ਸੁਨਾਮ : ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਹੋਈ ਇਤਿਹਾਸਿਕ ਜਿੱਤ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਐਤਵਾਰ ਨੂੰ ਸੁਨਾਮ ਵਿਖੇ ਭਾਜਪਾ ਦੀ ਸੂਬਾ ਸਕੱਤਰ ਦਾਮਨ ਬਾਜਵਾ ਦੀ ਅਗਵਾਈ ਹੇਠ ਮਠਿਆਈ ਵੰਡਕੇ ਜਸ਼ਨ ਮਨਾਇਆ ਗਿਆ। ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਸੰਜੇ ਗੋਇਲ ਦੇ ਪੁਰਾਣੀ ਅਨਾਜ਼ ਮੰਡੀ ਵਿੱਚ ਸਥਿਤ ਦਫਤਰ ਸਾਹਮਣੇ ਇਕੱਤਰ ਹੋਏ ਭਾਜਪਾਈਆਂ ਨੇ ਢੋਲ ਦੀ ਥਾਪ ਤੇ ਭੰਗੜਾ ਪਾਇਆ। ਇਸ ਮੌਕੇ ਭਾਜਪਾ ਦੀ ਸੂਬਾ ਸਕੱਤਰ ਦਾਮਨ ਬਾਜਵਾ ਅਤੇ ਹਰਮਨਦੇਵ ਸਿੰਘ ਬਾਜਵਾ ਨੇ ਆਖਿਆ ਕਿ ਦਿੱਲੀ ਦੇ ਵੋਟਰਾਂ ਨੇ ਝੂਠੇ ਵਿਕਾਸ ਦੇ ਖਿਲਾਫ ਫਤਵਾ ਦੇਕੇ ਪੰਜਾਬ ਦੇ ਵਿਕਾਸ ਅਤੇ ਨੌਕਰੀਆਂ ਦੇਣ ਦਾ ਦਾਅਵਾ ਕਰਨ ਵਾਲੀ ਭਗਵੰਤ ਮਾਨ ਸਰਕਾਰ ਨੂੰ ਵੀ ਹਲੂਣਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਜਿੱਤ ਨਾਲੋਂ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਹਾਰ ਤੋਂ ਵਧੇਰੇ ਖੁਸ਼ ਨਜ਼ਰ ਆ ਰਹੇ ਹਨ। ਭਾਜਪਾ ਆਗੂਆਂ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਆਮ ਚੋਣਾਂ ਵਿੱਚ ਪੰਜਾਬ ਦੇ ਵੋਟਰ ਆਮ ਆਦਮੀ ਪਾਰਟੀ ਨੂੰ ਸਬਕ਼ ਸਿਖਾਉਣਗੇ। ਇਸ ਮੌਕੇ ਸੀਨੀਅਰ ਭਾਜਪਾ ਆਗੂ ਪ੍ਰੇਮ ਗੁਗਨਾਨੀ, ਹਿੰਮਤ ਸਿੰਘ ਬਾਜਵਾ, ਜਰਨੈਲ ਸਿੰਘ ਢੋਟ, ਮਹਿਲਾ ਮੋਰਚਾ ਦੀ ਪ੍ਰਧਾਨ ਸੀਮਾ ਰਾਣੀ, ਅੰਕਿਤ ਕਾਂਸਲ, ਮੱਖਣ ਸਰਪੰਚ ਅਕਾਲਗੜ੍ਹ, ਅਵਤਾਰ ਸਿੰਘ ਸਰਪੰਚ ਬਹਾਦਰਪੁਰ, ਸਤਵੀਰ ਸਿੰਘ ਸਾਬਕਾ ਸਰਪੰਚ ਬਿਗੜਵਾਲ, ਦਲਬਾਰਾ ਸਿੰਘ ਲਿੱਦੜਾਂ, ਮੇਵਾ ਸਿੰਘ ਸਾਬਕਾ ਚੇਅਰਮੈਨ, ਰਜ਼ਤ ਸ਼ਰਮਾ, ਮਾਲਵਿੰਦਰ ਸਿੰਘ ਗੋਲਡੀ, ਸੰਦੀਪ ਸ਼ਰਮਾ ਅਤੇ ਬੱਬੂ ਭੁੱਲਰ ਸੋਹੀਆਂ ਸਮੇਤ ਹੋਰ ਆਗੂ ਤੇ ਵਰਕਰ ਹਾਜ਼ਰ ਸਨ।