ਸੁਨਾਮ : ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ’ਤੇ ਕਿਸਾਨੀ ਮੰਗਾਂ ਦੀ ਪੂਰਤੀ ਲਈ 26 ਜਨਵਰੀ ਨੂੰ ਪੂਰੇ ਦੇਸ਼ ਵਿੱਚ ਕਿਸਾਨਾਂ ਵੱਲੋਂ ਟਰੈਕਟਰ ਸੜਕਾਂ ਤੇ ਲਿਆਕੇ ਮੂੰਹ ਕਾਰਪੋਰੇਟ ਘਰਾਣਿਆਂ ਸਾਈਲੋ, ਸ਼ਾਪਿੰਗ ਮਾਲ ਅਤੇ ਭਾਜਪਾ ਆਗੂਆਂ ਦੇ ਘਰਾਂ ਵੱਲ ਕੀਤੇ ਜਾਣਗੇ। ਪਿੰਡਾਂ ’ਚ ਕਿਸਾਨਾਂ ਨੂੰ ਲਾਮਬੰਦ ਕਰਕੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਕਿਸਾਨੀ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗਾ। ਕਿਸਾਨ 26 ਜਨਵਰੀ ਨੂੰ ਦੇਸ਼ ਭਰ ਵਿੱਚ ਆਪਣੇ ਟਰੈਕਟਰ ਦੁਪਹਿਰ 12 ਵਜੇ ਤੋਂ 1.30 ਵਜੇ ਤੱਕ ਸਾਈਲੋ, ਟੋਲ ਪਲਾਜ਼ਾ, ਭਾਜਪਾ ਹੈੱਡਕੁਆਰਟਰ, ਸੰਸਦ ਮੈਂਬਰਾਂ, ਵਿਧਾਇਕਾਂ, ਮੰਤਰੀਆਂ ਦੇ ਘਰਾਂ, ਸ਼ਾਪਿੰਗ ਮਾਲਾਂ, ਰਾਸ਼ਟਰੀ ਅਤੇ ਰਾਜ ਮਾਰਗ ਸੜਕਾਂ ’ਤੇ ਖੜ੍ਹੇ ਕਰਨਗੇ। ਉਨ੍ਹਾਂ ਕਿਹਾ ਕਿ ਪਿਛਲੇ 345 ਦਿਨਾਂ ਤੋਂ ਖਨੌਰੀ, ਸ਼ੰਭੂ ਅਤੇ ਰਤਨਪੁਰ ਸਰਹੱਦਾਂ ’ਤੇ ਕਿਸਾਨ ਅੰਦੋਲਨ-2 ਐਮਐਸਪੀ ਖਰੀਦ ਗਾਰੰਟੀ ਕਾਨੂੰਨ ਅਤੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਮੁਆਫ਼ੀ ਸਮੇਤ 12 ਮੰਗਾਂ ਨੂੰ ਲੈਕੇ ਚੱਲ ਰਿਹਾ ਹੈ। ਪਿਛਲੇ 58 ਦਿਨਾਂ ਤੋਂ ਖਨੌਰੀ ਮੋਰਚੇ ’ਤੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ’ਤੇ ਹਨ। ਪਿਛਲੇ 3 ਦਿਨਾਂ ਤੋਂ ਉਨ੍ਹਾਂ ਨੂੰ ਸਿਰਫ਼ ਡਾਕਟਰੀ ਮਦਦ ਦਿੱਤੀ ਜਾ ਰਹੀ ਹੈ ਮੰਗਾਂ ਲਾਗੂ ਹੋਣ ਤੱਕ ਉਨ੍ਹਾਂ ਦਾ ਮਰਨ ਵਰਤ ਜਾਰੀ ਰਹੇਗਾ। ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਕਿਸਾਨ ਦਾ ਟਰੈਕਟਰ 26 ਜਨਵਰੀ ਨੂੰ ਘਰ ਵਿੱਚ ਨਾ ਰਹੇ। ਸਾਰੇ ਕਿਸਾਨ ਆਪਣੇ ਟਰੈਕਟਰਾਂ ’ਤੇ ਕਿਸਾਨੀ ਝੰਡੇ ਲਹਿਰਾਕੇ ਅਤੇ ਜਗਜੀਤ ਸਿੰਘ ਡੱਲੇਵਾਲ ਦੇ ਪੋਸਟਰ ਲਗਾ ਕੇ ਆਪਣੇ ਨੇੜਲੇ ਸਥਾਨਾਂ ’ਤੇ ਪਹੁੰਚ ਕੇ ਕਿਸਾਨੀ ਮੰਗਾਂ ਨੂੰ ਪੂਰੀਆਂ ਕਰਵਾਉਣ ਲਈ ਅੱਗੇ ਆਉਣ।