ਸੁਨਾਮ : ਸਾਹਿਤ ਸਭਾ ਸੁਨਾਮ ਦੀ ਮਾਸਿਕ ਸਾਹਿਤਕ ਇਕੱਤਰਤਾ ਸ਼ਹੀਦ ਊਧਮ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੁਨਾਮ ਵਿਖੇ ਪ੍ਰਧਾਨ ਜਸਵੰਤ ਸਿੰਘ ਅਸਮਾਨੀ, ਬੇਅੰਤ ਸਿੰਘ ਅਤੇ ਸੁਰੇਸ਼ ਚੌਹਾਨ ਦੀ ਪ੍ਰਧਾਨਗੀ ਵਿੱਚ ਕੀਤੀ ਗਈ। ਵਿਸ਼ਵ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਅੱਜ ਦੀ ਇਕੱਤਰਤਾ ਵਿੱਚ ਸਾਹਿਤ ਸਭਾ ਦੇ ਸਰਪ੍ਰਸਤ ਗਿਆਨੀ ਜੰਗੀਰ ਸਿੰਘ ਰਤਨ ਨੇ ਕਿਹਾ ਕਿ ਅੱਜ ਕੌਮਾਂਤਰੀ ਮਾਤ ਭਾਸ਼ਾ ਦਿਵਸ ਮੌਕੇ ਸੰਸਾਰ ਭਰ ਦੀਆਂ ਸਮੂਹ ਭਾਸ਼ਾਵਾਂ ਨੂੰ ਬਹੁਤ ਬਹੁਤ ਮੁਬਾਰਕਬਾਦ। ਹਰ ਭਾਸ਼ਾ ਦੇ ਧੀਆਂ ਪੁੱਤਰਾਂ ਨੂੰ ਆਪਣੀ ਮਾਤ ਭਾਸ਼ਾ ਦੀ ਸਲਾਮਤੀ ਤੇ ਸਤਿਕਾਰ, ਵਿਕਾਸ ਤੇ ਵਿਗਾਸ ਲਈ ਸਦਾ ਜਾਗਰੂਕ ਰਹਿਣਾ ਚਾਹੀਦਾ ਹੈ। ਸਾਨੂੰ ਆਪਣੀ ਮਾਤ ਭਾਸ਼ਾ ਪੰਜਾਬੀ ਤੇ ਮਾਣ ਹੈ। ਪੰਜਾਬੀ ਭਾਸ਼ਾ ਸਾਡੀ ਪਛਾਣ, ਸ਼ਾਨ ਤੇ ਜ਼ਿੰਦ ਜਾਨ ਹੈ। ਪ੍ਰਧਾਨ ਜਸਵੰਤ ਸਿੰਘ ਅਸਮਾਨੀ ਨੇ ਕਿਹਾ ਕਿ ਸਭ ਨੂੰ ਆਪੋ ਆਪਣੀ ਮਾਤ ਭਾਸ਼ਾ ਨੂੰ ਪਿਆਰ ਅਤੇ ਦੂਜੀਆਂ ਭਾਸ਼ਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਭੋਲਾ ਸਿੰਘ ਸੰਗਰਾਮੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਆਪਣੀ ਮਾਤ ਭਾਸ਼ਾ ਦੀ ਖੁਸ਼ਹਾਲੀ ਅਤੇ ਰਖਵਾਲੀ ਲਈ ਹਰ ਪੱਖੋਂ ਹਮੇਸ਼ਾ ਯਤਨਸ਼ੀਲ ਅਤੇ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਐਡਵੋਕੇਟ ਰਮੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਮਾਂ ਸ਼ਬਦ ਬੋਲਿਆਂ ਮੂੰਹ ਮਿਠਾਸ ਨਾਲ ਭਰ ਜਾਂਦਾ ਹੈ ਅਤੇ ਮਾਂ ਬੋਲੀ ਬੋਲਿਆਂ ਮਨ ਹੁਲਾਸ ਨਾਲ ਭਰ ਜਾਂਦਾ ਹੈ। ਭਗਵਾਨ ਸਿੰਘ ਢੰਡੋਲੀ ਨੇ ਕਿਹਾ ਕਿ ਵਿਦਵਾਨ ਲੇਖਕਾਂ ਦੀਆਂ ਕਲਮਾਂ ਹੀ ਆਪਣੇ ਵਿਦਵਾਨ ਵਿਚਾਰਾਂ ਰਾਹੀਂ ਸਮਾਜ ਨੂੰ ਸਹੀ ਸੇਧ ਪ੍ਰਧਾਨ ਕਰਦੀਆਂ ਹਨ।
ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਸਤਿਗੁਰ ਸੁਨਾਮੀ, ਬੇਅੰਤ ਸਿੰਘ, ਸੁਪਿੰਦਰ ਕੁਮਾਰ ਭਾਰਦਵਾਜ, ਸੁਰੇਸ਼ ਕੁਮਾਰ ਚੌਹਾਨ, ਭੋਲਾ ਸਿੰਘ ਸੰਗਰਾਮੀ, ਹਣੀ ਸੰਗਰਾਮੀ, ਜੰਗੀਰ ਸਿੰਘ ਰਤਨ, ਭਗਵਾਨ ਸਿੰਘ ਢੰਡੋਲੀ, ਬਚਿੱਤਰ ਸਿੰਘ, ਗੁਰਜੰਟ ਸਿੰਘ ਉਗਰਾਹਾਂ, ਗੁਰਮੀਤ ਸੁਨਾਮੀ, ਰਮੇਸ਼ ਕੁਮਾਰ ਐਡਵੋਕੇਟ ਅਤੇ ਜਸਵੰਤ ਸਿੰਘ ਅਸਮਾਨੀ ਨੇ ਆਪੋ ਆਪਣੀਆਂ ਖ਼ੂਬਸੂਰਤ ਰਚਨਾਵਾਂ ਨਾਲ ਸ਼ਾਨਦਾਰ ਹਾਜ਼ਰੀ ਲਗਵਾਈ। ਮੰਚ ਸੰਚਾਲਨ ਦੀ ਭੂਮਿਕਾ ਜੰਗੀਰ ਸਿੰਘ ਰਤਨ ਵੱਲੋਂ ਬਾਖ਼ੂਬੀ ਨਿਭਾਈ ਗਈ।