Saturday, February 22, 2025
BREAKING NEWS

Malwa

ਲਗਭਗ 2.5 ਲੱਖ ਮੈਂਬਰਾਂ ਦੇ ਨਾਲ, ਸ਼੍ਰੋਮਣੀ ਅਕਾਲੀ ਦਲ ਨੇ ਪਟਿਆਲਾ ਜ਼ਿਲ੍ਹੇ ਵਿੱਚ ਸਫਲਤਾਪੂਰਵਕ ਤਰੀਕੇ ਨਾਲ ਮੈਂਬਰਸ਼ਿਪ ਮੁਹਿੰਮ ਨੂੰ ਨੇਪਰੇ ਚਾੜ੍ਹਿਆ : ਰਾਜੂ ਖੰਨਾ, ਝਿੰਜਰ  ਰਾਠੀ

February 22, 2025 01:40 PM
SehajTimes

ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਨੇ ਪਟਿਆਲਾ ਜ਼ਿਲ੍ਹੇ ਵਿੱਚ ਆਪਣੀ ਮੈਂਬਰਸ਼ਿਪ ਮੁਹਿੰਮ ਨੂੰ ਸਫਲਤਾਪੂਰਵਕ ਤਰੀਕੇ ਨਾਲ ਪੂਰਾ ਕਰ ਲਿਆ ਹੈ, ਜਿਸ ਵਿੱਚ ਲਗਭਗ 2.5 ਲੱਖ ਨਵੇਂ ਮੈਂਬਰ ਸ਼ਾਮਲ ਹੋਏ ਹਨ। ਅੱਜ ਪਟਿਆਲਾ ਵਿਖੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਸ਼੍ਰੋਮਣੀ ਅਕਾਲੀ ਦਲ ਜ਼ਿਲਾਂ ਪਟਿਆਲਾ ਦੇ ਸ਼ਹਿਰੀ ਪ੍ਰਧਾਨ ਅਮਿਤ ਸਿੰਘ ਰਾਠੀ ਨੇ ਪਾਰਟੀ ਵਰਕਰਾਂ ਦੀ ਸਮਰਪਣ ਭਾਵਨਾ ਦੀ ਸ਼ਲਾਘਾ ਕਰਦਿਆਂ ਅਹਿਮ ਸਿਆਸੀ ਮੁੱਦਿਆਂ ’ਤੇ ਸਖ਼ਤ ਸਟੈਂਡ ਲਿਆ।

ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਮੈਂਬਰਸ਼ਿਪ ਮੁਹਿੰਮ ਨੂੰ ਜਾਅਲੀ ਕਰਾਰ ਦੇਣ ਵਾਲੇ ਬਾਗ਼ੀ ਆਗੂਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਸਾਰੀ ਪ੍ਰਕਿਰਿਆ ਪੂਰੀ ਪਾਰਦਰਸ਼ਤਾ ਅਤੇ ਇਮਾਨਦਾਰੀ ਨਾਲ ਕਰਵਾਈ ਗਈ ਹੈ। ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਅਤੇ ਅਡੋਲ ਹੈ ਅਤੇ ਮੈਂਬਰਸ਼ਿਪ ਮੁਹਿੰਮ ਵਿੱਚ ਭਾਰੀ ਸ਼ਮੂਲੀਅਤ ਪਾਰਟੀ ਦੀ ਚੜਦੀਕਲਾ ਦਾ ਪ੍ਰਮਾਣ ਹੈ। ਉਨ੍ਹਾਂ ਇਸ ਮੁਹਿੰਮ ਦੀ ਸਫ਼ਲਤਾ ਵਿੱਚ ਯੋਗਦਾਨ ਪਾਉਣ ਵਾਲੇ ਸਾਰੇ ਵਰਕਰਾਂ ਅਤੇ ਆਗੂਆਂ ਨੂੰ ਹਾਰਦਿਕ ਵਧਾਈ ਦਿੰਦੇ ਹੋਏ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪਾਰਟੀ ਲਗਾਤਾਰ ਚੜ੍ਹਦੀਕਲਾ ਵਿੱਚ ਅੱਗੇ ਵਧ ਰਹੀ ਹੈ।

