ਭਾਕਿਯੂ ਏਕਤਾ ਆਜ਼ਾਦ ਵੱਲੋਂ ਪੱਕਾ ਮੋਰਚਾ ਸ਼ੁਰੂ
ਸੁਨਾਮ : ਸੁਨਾਮ ਨੇੜਲੇ ਪਿੰਡ ਨਮੋਲ ਦੇ ਖੇਤਾਂ ਵਿੱਚੋਂ ਦੀ ਤੇਲ ਪਾਈਪ ਲਾਈਨ ਪਾਉਣ ਦਾ ਵਿਰੋਧ ਕਰ ਰਹੇ ਕਿਸਾਨਾਂ ਅਤੇ ਪ੍ਰਸ਼ਾਸਨ ਦਰਮਿਆਨ ਜ਼ਬਰਦਸਤ ਤਲਖ਼ੀ ਪੈਦਾ ਹੋ ਗਈ ਹੈ। ਬੁੱਧਵਾਰ ਨੂੰ ਸਵੇਰ ਸਮੇਂ ਜਿਉਂ ਹੀ ਕੰਪਨੀ ਦੇ ਅਧਿਕਾਰੀ ਪਾਈਪ ਲਾਈਨ ਪਾਉਣ ਲਈ ਮਸ਼ੀਨਰੀ ਲੈਕੇ ਖੇਤਾਂ ਵਿੱਚ ਪੁੱਜੇ ਤਾਂ ਇਸ ਦੀ ਭਿਣਕ ਪੈਂਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਵਰਕਰ ਅਤੇ ਪਿੰਡ ਦੇ ਲੋਕਾਂ ਨੇ ਜ਼ੋਰਦਾਰ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਇਸੇ ਦੌਰਾਨ ਪੁਲਿਸ ਨੇ ਕਿਸਾਨਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਕਿਸਾਨ ਡਟੇ ਰਹੇ। ਲੋਕਾਂ ਦੇ ਵਿਰੋਧ ਕਾਰਨ ਪ੍ਰਸ਼ਾਸਨ ਨੇ ਹਾਲ ਦੀ ਘੜੀ ਤੇਲ ਪਾਈਪ ਲਾਈਨ ਪਾਉਣ ਦਾ ਕੰਮ ਰੋਕ ਦਿੱਤਾ ਗਿਆ। ਵਿਰੋਧ ਕਰਨ ਵਿੱਚ ਵੱਡੀ ਗਿਣਤੀ ਬੀਬੀਆਂ ਨੇ ਸ਼ਿਰਕਤ ਕੀਤੀ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਸੂਬਾਈ ਆਗੂ ਜਸਵਿੰਦਰ ਸਿੰਘ ਲੌਂਗੋਵਾਲ, ਦਿਲਬਾਗ ਸਿੰਘ ਹਰੀਗੜ, ਜ਼ਿਲਾ ਆਗੂ ਸੋਨੀ ਲੌਂਗੋਵਾਲ, ਸੰਤ ਰਾਮ ਛਾਜਲੀ, ਹੈਪੀ ਨਮੋਲ, ਜਗਸੀਰ ਸਿੰਘ ਪ੍ਰਧਾਨ, ਰਾਜ ਥੇੜੀ, ਜਸਵੀਰ ਸਿੰਘ ਮੈਦੇਵਾਸ, ਸੁਖਦੇਵ ਸਿੰਘ ਭੁਟਾਲ, ਭੋਲਾ ਸਿੰਘ ਨਮੋਲ, ਸੁਖਬੀਰ ਸਿੰਘ ਪੂਨੀਆਂ, ਗੁਰਚਰਨ ਸਿੰਘ ਸਿੱਧੂਪੁਰ, ਕੇਵਲ ਸਿੰਘ ਜਵੰਧਾ, ਜਰਨੈਲ ਸਿੰਘ ਸ਼ਾਹਪੁਰ ਨੇ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਅਤੇ ਪ੍ਰਸ਼ਾਸਨ ਕਿਸਾਨਾਂ ਨਾਲ ਧੱਕਾ ਕਰਕੇ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਹਿੰਦੋਸਤਾਨ ਪੈਟਰੋਲੀਅਮ ਦੀ ਤੇਲ ਪਾਈਪ ਲਾਈਨ ਖੇਤਾਂ ਵਿੱਚ ਪਾ ਰਹੀ ਹੈ। ਉਨ੍ਹਾਂ ਆਖਿਆ ਕਿ ਪੁਲਿਸ ਨੇ ਕਿਸਾਨਾਂ ਨੂੰ ਖੇਤਾਂ ਵਿੱਚ ਭਜਾਕੇ ਗਾਲੀ ਗਲੋਚ ਕੀਤਾ ਗਿਆ ਅਤੇ ਕੁੱਝ ਇੱਕ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਲੇਕਿਨ ਪੁਲਿਸ ਨੇ ਅਜਿਹੇ ਵਰਤਾਰੇ ਤੋਂ ਸਪਸ਼ਟ ਇਨਕਾਰ ਕੀਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਕਿਸੇ ਵੀ ਕਿਸਾਨ ਦੀ ਸਹਿਮਤੀ ਤੋਂ ਬਿਨਾਂ ਤੇਲ ਪਾਈਪ ਲਾਈਨ ਨਹੀਂ ਪਾਉਣ ਦਿੱਤੀ ਜਾਵੇਗੀ। ਕਿਸਾਨ ਜਥੇਬੰਦੀਆਂ ਨੇ ਲੰਮੀ ਵਿਚਾਰ ਚਰਚਾ ਤੋਂ ਬਾਅਦ ਨਮੋਲ ਵਿਖੇ ਪੱਕਾ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ ਹੈ।