁਗ਼ਲ ਹਕੂਮਤ ਦੀ ਗ਼ੁਲਾਮੀ ਦੇ ਖ਼ਿਲਾਫ਼ ਪੁਰਜ਼ੋਰ ਆਵਾਜ਼ ਬੁਲੰਦ ਕੀਤੀ ਤੇ ਆਜ਼ਾਦੀ ਲਈ ਇਨਕਲਾਬੀ ਸੰਘਰਸ਼ ਕੀਤਾ।
ਰਚਨਾਵਾਂ ਦੇ ਦੌਰ ਵਿੱਚ ਐਡਵੋਕੇਟ ਰਮੇਸ਼ ਕੁਮਾਰ ਨੇ ਨਵੇਂ ਸਾਲ ਦੀ ਆਮਦ ਤੇ ਨਵੀਆਂ ਸੰਭਾਵਨਾਵਾਂ ਦੀ ਯਾਚਨਾ ਕੀਤੀ। ਮਿਲਖਾ ਸਿੰਘ ਸਨੇਹੀ ਨੇ ਗ਼ਦਰੀ ਬੀਬੀ ਗੁਲਾਬ ਕੌਰ ਦੀ 2025 ਵਿੱਚ 100 ਸਾਲਾ ਬਰਸੀ ਸ਼ਤਾਬਦੀ ਦੇ ਸਬੰਧ ਵਿੱਚ ਵਿਚਾਰ ਸਾਂਝੇ ਕੀਤੇ। ਸਰਬਜੀਤ ਸੰਗਰੂਰਵੀ ਨੇ- ਲੋੜ ਹੈ ਜੀ ਲੋੜ ਹੈ ਪਾਠਕਾਂ ਦੀ ਲੋੜ ਹੈ- ਨਾਲ ਹਾਜ਼ਰੀ ਲਗਵਾਈ। ਹਰਮੇਲ ਸਿੰਘ ਨੇ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ- ਮੈਂ ਕਿਸ ਗੀਤ ਨਾਲ ਤੇਰੀ ਆਰਤੀ ਉਤਾਰਾਂ- ਨਾਲ ਸਾਂਝ ਪੁਆਈ। ਗੁਰਮੀਤ ਸੁਨਾਮੀ ਨੇ- ਦਿਲ ਦੀਆ ਹੈ ਜਾਨ ਵੀ ਦੇਂਗੇ, ਐ ਵਤਨ ਤੇਰੇ ਲੀਏ- ਖ਼ੂਬਸੂਰਤ ਆਵਾਜ਼ ਅਤੇ ਖ਼ੂਬਸੂਰਤ ਅੰਦਾਜ਼ ਵਿੱਚ ਪੇਸ਼ ਕੀਤਾ। ਪਵਨ ਕੁਮਾਰ ਹੋਸੀ ਨੇ ਕਵੀ ਦੀ ਕਲਾ ਅਤੇ ਕਵੀ ਦੀ ਕਿਰਤ ਉੱਤੇ ਵਿਅੰਗ ਕਰਦੀ ਰਚਨਾ ਪੇਸ਼ ਕੀਤੀ। ਸੁਰੇਸ਼ ਚੌਹਾਨ ਨੇ ਬੜੀ ਭਾਵਪੂਰਤ ਕਹਾਣੀ- ਕਾਣੀ ਮਾਂ- ਸਾਂਝੀ ਕੀਤੀ। ਇਨ੍ਹਾਂ ਤੋਂ ਇਲਾਵਾ ਗਿਆਨੀ ਜੰਗੀਰ ਸਿੰਘ ਰਤਨ, ਜਸਵੰਤ ਸਿੰਘ ਅਸਮਾਨੀ, ਹਰਮੇਲ ਸਿੰਘ, ਸੁਪਿੰਦਰ ਭਾਰਦਵਾਜ, ਸਰਬਜੀਤ ਸਿੰਘ, ਪਾਵਨ ਕੁਮਾਰ ਹੋਸੀ, ਰਮੇਸ਼ ਕੁਮਾਰ ਐਡਵੋਕੇਟ, ਗੁਰਮੀਤ ਸਿੰਘ ਸੁਨਾਮੀ, ਮਿਲਖਾ ਸਿੰਘ ਸਨੇਹੀ, ਗੁਰਦਿਆਲ ਸਿੰਘ, ਸੁਰੇਸ਼ ਕੁਮਾਰ, ਮੀਤ ਸਕਰੌਦੀ, ਰਾਮ ਸਰੂਪ ਢੈਪਈ ਅਤੇ ਪਵਨ ਕੁਮਾਰ ਵੱਲੋਂ ਆਪੋ ਆਪਣੀਆਂ ਖ਼ੂਬਸੂਰਤ ਰਚਨਾਵਾਂ ਨਾਲ ਸ਼ਾਨਦਾਰ ਹਾਜ਼ਰੀ ਲਗਵਾਈ। ਸਭਾ ਦੇ ਪ੍ਰਧਾਨ ਜਸਵੰਤ ਸਿੰਘ ਅਸਮਾਨੀ ਵੱਲੋਂ ਆਏ ਲੇਖਕਾਂ ਦਾ ਧੰਨਵਾਦ ਕੀਤਾ ਗਿਆ।