ਸਰਬਜੀਤ ਸਿੰਘ ਝਿੰਜਰ, ਜੋ ਕਿ ਪਟਿਆਲਾ ਜ਼ਿਲ੍ਹੇ ਵਿੱਚ ਮੈਂਬਰਸ਼ਿਪ ਮੁਹਿੰਮ ਦੇ ਅਬਜ਼ਰਵਰ ਵੀ ਸਨ, ਨੇ ਵੀ ਮੈਂਬਰਸ਼ਿਪ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਹਲਕਿਆਂ ਤੋਂ ਆਏ ਸਮੂਹ ਆਗੂਆਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ।

ਸਰਬਜੀਤ ਝਿੰਜਰ ਨੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਹਾਲੀਆ ਕਾਰਵਾਈਆਂ 'ਤੇ ਵੀ ਗੰਭੀਰ ਸਵਾਲ ਉਠਾਏ ਹਨ। ਉਨ੍ਹਾਂ ਹਲਕਾ ਸਨੌਰ ਵਿੱਚ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਕਰਵਾਏ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਿਆਨੀ ਹਰਪ੍ਰੀਤ ਸਿੰਘ ਦੀ ਆਲੋਚਨਾ ਕਰਦਿਆਂ ਉਨ੍ਹਾਂ ਦੇ ਦੋਗਲੇ ਸਟੈਂਡ ਨੂੰ ਉਜਾਗਰ ਕੀਤਾ। ਉਨ੍ਹਾਂ ਲੋਕਾਂ ਨੂੰ ਚੇਤੇ ਕਰਵਾਇਆ ਕਿ ਇਹ ਉਹੀ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਬੀਬੀ ਜਗੀਰ ਕੌਰ ਹਨ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਖੜ੍ਹੇ ਹੋ ਕੇ ਝੂਠ ਬੋਲਦੇ ਸਨ। ਉਨ੍ਹਾਂ ਅੱਗੇ ਦੱਸਿਆ ਕਿ 2 ਦਸੰਬਰ ਦੀ ਸੁਣਵਾਈ ਦੌਰਾਨ ਚੰਦੂਮਾਜਰਾ ਨੇ ਗਿਆਨੀ ਹਰਪ੍ਰੀਤ ਸਿੰਘ ਨਾਲ ਬਹਿਸ ਕੀਤੀ ਸੀ, ਰਾਮ ਰਹੀਮ ਨੂੰ ਮੁਆਫ਼ੀ ਮੰਗਣ ਵਿੱਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਸੀ ਅਤੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਹੀ ਉਸਦੇ ਝੂਠ ਦਾ ਸਬੂਤ ਦੇ ਕੇ ਪਰਦਾਫਾਸ਼ ਕੀਤਾ ਗਿਆ ਸੀ। ਉਨ੍ਹਾਂ ਸਵਾਲ ਕੀਤਾ ਕਿ ਕਦੇ ਚੰਦੂਮਾਜਰਾ ਦੇ ਝੂਠ ਦਾ ਪਰਦਾਫਾਸ਼ ਕਰਨ ਵਾਲੇ ਗਿਆਨੀ ਹਰਪ੍ਰੀਤ ਸਿੰਘ ਹੁਣ ਉਨ੍ਹਾਂ ਨਾਲ ਸਟੇਜ ਸਾਂਝੀ ਕਰਦੇ ਹੋਏ ਉਨ੍ਹਾਂ ਤੋਂ ਸਨਮਾਨ ਵੀ ਕਿਵੇਂ ਲੈ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਗਿਆਨੀ ਹਰਪ੍ਰੀਤ ਸਿੰਘ ਨੇ ਚੰਦੂਮਾਜਰਾ ਨੂੰ ਆਪਣੇ ਨਿੱਜੀ ਸਿਆਸੀ ਹਿੱਤਾਂ ਲਈ ਕਲੀਨ ਚਿੱਟ ਦੇ ਕੇ ਸਿੱਖ ਕੌਮ ਨਾਲ ਧੋਖਾ ਨਹੀਂ ਕੀਤਾ ਹੈ?

