ਖਮਾਣੋ : ਜਿਲੇ ਦੇ ਕਿਸਾਨਾਂ ਨੂੰ ਮੱਕੀ ਦਾ ਮਿਆਰੀ ਬੀਜ ਮੁਹਈਆ ਕਰਵਾਉਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਦੇ ਆਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫਸਰ ਡਾ. ਧਰਮਿੰਦਰਜੀਤ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਨੇ ਖਮਾਣੋ ਮੰਡੀ, ਭੜੀ ਤੇ ਸੰਘੋਲ ਵਿਖੇ ਬੀਜ ਵਿਕਰੇਤਾਵਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ।
ਬਲਾਕ ਖੇਤੀਬਾੜੀ ਅਫਸਰ ਖਮਾਣੋ ਡਾ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਬਣਾਈ ਗਈ ਟੀਮ ਵੱਲੋਂ ਇਸ ਮੌਕੇ ਬੀਜ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਗਈ ਕਿ ਕਿਸਾਨਾਂ ਨੂੰ ਮੱਕੀ ਦਾ ਬੀਜ ਤੈਅ ਰੇਟ ਤੋਂ ਵੱਧ ਕੀਮਤ ਤੇ ਨਾ ਵੇਚਿਆ ਜਾਵੇ ਅਤੇ ਲਾਇਸੰਸ ਵਿੱਚ ਐਡੀਸ਼ਨ ਦਰਜ ਕਰਵਾਏ ਬਿਨਾ ਬੀਜਾਂ ਦੀ ਵਿੱਕਰੀ ਨਾ ਕੀਤੀ ਜਾਵੇ। ਟੀਮ ਵੱਲੋਂ ਬੀਜ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਕਿ ਸਟਾਕ ਰਜਿਸਟਰ ਵਿੱਚ ਹਰੇਕ ਕਿਸਮ ਦੇ ਬੀਜ ਦਾ ਇੰਦਰਾਜ ਕੀਤਾ ਜਾਵੇ।
ਡਾ. ਜਸਵਿੰਦਰ ਸਿੰਘ ਨੇ ਸਮੂਹ ਡੀਲਰਾਂ ਨੂੰ ਹਦਾਇਤ ਕੀਤੀ ਆਪਣਾ ਮੁਕੰਮਲ ਰਿਕਾਰਡ ਮੇਨਟੇਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਡੀਲਰ ਉਲੰਘਣਾ ਕਰਦਾ ਪਾਇਆ ਜਾਵੇਗਾ ਤਾਂ ਉਸਦੇ ਵਿਰੁੱਧ ਸੀਡ ਐਕਟ 1966, ਸੀਡ ਰੂਲਜ਼ 1968 ਅਤੇ ਸੀਡ ਕੰਟਰੋਲ ਆਰਡਰ 1983 ਤਹਿਤ ਕਾਰਵਾਈ ਕੀਤੀ ਜਾਵੇਗੀ।