" ਪਹਿਲ " ਪ੍ਰੋਗਰਾਮ ਹੇਠ ਸੈਲਫ ਹੈਲਪ ਗਰੁੱਪਾਂ ਦੀਆਂ ਮੈਂਬਰ ਔਰਤਾਂ ਨੇ
10400 ਵਰਦੀਆਂ ਦਾ ਆਰਡਰ ਕੀਤਾ ਪੂਰਾ
ਦਿਹਾਤੀ ਔਰਤਾਂ "ਅੰਬਰੀ" ਬਰਾਂਡ ਹੇਠ ਆਚਾਰ, ਮੁਰੱਬੇ, ਮਸਾਲੇ, ਦੇਸੀ ਘੀ ਤੇ ਸ਼ਹਿਦ ਤਿਆਰ ਕਰਕੇ ਲੈ ਰਹੀਆਂ ਲਾਹਾ
ਫ਼ਤਹਿਗੜ੍ਹ ਸਾਹਿਬ : ਪੰਜਾਬ ਰਾਜ ਦਿਹਾਤੀ ਆਜੀਵਿਕਾ ਦਿਹਾਤੀ ਖੇਤਰ ਦੀਆਂ ਗਰੀਬ ਔਰਤਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਵਿੱਚ ਸਹਾਈ ਸਿੱਧ ਹੋ ਰਿਹਾ ਹੈ। ਇਸ ਮਿਸ਼ਨ ਅਧੀਨ ਦਿਹਾਤੀ ਖੇਤਰ ਦੀਆਂ 10-15 ਔਰਤਾਂ ਦੇ ਸਵੈ ਸਹਾਇਤਾ ਸਮੂਹ ਬਣਾ ਕੇ 30 ਹਜ਼ਾਰ ਰੁਪਏ ਰਿਵਾਲਵਿੰਗ ਫੰਡ ਅਤੇ 50 ਹਜ਼ਾਰ ਰੁਪਏ ਕਮਿਊਨਿਟੀ ਇੰਨਵੈਸਟਮੈਂਟ ਫੰਡ ਪ੍ਰਤੀ ਗਰੁੱਪ ਦੇ ਹਿਸਾਬ ਨਾਲ ਮੁਹੱਈਆ ਕਰਵਾਇਆ ਜਾ ਰਿਹਾ ਹੈ। ਪੰਜਾਬ ਰਾਜ ਆਜੀਵਿਕਾ ਮਿਸ਼ਨ ਅਧੀਨ ਜ਼ਿਲ੍ਹੇ ਵਿੱਚ 1541 ਸੈਲਫ ਹੈਲਪ ਗਰੁੱਪ 97 ਗਰਾਮ ਸੰਗਠਨ ਬਣਾਏ ਗਏ ਹਨ।
ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਮੁੱਖ ਮੰਤਵ ਗਰੀਬ ਔਰਤਾਂ ਨੂੰ ਗਰੁੱਪ ਵਿੱਚ ਜੋੜ ਕੇ ਮੀਟਿੰਗ ਕਰਨ, ਬੱਚਤ ਕਰਨ ਦੀ ਆਦਤ ਪਾਉਣ, ਆਪਸੀ ਲੈਣ-ਦੇਣ ਕਰਨ ਅਤੇ ਉਧਾਰ ਵਾਪਸੀ ਕਰਨ ਸਬੰਧੀ ਟਰੇਨਿੰਗ ਮੁਹੱਈਆ ਕਰਵਾਕੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਮੈਂਬਰ ਘੱਟ ਵਿਆਜ ਤੇ ਕਰਜਾ ਚੁੱਕ ਕੇ ਆਪਣੀਆਂ ਘਰੇਲੂ ਜਰੂਰਤਾਂ ਪੂਰੀਆਂ ਕਰਦੇ ਹਨ ਅਤੇ ਸਵੈ ਰੋਜ਼ਗਾਰ ਵਿੱਚ ਵਾਧਾ ਕਰਨ ਲਈ ਵਰਤਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਜ਼ਿਲ੍ਹੇ ਦੇ ਸੈਲਫ ਹੈਲਪ ਗਰੁੱਪਾਂ ਨੂੰ ਰੀਵਾਲਵਿੰਗ ਫੰਡ ਵਜੋਂ 02 ਕਰੋੜ 07 ਲੱਖ 80 ਹਜ਼ਾਰ ਰੁਪਏ ਅਤੇ 01 ਕਰੋੜ 16 ਲੱਖ 70 ਹਜ਼ਾਰ ਰੁਪਏ ਗ੍ਰਾਮ ਸੰਗਠਨਾਂ ਨੂੰ ਆਪਣੀ ਆਜੀਵਿਕਾ ਚਲਾਉਣ ਲਈ ਵੰਡੇ ਜਾ ਚੁੱਕੇ ਹਨ। ਇਸ ਮਿਸ਼ਨ ਅਧੀਨ ਸੈਲਫ ਹੈਲਪ ਗਰੁੱਪਾਂ ਦੇ 13872 ਮੈਂਬਰਾਂ ਦਾ ਪੀ.ਐਮ. ਸੁਰੱਖਿਆ ਬੀਮਾ ਯੋਜਨਾ ਅਤੇ 10022 ਮੈਂਬਰਾਂ ਦਾ ਪੀ.ਐਮ. ਜੀਵਨ ਜੋਤੀ ਬੀਮਾ ਯੋਜਨਾ ਅਧੀਨ ਬੀਮਾ ਕਰਵਾਇਆ ਗਿਆ ਹੈ।
ਡਾ: ਸੋਨਾ ਥਿੰਦ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ "ਪਹਿਲ " ਨਾਮ ਹੇਠ ਇੱਕ ਨਵੇਕਲੀ ਪਹਿਲ ਕਦਮੀ ਕਰਦੇ ਹੋਏ ਸੈਲਫ ਹੈਲਪ ਗਰੁੱਪ ਦੀਆਂ ਔਰਤਾਂ ਨੂੰ ਸਕੂਲ ਵਰਦੀਆਂ ਦੀ ਸਿਲਾਈ ਕਰਨ ਦਾ ਕੰਮ ਦੇ ਕੇ ਰੋਜ਼ਗਾਰ ਦਿੱਤਾ ਗਿਆ ਹੈ ਤਾਂ ਜੋ ਇਹ ਔਰਤਾਂ ਆਪਣੇ ਪਰਿਵਾਰ ਦਾ ਵਧੀਆ ਢੰਗ ਨਾਲ ਪਾਲਣ ਪੋਸ਼ਣ ਕਰਕੇ ਇੱਕ ਨਵੇਂ ਸਮਾਜ ਦੀ ਸਿਰਜਣਾ ਵਿੱਚ ਸਹਾਈ ਹੋ ਸਕਣ। ਇਸ ਪ੍ਰੋਜੈਕਟ ਅਧੀਨ ਜ਼ਿਲ੍ਹੇ ਦੇ ਸੈਲਫ ਹੈਲਪ ਗਰੁੱਪਾਂ ਵੱਲੋਂ ਕਰੀਬ 320 ਸਕੂਲਾਂ ਨੂੰ ਲੱਗਭਗ 10 ਹਜ਼ਾਰ 400 ਵਰਦੀਆਂ ਦਾ ਆਰਡਰ ਪੂਰਾ ਕੀਤਾ ਗਿਆ ਹੈ। ਪਹਿਲ ਯੋਜਨਾ ਅਧੀਨ ਗਰੁੱਪ ਦੇ ਮੈਂਬਰਾਂ ਨੂੰ ਇੱਕ ਡਰੈੱਸ ਬਣਾਉਣ ਲਈ 60 ਰੁਪਏ ਦਿੱਤੇ ਜਾਂਦੇ ਹਨ ਅਤੇ ਵਰਦੀਆਂ ਦਾ ਆਰਡਰ ਪੂਰਾ ਕਰਨ ਤੇ ਗਰੁੱਪ ਮੈਂਬਰਾਂ ਨੂੰ 06 ਲੱਖ 24 ਹਜ਼ਾਰ ਰੁਪਏ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਧਾਲੀਵਾਲ ਦੀ ਨਿਗਰਾਨੀ ਹੇਠ ਇਹ ਪ੍ਰੋਜੈਕਟ ਸਫਲਤਾ ਪੂਰਬਕ ਚੱਲ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗਰੀਬ ਔਰਤਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਵਿੱਚ 30 ਨਵੰਬਰ, 2023 ਨੂੰ "ਅੰਬਰੀ" ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਜੈਕਟ ਅਧੀਨ ਵੱਖ-ਵੱਖ ਸੈਲਫ ਹੈਲਪ ਗਰੁੱਪਾਂ ਨੂੰ ਉਨ੍ਹਾਂ ਦੇ ਕੰਮ ਮੁਤਾਬਿਕ ਚੁਣਿਆਂ ਗਿਆ ਜਿਨ੍ਹਾਂ ਵਿੱਚੋਂ ਪੰਜ ਕੰਮਾਂ ਨੂੰ ਮੁੱਖ ਰੱਖਦੇ ਹੋਏ ਜਿਵੇਂ ਕਿ ਆਚਾਰ, ਮੁਰੱਬੇ, ਮਸਾਲੇ, ਦੇਸੀ ਘਿਓ ਅਤੇ ਸ਼ਹਿਦ ਅੰਬਰੀ ਬਰਾਂਡ ਤਹਿਤ ਸ਼ੁਰੂ ਕੀਤਾ ਗਿਆ ਹੈ। ਇਸ ਬਰਾਂਡ ਵਿੱਚ ਸਾਰਾ ਸਮਾਨ ਸਵੈ ਸਹਾਇਤਾ ਸਮੂਹ ਦੇ ਮੈਂਬਰਾਂ ਵੱਲੋਂ ਆਪਣੇ ਘਰਾਂ ਵਿੱਚ ਸਾਫ ਸੁਥਰੇ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ। ਇਸ ਉਪਰਾਲੇ ਸਦਕਾ ਪਿੰਡਾਂ ਦੀਆਂ ਔਰਤਾਂ ਨੂੰ ਰੋਜ਼ਗਾਰ ਦਾ ਸਾਧਨ ਮੁਹੱਈਆ ਹੋ ਰਿਹਾ ਹੈ ਅਤੇ ਔਰਤਾਂ ਨੂੰ ਇੱਕ ਅਜਿਹਾ ਪਲੇਟਫਾਰਮ ਮਿਲ ਰਿਹਾ ਹੈ ਜਿਸ ਰਾਹੀਂ ਉਹ ਆਪਣੇ ਤਿਆਰ ਕੀਤੇ ਹੋੲ ਸਮਾਨ ਨੂੰ ਅੰਬਰੀ ਬਰਾਂਡ ਤਹਿਤ ਵੇਚ ਸਕਦੀਆਂ ਹਨ।