ਝਿੰਜਰ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਸਖ਼ਤ ਆਲੋਚਨਾ ਕੀਤੀ ਕਿ ਉਹ ਇਕ ਤਾਂ ਅਜਿਹੇ ਵਿਅਕਤੀਆਂ ਨੂੰ ਜਵਾਬਦੇਹ ਠਹਿਰਾਉਣ ਵਿੱਚ ਅਸਫਲ ਰਹੇ ਅਤੇ ਇਸ ਦੀ ਬਜਾਏ ਸਿਆਸੀ ਸਹੂਲਤ ਲਈ ਉਨ੍ਹਾਂ ਨਾਲ ਸਟੇਜ ਸਾਂਝੀ ਕਰਨ ਦੀ ਚੋਣ ਕਰਦੇ ਹਨ। ਉਨ੍ਹਾਂ ਸਵਾਲ ਕੀਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਾਬਕਾ ਜਥੇਦਾਰ ਹੁਣ ਸਿੱਖ ਕੌਮ ਨਾਲ ਧੋਖਾ ਕਰਨ ਵਾਲਿਆਂ ਨੂੰ ਕਿਵੇਂ ਗਲੇ ਲਗਾ ਸਕਦਾ ਹੈ।

ਉਨ੍ਹਾਂ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖਾਂ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਆਰਐਸਐਸ ਨਾਲ ਤੁਲਨਾ ਕਰਨ ਵਾਲੇ ਤਾਜ਼ਾ ਬਿਆਨ ਦਾ ਵੀ ਸਖ਼ਤ ਵਿਰੋਧ ਕੀਤਾ ਅਤੇ ਇਸ ਨੂੰ ਸਿੱਖ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਉਣ ਵਾਲਾ ਦੱਸਿਆ।

ਉਨ੍ਹਾਂ ਅੱਗੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਸਨੌਰ ਦੇ ਦੌਰੇ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਇਸ ਖੇਤਰ ਨੂੰ ਪ੍ਰਭਾਵਿਤ ਕਰਨ ਵਾਲੇ ਅਸਲ ਮੁੱਦਿਆਂ ਬਾਰੇ ਬੋਲਣ ਵਿੱਚ ਅਸਫਲ ਰਹੇ ਹਨ, ਜਿਨ੍ਹਾਂ ਵਿੱਚ ਨਸ਼ਾਖੋਰੀ, ਨਾਜਾਇਜ਼ ਮਾਈਨਿੰਗ, ਸ਼ਰਾਬ ਮਾਫੀਆ ਅਤੇ ਸਰਪੰਚ ਚੋਣਾਂ ਵਿੱਚ ਭ੍ਰਿਸ਼ਟਾਚਾਰ ਸ਼ਾਮਲ ਹਨ। ਉਨ੍ਹਾਂ ਦੋਸ਼ ਲਾਇਆ ਕਿ ਉਹ ਇਨ੍ਹਾਂ ਚਿੰਤਾਵਾਂ ਨੂੰ ਨਜ਼ਰਅੰਦਾਜ਼ ਕਰਕੇ ਸਿਰਫ਼ ਸ਼੍ਰੋਮਣੀ ਅਕਾਲੀ ਦਲ 'ਤੇ ਹਮਲਾ ਕਰਨ 'ਤੇ ਹੀ ਕੇਂਦਰਿਤ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਹੁਣ ਸਿਰਫ਼ ਸਿਆਸੀ ਮਾਮਲਾ ਨਹੀਂ ਸਗੋਂ ਸੱਚ ਅਤੇ ਝੂਠ ਦੀ ਲੜਾਈ ਹੈ ਅਤੇ ਪਾਰਟੀ ਚੁੱਪ ਨਹੀਂ ਬੈਠੇਗੀ।

ਝਿੰਜਰ ਨੇ ਰਾਘਵ ਚੱਢਾ ਦੇ ਵਿਆਹ ਵਿੱਚ ਆਪਣੀ ਹਾਜ਼ਰੀ ਨੂੰ ਇਹ ਕਹਿ ਕੇ ਜਾਇਜ਼ ਠਹਿਰਾਉਣ, ਕਿ ਉਨ੍ਹਾਂ ਦੇ ਬੱਚੇ ਪ੍ਰਿਅੰਕਾ ਚੋਪੜਾ ਨੂੰ ਮਿਲਣਾ ਚਾਹੁੰਦੇ ਹਨ ਲਈ ਵੀ ਗਿਆਨੀ ਹਰਪ੍ਰੀਤ ਸਿੰਘ ਦੀ  ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਵੱਲੋਂ ਅਜਿਹੀਆਂ ਟਿੱਪਣੀਆਂ ਅਣਉੱਚਿਤ ਹਨ, ਜਿਨ੍ਹਾਂ ਨੂੰ ਬਾਲੀਵੁੱਡ ਹਸਤੀਆਂ ਦੀ ਬਜਾਏ ਸਿੱਖ ਗੁਰੂਆਂ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਬਾਰੇ ਬੋਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬਿਆਨਾਂ ਨਾਲ ਸਿੱਖ ਕੌਮ ਨੂੰ ਡੂੰਘੀ ਸੱਟ ਵੱਜਦੀ ਹੈ।

ਪ੍ਰੈੱਸ ਕਾਨਫਰੰਸ ਦੀ ਸਮਾਪਤੀ ਕਰਦਿਆਂ ਜਿੰਝਰ ਨੇ ਜ਼ੋਰ ਦੇ ਕੇ ਕਿਹਾ ਕਿ ਹੁਣ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੇ ਸਿਆਸਤ ਵਿੱਚ ਕਦਮ ਰੱਖ ਹੀ ਲਿਆ ਹੈ ਤਾਂ ਉਨ੍ਹਾਂ ਨੂੰ ਆਪਣੇ ਕੰਮਾਂ ਅਤੇ ਬਿਆਨਾਂ ਲਈ ਜਵਾਬਦੇਹ ਹੋਣਾ ਪਵੇਗਾ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪਟਿਆਲਾ ਤੋਂ ਪ੍ਰਧਾਨ ਅਮਿਤ ਸਿੰਘ ਰਾਠੀ ਨੇ ਆਖਿਆ ਕੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਸਾਰੇ ਹੀ ਵਰਕਰਾਂ ਦੇ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਇਹ ਭਰਤੀ ਬਿਲਕੁਲ ਹੀ ਪਰਦਰਸ਼ੀ ਢੰਗ ਦੇ ਨਾਲ ਨੇਪਰੇ ਚਾੜੀ ਜਾ ਰਹੀ ਹੈ, ਨਾਲ ਹੀ ਉਹਨਾਂ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਉੱਤੇ ਤੰਜ ਕਸਦਿਆਂ ਆਖਿਆ ਕੀ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਪੰਥ ਦੀ ਪਹਿਰੇਦਾਰੀ ਕਰਦਾ ਆਇਆ ਪਰ ਅੱਜ ਕੁਝ ਲੀਡਰ ਆਪਣੇ ਆਪ ਨੂੰ ਚਮਕਾਉਣ ਦੇ ਲਈ ਪੰਥ ਨੂੰ ਛਿੱਕੇ ਟੰਗ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਬਦਨਾਮ ਕਰਨ ਦੇ ਵਿੱਚ ਲੱਗੇ ਹੋਏ ਨੇ, ਪਰ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਹੀ ਪੰਥ ਵਿਰੋਧੀ ਤਾਕਤਾਂ ਦਾ ਡੱਟ ਕੇ ਸਾਹਮਣਾ ਕਰਦਾ ਆ ਰਿਹਾ ਤੇ ਆਉਣ ਵਾਲੇ ਸਮੇਂ ਚ ਸ਼੍ਰੋਮਣੀ ਅਕਾਲੀ ਦਲ ਇੱਕ ਮਜਬੂਤ ਪਾਰਟੀ ਬਣ ਕੇ ਸਾਹਮਣੇ ਆਵੇਗੀ ਤੇ ਉਹਨਾਂ ਲੋਕਾਂ ਦੇ ਮੂੰਹ ਬੰਦ ਕੀਤੇ ਜਾਣਗੇ ਜੋ ਅਜੋਕੇ ਸਮੇਂ ਸੁਖਬੀਰ ਸਿੰਘ ਬਾਦਲ ਨੂੰ ਟਾਰਗੇਟ ਕਰ ਰਹੇ ਨੇ।

ਇਸ ਪ੍ਰੈੱਸ ਕਾਨਫਰੰਸ ਮੌਕੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਸਰਬਜੀਤ ਸਿੰਘ ਝਿੰਜਰ ਕੌਮੀ ਪ੍ਰਧਾਨ ਯੂਥ ਅਕਾਲੀ ਦਲ, ਅਮਿਤ ਸਿੰਘ ਰਾਠੀ ਜਿਲਾ ਪ੍ਰਧਾਨ, ਪਟਿਆਲਾ ਅਮਰਿੰਦਰ ਸਿੰਘ ਬਜਾਜ ਹਲਕਾ ਇੰਚਾਰਜ ਪਟਿਆਲਾ ਸ਼ਹਿਰੀ, ਸਾਬਕਾ ਵਿਧਾਇਕ ਹਰਪ੍ਰੀਤ ਕੌਰ ਮੁਖਮੇਲਪੁਰ, ਜਸਪਾਲ ਸਿੰਘ ਬਿੱਟੂ ਚੱਠਾ ਹਲਕਾ ਇੰਚਾਰਜ ਪਟਿਆਲਾ ਦਿਹਾਤੀ, ਮੱਖਣ ਸਿੰਘ ਲਾਲਕਾ ਹਲਕਾ ਇੰਚਾਰਜ ਨਾਭਾ, ਬਾਬੂ ਕਬੀਰ ਦਾਸ ਹਲਕਾ ਇੰਚਾਰਜ ਸ਼ੁਤਰਾਣਾ, ਜਸਮੇਲ ਸਿੰਘ ਲਾਛੜੂ ਮੈਂਬਰ ਐਸਜੀਪੀਸੀ, ਜਗਮੀਤ ਸਿੰਘ ਹਰਿਆਊ ਮੈਂਬਰ ਕੋਰ ਕਮੇਟੀ, ਸੁਖਵਿੰਦਰ ਪਾਲ ਸਿੰਘ ਮਿੰਟਾਂ ਮੈਂਬਰ ਪੀਏਸੀ, ਫੌਜ ਇੰਦਰ ਸਿੰਘ ਮੁਖਮੈਲਪੁਰ,ਕ੍ਰਿਸ਼ਨ ਸਨੋਰ, ਪ੍ਰੋਫੈਸਰ ਸੁਮੇਰ ਸੀੜਾ, ਕਰਨ ਸਾਹਨੀ ਯੂਥ ਅਕਾਲੀ ਦਲ ਪਟਿਆਲਾ ਸ਼ਹਿਰੀ, ਪ੍ਰਧਾਨ ਅੰਮ੍ਰਿਤਪਾਲ ਸਿੰਘ ਲੰਘ ਯੂਥ ਅਕਾਲੀ ਦਲ ਪਟਿਆਲਾ ਦਿਹਾਤੀ ਪ੍ਰਧਾਨ, ਦਵਿੰਦਰ ਸਿੱਧੂ, ਗੁਰਤੇਜ ਕੋਲ, ਸੁਮੇਲ ਕੁਰੈਸ਼ੀ, ਗੁਰਤੇਜ ਖਾਂਗ ਤੋਂ ਇਲਾਵਾ ਵੱਡੀ ਗਿਣਤੀ ਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹਾਜ਼ਰ ਸਨ।

Have something to say? Post your comment

 

More in Malwa

ਗੁਰਦੁਆਰਾ ਈਸ਼ਰਸਰ ਸਾਹਿਬ ਸੰਪ੍ਰਦਾਇ ਰਾੜਾ ਪੁਲ ਕਲਿਆਣ ਵਿਖੇ ਸਲਾਨਾ ਧਾਰਮਿਕ ਦੀਵਾਨ 24 ਤੋਂ 28 ਫਰਵਰੀ ਤੱਕ : ਬਾਬਾ ਵਿਸਾਖਾ ਸਿੰਘ ਜੀ

ਪੰਥ ਦੇ ਵਡੇਰੇ ਹਿੱਤਾਂ ਲਈ ਐਡਵੋਕੇਟ ਧਾਮੀ ਆਪਣਾ ਅਸਤੀਫਾ ਵਾਪਸ ਲੈਣ : ਪ੍ਰੋ. ਬਡੂੰਗਰ

ਫੂਡ ਪ੍ਰੋਸੈਸਿੰਗ ਵਿੱਚ ਸਾਂਝਾ ਬੁਨਿਆਦੀ ਢਾਂਚਾ ਸਥਾਪਿਤ ਕਰਨ ਲਈ ਮਿਲਦੀ ਹੈ 03 ਕਰੋੜ ