ਹਰੀ ਸਿੰਘ ਚਮਕ ਸੰਵੇਦਨਸ਼ੀਲ ਸ਼ਾਇਰ ਹੈ। ਬਚਪਨ ਵਿੱਚ ਸਕੂਲ ਵਿੱਚ ਪੜ੍ਹਦਿਆਂ ਹੀ ਉਸਨੂੰ ਕਵਿਤਾਵਾਂ ਲਿਖਣ ਦੀ ਚੇਟਕ ਲੱਗ ਗਈ ਸੀ। ਮਹਿੰਦਰਾ ਕਾਲਜ ਵਿੱਚ ਪੜ੍ਹਦਿਆਂ ਉਹ ਕਹਾਣੀਆਂ ਲਿਖਣ ਲੱਗ ਗਿਆ ਅਤੇ ਕਾਲਜ ਦੀ ਸਾਹਿਤ ਸਭਾ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲੱਗ ਪਿਆ। ਉਸ ਤੋਂ ਬਾਅਦ ਤਾਂ ਚਲ ਸੋ ਚਲ ਸਾਹਿਤਕ ਮਸ ਹੋਰ ਪਰਪੱਕ ਹੁੰਦਾ ਰਿਹਾ। ਪਟਿਆਲਾ ਨੌਕਰੀ ਕਰਦਿਆਂ ਸਥਾਨਕ ਸਾਹਿਤ ਸਭਾਵਾਂ ਦੀਆਂ ਮੀਟਿੰਗਾਂ ਵਿੱਚ ਆਉਣ ਕਰਕੇ ਉਸਦਾ ਸਾਹਿਤਕਾਰਾਂ ਨਾਲ ਮੇਲਜੋਲ ਵੱਧ ਗਿਆ। ਇਸ ਦੇ ਸਿੱਟੇ ਵਜੋਂ ਸਾਹਿਤਕ ਪ੍ਰਵਿਰਤੀ ਪ੍ਰਫੁੱਲਤ ਹੋ ਗਈ। ਇਸ ਸਮੇਂ ਦੌਰਾਨ ਉਸਦੀਆਂ ਕਵਿਤਾਵਾਂ, ਕਹਾਣੀਆਂ ਅਤੇ ਲੇਖ ਅਖ਼ਬਾਰਾਂ ਅਤੇ ਮੈਗਜ਼ੀਨਾ ਵਿੱਚ ਪ੍ਰਕਾਸ਼ਤ ਹੁੰਦੇ ਰਹੇ। ਉਸਦੀ ਇਕ ਮਿੰਨੀ ਕਹਾਣੀਆਂ ਦੀ ਪੁਸਤਕ ‘ ਗਿਰਝਾਂ’ 2023 ਵਿੱਚ ਪ੍ਰਕਾਸ਼ਤ ਹੋਈ ਸੀ। ਹਰੀ ਸਿੰਘ ਚਮਕ ਦੀਆਂ ਕਵਿਤਾਵਾਂ ਪੰਜ ਕਾਵਿ ਸੰਗ੍ਰਹਿਾਂ ਅਤੇ ਇੱਕ ਮਿੰਨੀ ਕਹਾਣੀਆਂ ਦੀ ਪੁਸਤਕ ਦਾ ਸ਼ਿੰਗਾਰ ਬਣ ਚੁੱਕੀਆਂ ਹਨ। ‘ਖ਼ਾਰੇ ਹੰਝੂ’ ਉਸਦਾ ਪਲੇਠਾ ਕਾਵਿ ਸੰਗ੍ਰਹਿ ਹੈ। ਇਸ ਕਾਵਿ ਸੰਗ੍ਰਹਿ ਵਿੱਚ ਉਸ ਦੀਆਂ 66 ਕਵਿਤਾਵਾਂ ਵੱਖਰੇ-ਵੱਖਰੇ ਰੰਗ ਬਖ਼ੇਰਦੀਆਂ ਹਨ। ਹਰੀ ਸਿੰਘ ਚਮਕ ਭਾਵਨਾਤਮਿਕ, ਯਥਾਰਥਵਾਦੀ, ਮਾਨਵਵਾਦੀ ਅਤੇ ਸਮਾਜਿਕ ਸਰੋਕਾਰਾਂ ਦਾ ਪ੍ਰਤੀਨਿਧ ਕਵੀ ਹੈ। ਸਮਾਜਿਕ ਤਾਣੇ-ਬਾਣੇ ਵਿੱਚ ਜੋ ਕੁਝ ਵੀ ਵਾਪਰ ਰਿਹਾ ਹੈ, ਉਸਦਾ ਪ੍ਰਭਾਵ ਹਰੀ ਸਿੰਘ ਚਮਕ ਦੀਆਂ ਕਵਿਤਾਵਾਂ ਵਿੱਚੋਂ ਵੇਖਣ ਨੂੰ ਮਿਲਦਾ ਹੈ। ਉਸਦੇ ਇੱਕ ਦਿਹਾਤੀ ਕਿਸਾਨੀ ਪਰਿਵਾਰ ਨਾਲ ਸੰਬੰਧਤ ਹੋਣ ਕਰਕੇ ਕਿਸਾਨੀ ਅਤੇ ਕਿਰਤੀਆਂ ਦੀਆਂ ਸਮੱਸਿਆਵਾਂ ਨੂੰ ਬੜਾ ਨੇੜਿਓੁਂ ਵੇਖਣ ਦਾ ਮੌਕਾ ਮਿਲਦਾ ਰਿਹਾ, ਜਿਸ ਕਰਕੇ ਉਹ ਉਨ੍ਹਾਂ ਦੀ ਜ਼ਿੰਦਗੀ ਦੀਆਂ ਉਲਝਣਾਂ ਦੀਆਂ ਪਰਤਾਂ ਨੂੰ ਆਪਣੀ ਕਵਿਤਾਵਾਂ ਦਾ ਵਿਸ਼ਾ ਬਣਾਉਂਦਾ ਹੈ। ਉਹ ਸਾਰੀ ਉਮਰ ਸਰਕਾਰੀ ਨੌਕਰੀ ਦੌਰਾਨ ਕਰਮਚਾਰੀਆਂ ਦੇ ਨੇਤਾ ਦੇ ਤੌਰ ‘ਤੇ ਅਗਵਾਈ ਕਰਦਾ ਰਿਹਾ ਹੈ। ਇਸ ਕਰਕੇ ਉਸਨੂੰ ਦਫ਼ਤਰਾਂ ਦੀਆਂ ਕੁਰੀਤੀਆਂ ਦੀ ਵੀ ਪੂਰੀ ਜਾਣਕਾਰੀ ਹੈ। ਉਹ ਉਨ੍ਹਾਂ ਦੀਆਂ ਬਾਰੀਕੀਆਂ ਵਾਰੇ ਵੀ ਸੰਜੀਦਗੀ ਨਾਲ ਕਵਿਤਾਵਾਂ ਲਿਖਦਾ ਹੈ। ਨੌਕਰੀ ਦੌਰਾਨ ਕਰਮਚਾਰੀਆਂ ਦੀ ਸਮੱਸਿਆਵਾਂ ਦੇ ਹੱਲ ਲਈ ਉਸਦਾ ਵਾਹ ਸਿਆਸਤਦਾਨਾ ਨਾਲ ਵੀ ਪੈਂਦਾ ਰਿਹਾ ਹੈ। ਹਰੀ ਸਿੰਘ ਚਮਕ ਸਿਆਸਤਦਾਨਾ ਬਾਰੇ ਲਿਖਦਾ ਹੈ ਕਿ ਉਹ ਲੋਕਾਈ ਦੇ ਮਾਰਗ ਦਰਸ਼ਕ ਹੋਣੇ ਚਾਹੀਦੇ ਹਨ ਪ੍ਰੰਤੂ ਸਿਆਸਤਦਾਨ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਫਲ ਰਹੇ ਹਨ। ਉਹ ਤਾਂ ਕੁਰਾਹੇ ਪੈ ਗਏ ਹਨ, ਜਿਸ ਦਾ ਅਸਰ ਸਮੁੱਚੀ ਲੋਕਾਈ ‘ਤੇ ਪੈ ਰਿਹਾ ਹੈ। ਭਰੂਣ ਹੱਤਿਆ, ਆਧੁਨਿਕ ਪੜ੍ਹੇ ਲਿਖੇ ਸਮਾਜ ਵਿੱਚ ਬਾਦਸਤੂਰ ਜ਼ਾਰੀ ਹੈ। ਨਸ਼ਿਆਂ ਦਾ ਪ੍ਰਕੋਪ ਵੀ ਘੱਟਣ ਦਾ ਨਾਮ ਨਹੀਂ ਲੈ ਰਿਹਾ। ਔਰਤਾਂ ‘ਤੇ ਅਤਿਆਚਾਰ ਕੀਤੇ ਜਾਂਦੇ ਹਨ। ਦਿਨ ਦਿਹਾੜੇ ਔਰਤਾਂ ਅਗਵਾ ਕੀਤੀਆਂ ਜਾਂਦੀਆਂ ਹਨ। ਅਜੇ ਵੀ ਬਲਾਤਕਾਰ ਆਮ ਹੋ ਰਹੇ ਹਨ। ਦਾਜ ਦੇ ਲਾਲਚ ਲੜਕੀਆਂ ਨੂੰ ਸਾੜਿਆ ਜਾ ਰਿਹਾ ਹੈ। ਕੋਈ ਸੁਣਵਾਈ ਨਹੀਂ। ਤਕੜੇ ਦਾ ਸੱਤੀਂ ਵੀਂਹੀਂ ਸੌ ਹੁੰਦੈ। ਇਨ੍ਹਾਂ ਸਾਰੀਆਂ ਅਲਾਮਤਾਂ ਨੂੰ ਉਹ ਆਪਣੀ ਕਵਿਤਾਵਾਂ ਦਾ ਵਿਸ਼ਾ ਬਣਾਉਂਦਾ ਹੈ। ਸ਼ਾਇਰ ਔਰਤਾਂ ਨੂੰ ਪੜ੍ਹਾਈ ਦੇ ਗਹਿਣੇ ਨਾਲ ਜ਼ਿੰਦਗੀ ਜਿਓਣ ਲਈ ਕਹਿੰਦਾ ਹੈ, ਜਿਸ ਨਾਲ ਮਾਪਿਆਂ ਦਾ ਸਿਰ ਉਚਾ ਹੋ ਸਕੇ। ਪੈਸਾ ਪ੍ਰਧਾਨ ਹੈ ਪ੍ਰੰਤੂ ਇਕ-ਨਾ-ਇੱਕ ਦਿਨ ਪੈਸੇ ਵਾਲਿਆਂ ਨੂੰ ਭੁਗਤਣਾ ਪੈਣਾ ਹੈ। ਸਿਆਸਤਦਾਨ ਤੇ ਅਫ਼ਸਰਸ਼ਾਹੀ ਦੀ ਮਿਲੀ ਭੁਗਤ ਪਰਜਾ ਦਾ ਸਤਿਆਨਾਸ ਕਰ ਰਹੀ ਹੈ। ਇਸ ਕਰਕੇ ਪਰਜਾ ਦੇ ਦੁੱਖ ਦੂਰ ਹੋਣ ਦੀ ਥਾਂ ਵੱਧਦੇ ਜਾ ਰਹੇ ਹਨ। ਸਮੁੱਚੇ ਸਮਾਜ ਵਿੱਚ ਨਿਘਾਰ ਵੇਖਣ ਨੂੰ ਮਿਲ ਰਿਹਾ ਹੈ। ਭਰਿਸ਼ਟਾਚਾਰ ਦਾ ਬੋਲ-ਬਾਲਾ ਹੈ। ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਇਨ੍ਹਾਂ ਸਾਰੇ ਵਿਸ਼ਿਆਂ ਨੂੰ ਉਹ ਆਪਣੀਆਂ ਕਵਿਤਾਵਾਂ ਵਿੱਚ ਲਿਆ ਕੇ ਲੋਕਾਂ ਦੀ ਕਚਹਿਰੀ ਵਿੱਚ ਰੱਖ ਰਿਹਾ ਹੈ। ਸ਼ਾਇਰ ਦੇ ਅਤਿ ਸੰਜੀਦਾ ਹੋਣ ਦਾ ਉਸਦੀ ਪਹਿਲੀ ਕਵਿਤਾ ਤੋਂ ਹੀ ਲੱਗਦਾ ਹੈ, ਜਿਸ ਵਿੱਚ ਉਹ ਪ੍ਰਮਾਤਮਾ ਅੱਗੇ ਅਰਜ਼ੋਈ ਕਰਦਾ ਹੋਇਆ ਲਿਖਦਾ ਹੈ ਕਿ ਉਸਨੂੰ ਇਤਨੀ ਤਾਕਤ ਦੇਹ ਕਿ ਉਹ ਲੋਕਾਈ ਦੇ ਦਰਦ ਤੇ ਹੱਕ ਸੱਚ ਤੇ ਖੜ੍ਹਨ, ਕਿਰਤੀਆਂ ਦੀ ਕਦਰ ਕਰਨ ਨੂੰ ਬਿਨਾ ਡਰ ਅਤੇ ਭੈ ਤੋਂ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾਉਂਦਾ ਰਹੇ। ਉਸ ਦੀਆਂ ਕਵਿਤਾਵਾਂ ਬਾਲ ਮਜ਼ਦੂਰੀ, ਬੇਇਨਸਾਫ਼ੀ, ਭਰੂਣ ਹੱਤਿਆ, ਅਨੈਤਿਕਤਾ, ਲੋਭ ਲਾਲਚ ਅਤੇ ਧੋਖ਼ੇ ਫ਼ਰੇਬਾਂ ਦੇ ਵਿਰੁੱਧ ਆਵਾਜ਼ ਬੁਲੰਦ ਕਰਦੀਆਂ ਹਨ। ਉਸਨੂੰ ਇਸ ਗੱਲ ਦਾ ਵੀ ਦੁੱਖ ਹੈ ਕਿ ਜਿਸਦਾ ਭਲਾ ਕਰਦੇ ਹਾਂ, ਉਹੀ ਨੁਕਸਾਨ ਕਰਨ ਵਿੱਚ ਮੋਹਰੀ ਦੀ ਭੂਮਿਕਾ ਨਿਭਾਉਂਦਾ ਹੈ। ਜ਼ਮਾਨਾ ਇਤਨਾ ਖੁਦਗਰਜ਼ ਤੇ ਮਾੜਾ ਹੋ ਗਿਆ ਹੈ, ਕਿਸੇ ਤੇ ਵਿਸ਼ਵਾਸ਼ ਕਰਨਾ ਹੀ ਔਖਾ ਹੋ ਗਿਆ ਹੈ। ਵੋਟਾਂ ਮੌਕੇ ਸਿਆਤਦਾਨ ਵੋਟਰਾਂ ਨੂੰ ਰੱਬ ਦਾ ਰੂਪ ਕਹਿੰਦੇ ਹਨ, ਪ੍ਰੰਤੂ ਬਾਅਦ ਵਿੱਚ ਰੰਗ ਬਦਲ ਜਾਂਦੇ ਹਨ। ਪ੍ਰਸ਼ਾਸ਼ਨ ਵਿੱਚੋਂ ਪਾਰਦਰਸ਼ਤਾ ਖ਼ਤਮ ਹੋ ਗਈ ਹੈ। ਗ਼ਰੀਬਾਂ ਦਾ ਖ਼ੂਨ ਚੂਸਕੇ ਮਹਿਲ ਮਾੜੀਆਂ ਉਸਾਰੀਆਂ ਜਾਂਦੀਆਂ ਹਨ। ਲੋਕ ਹਿੱਤਾਂ ਨੂੰ ਅਣਡਿਠ ਕੀਤਾ ਜਾਂਦਾ ਹੈ। ਪਰਜਾ ਧਰਨੇ ਅੰਦੋਲਨ ਕਰਕੇ ਥੱਕ ਜਾਂਦੀਆਂ ਹਨ। ਬਜ਼ੁਰਗਾਂ ਨੂੰ ਅਣਗੌਲਿਆ ਜਾਂਦਾ ਹੈ। ਮਾਵਾਂ ਦੀ ਮਮਤਾ ਦਾ ਮੁੱਲ ਨਹੀਂ ਮੋੜਿਆ ਜਾ ਰਿਹਾ। ਕੁਰਬਾਨੀ ਕਰਨ ਵਾਲੇ ਸ਼ਹੀਦਾਂ ਨੂੰ ਸਲਾਮੀਆਂ ਦੇਣਾ ਕੋਈ ਅਹਿਸਾਨ ਨਹੀਂ ਹੁੰਦਾ। ਅੰਦਰਲੇ ਰਾਵਣ ਨੂੰ ਮਾਰਨਾ ਪੈਣਾ ਹੈ। ਭਰਾ-ਭਰਾ ਦਾ ਲਾਲਚ ਕਰਕੇ ਦੁਸ਼ਮਣ ਬਣਿਆਂ ਫਿਰਦੈ। ਧਾਰਮਿਕ ਸਥਾਨਾ ਦੀ ਆੜ ਵਿੱਚ ਗ਼ਲਤ ਕੰਮ ਹੋ ਰਹੇ ਹਨ। ਲੋਕ ਮਖੌਟੇ ਪਾਈ ਫਿਰਦੇ ਹਨ। ਮਨੀਪੁਰ ਵਿਚਲੀਆਂ ਘਟਨਾਵਾਂ ਵੀ ਕਵੀ ਦੇ ਮਨ ਨੂੰ ਠੇਸ ਪਹੁੰਚਾਉਂਦੀਆਂ ਹਨ।
ਹਰੀ ਸਿੰਘ ਚਮਕ ਨੇ ਸਮਾਜਿਕ ਸਰੋਕਾਰਾਂ ਵਾਲੀਆਂ ਕਵਿਤਾਵਾਂ ਵਿੱਚ 12 ਕਵਿਤਾਵਾਂ ਸਿੱਖ ਧਰਮ ਨਾਲ ਸੰਬੰਧਤ ਵੀ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਹ ਪ੍ਰਮਾਤਮਾ ਦੀ ਰਜਾ ਵਿੱਚ ਰਹਿਣ ਵਾਲਾ ਸ਼ਾਇਰ ਹੈ। ਉਨ੍ਹਾਂ ਕਵਿਤਾਵਾਂ ਵਿੱਚ ਉਹ ਸਰਕਾਰਾਂ ਦੀਆਂ ਗ਼ਲਤੀਆਂ ਬਾਰੇ ਜਾਣਕਾਰੀ ਦਿੰਦਾ ਹੋਇਆ ਵਿਅੰਗ ਦੇ ਤੀਰ ਵੀ ਮਾਰਦਾ ਹੈ। ਕਿਸਾਨਂੀ ਅੰਦੋਲਨ ਨਾਲ ਸੰਬੰਧਤ ਇਸ ਕਾਵਿ ਸੰਗ੍ਰਹਿ ਵਿੱਚ 11 ਕਵਿਤਾਵਾਂ ਹਨ, ਜਿਹੜੀਆਂ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਅਣਗਹਿਲੀਆਂ ਬਾਰੇ ਕਟਾਕਸ਼ ਕਰਦੀਆਂ ਹਨ। ਕਿਸਾਨਾਂ ਨੂੰ ਮਿਲਾਵਟ ਵਾਲੀਆਂ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਸਰਕਾਰਾਂ ਇਸ ਪਾਸੇ ਅਵੇਸਲੀਆਂ ਹਨ। ਕਿਸਾਨਾ ਨੂੰ ਕਰਜ਼ੇ ਹੇਠ ਦੱਬਣ ਕਰਕੇ ਖੁਦਕਸ਼ੀਆਂ ਕਰਨੀਆਂ ਪੈਂਦੀਆਂ ਹਨ। ਕੋਈ ਵੀ ਸਰਕਾਰ ਕਿਸਾਨਾ ਦੀ ਬਾਂਹ ਨਹੀਂ ਫੜ੍ਹਦੀ। ਕੇਂਦਰ ਸਰਕਾਰ ਦੀ ਬੇਰੁੱਖੀ ਕਿਸਾਨਾਂ ਨੂੰ ਕਰਜ਼ੇ ਦੇ ਖੂਹ ਵਿੱਚ ਸੁੱਟ ਰਹੀ ਹੈ। ‘ਮੌਕਾ ਤੂੰ ਸੰਭਾਲ ਜੱਟਾ. . . ’ ਵਿੱਚ ਕਿਸਾਨੀ ਅੰਦੋਲਨ ਸਮੇਂ ਕਿਸਾਨਾਂ ਨੂੰ ਸਰਕਾਰੀ ਜ਼ਬਰ ਦਾ ਮੁਕਾਬਲਾ ਕਰਨ ਦੀ ਪ੍ਰੇਰਨਾ ਦਿੰਦਾ ਹੋਇਆ ਕਿਸਾਨਾ ਦੀ ਜਦੋਜਹਿਦ ਦੀਆਂ ਗੱਲਾਂ ਵੀ ਕਰਦਾ ਹੈ ਕਿ ਕਿਵੇਂ ਉਹ ਮਿਹਨਤ ਕਰਕੇ ਫ਼ਸਲ ਪਾਲਦੇ ਹਨ, ਪ੍ਰੰਤੂ ਉਨ੍ਹਾਂ ਵਾਜਬ ਮੁਲ ਵੀ ਨਹੀਂ ਮਿਲਦਾ। ਇਸਦੇ ਨਾਲ ਕਾਵਿ ਸੰਗ੍ਰਹਿ ਦੇ ਨਾਮ ਵਾਲੀ ਕਵਿਤਾ ਵਿੱਚ ਕਿਸਾਨ ਅੰਦੋਲਨ ਸਾਜ਼ਸ਼ ਤਹਿਤ ਲੀਹੋਂ ਲਾਹੁਣ ਮੌਕੇ ਸਰਕਾਰ ਦੀ ਬਦਨੀਤੀ ਅਤੇ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਭਾਵਪੂਰਤ ਭਾਵਕਤਾ ਦੇ ਵਿੱਚ ਵਹਿਣ ਸਮੇਂ ਡਿਗੇ ਹੰਝੂਆਂ ਨੂੰ ਖ਼ਾਰੇ ਹੰਝੂਆਂ ਦਾ ਨਾਮ ਦਿੱਤਾ ਗਿਆ ਹੈ, ਜਿਸਨੇ ਕਿਸਾਨ ਅੰਦੋਲਨ ਵਿੱਚ ਦੁਬਾਰਾ ਰੂਹ ਫੂਕ ਦਿੱਤੀ ਸੀ। ਸਾਉਣ ਦੇ ਮਹੀਨੇ ਜਿਥੇ ਹਰਿਆਵਲ ਹੁੰਦੀ ਹੈ, ਉਥੇ ਹੀ ਹੜ੍ਹ ਕਿਸਾਨੀ ਨੂੰ ਬਰਬਾਦ ਕਰ ਦਿੰਦੇ ਹਨ। ਕਰੋਨਾ ਕਾਲ ਦੇ ਮਾੜੇ ਪ੍ਰਭਾਵਾਂ ਅਤੇ ਅਮੀਰ ਲੋਕਾਂ ਵੱਲੋਂ ਗ਼ਰੀਬਾਂ ਦੀ ਲੁੱਟ ਤੇ ਕਿੰਤੂ ਪ੍ਰੰਤੂ ਕੀਤਾ ਹੈ। ਆਟਾ ਦਾਲ ਵਰਗੀਆਂ ਮੁਫ਼ਤਖ਼ੋਰੀ ਦੀਆਂ ਸਕੀਮਾ ਲੋਕਾਂ ਨੂੰ ਮੰਗਤੇ ਬਣਾ ਰਹੀਆਂ ਹਨ। ਆਜ਼ਾਦੀ ਅਤੇ ਦੇਸ਼ ਭਗਤੀ ਨਾਲ ਸੰਬੰਧਤ 8 ਕਵਿਤਾਵਾਂ ਹਨ। ਆਜ਼ਾਦੀ ਦੇ ਲਾਭ ਵੀ ਗਿਣੇ ਚੁਣੇ ਲੋਕਾਂ ਨੂੰ ਹੀ ਮਿਲੇ ਹਨ। ਗ਼ਰੀਬੀ ਤੇ ਬੇਰੋਜ਼ਗਾਰੀ ਬਰਕਰਾਰ ਹੈ। ਜਿਹੜੇ ਸਪਨੇ ਆਜ਼ਾਦੀ ਲਈ ਭਗਤ ਸਿੰਘ ਨੇ ਲਏ ਸੀ, ਉਹ ਸਾਕਾਰ ਨਹੀਂ ਹੋਏ। ਇੱਕ-ਨਾ-ਇੱਕ ਦਿਨ ਲੋਕ ਬਗ਼ਾਬਤ ਕਰਨਗੇ, ਫਿਰ ਅਸਲ ਆਜ਼ਾਦੀ ਆਵੇਗੀ। ਅਮੀਰਾਂ ਦਾ ਹੰਕਾਰ ਗ਼ਰੀਬ ਤੋੜਨਗੇ। ਦੋਹਰੇ ਕਿਰਦਾਰ ਦੇ ਲੋਕ ਸਭ ਤੋਂ ਖ਼ਤਰਨਾਕ ਹੁੰਦੇ ਹਨ। ਦੇਸ਼ ਦੀ ਵੰਡ ਸਮੇਂ ਅੰਮ੍ਰਿਤਾ ਪ੍ਰੀਤਮ ਨੇ ਲੜਕੀਆਂ ਨਾਲ ਹੋ ਰਹੇ ਅਤਿਆਚਾਰਾਂ ਬਾਰੇ ਤਾਂ ਕਵਿਤਾ ਲਿਖ ਦਿੱਤੀ ਪ੍ਰੰਤੂ 1984 ਵਿੱਚ ਸਿੱਖਾਂ ਦੇ ਕਤਲੇਆਮ ਅਤੇ ਔਰਤਾਂ ਨਾਲ ਦੁਰਾਚਾਰ ਬਾਰੇ ਅੰਮ੍ਰਿਤਾ ਪ੍ਰੀਤਮ ਨੇ ਇੱਕ ਸ਼ਬਦ ਨਹੀਂ ਲਿਖਿਆ, ਹਰੀ ਸਿੰਘ ਚਮਕ ਨੇ ਇਸ ਗੱਲ ਦਾ ਦੁੱਖ ਪ੍ਰਗਟ ਕੀਤਾ ਹੈ। ‘ਮਈ ਦਿਹਾੜ…ਾ …’ ਸਿਰਲੇਖ ਕਵਿਤਾ ਵਿੱਚ ਲਿਖਿਆ ਹੇ ਕਿ ਕਿਰਤੀਆਂ ਨੂੰ ਉਨ੍ਹਾਂ ਦਾ ਵਾਜਬ ਮਿਹਨਤਾਨਾਂ ਨਹੀਂ ਮਿਲ ਰਿਹਾ ਪ੍ਰੰਤੂ ਜਦੋਂ ਉਹ ਆਪਣੇ ਹੱਕਾਂ ਲਈ ਅੰਦੋਲਨ ਕਰਦੇ ਹਨ ਤਾਂ ਸਰਕਾਰਾਂ ਦਬਾ ਦਿੰਦੀਆਂ ਹਨ। ਧੀਆਂ ਬਾਰੇ ਲਿਖਿਦਿਆਂ ਦੱਸਿਆ ਹੈ ਕਿ ਅੱਜ ਕਲ੍ਹ ਧੀਆਂ ਹਰ ਖੇਤਰ ਜਿਵੇਂ ਪੜ੍ਹਾਈ, ਪੁਲਿਸ, ਸਿਵਲ, ਮਿਲਟਰੀ, ਪੁਲਾੜ ਵਿੱਚ ਮੋਹਰੀ ਦੀ ਭੂਮਿਕਾ ਨਿਭਾ ਰਹੀਆਂ ਹਨ। ਗਿਆਨ ਦੇ ਦੀਵੇ ਹੀ ਜ਼ਿੰਦਗੀ ਵਿੱਚ ਕੰਮ ਆਉਂਦੇ ਹਨ। ਸਾਧਾਂ ਅਤੇ ਉਨ੍ਹਾਂ ਦੇ ਡੇਰਿਆਂ ‘ਤੇ ਚਿੰਤਾ ਪ੍ਰਗਟ ਕੀਤੀ ਗਈ ਹੈ। ਭਵਿਖ ਵਿੱਚ ਹਰੀ ਸਿੰਘ ਚਮਕ ਤੋਂ ਹੋਰ ਵਧੀਆ ਕਵਿਤਾਵਾਂ ਲਿਖਣ ਦੀ ਉਮੀਦ ਕੀਤੀ ਜਾ ਸਕਦੀ ਹੈ।
128 ਪੰਨਿਆਂ, 250 ਰੁਪਏ ਕੀਮਤ ਵਾਲਾ ਕਾਵਿ ਸੰਗ੍ਰਹਿ ਸ਼ਬਦਾਂਜਲੀ ਪਬਲੀਕੇਸ਼ਨਜ਼ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।
ਸੰਪਰਕ ਹਰੀ ਸਿੰਘ ਚਮਕ: 9317831521
ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰ
ਮੋਬਾਈਲ-94178 13072
ujagarsingh48@yahoo.com
ਉਜਾਗਰ ਸਿੰਘ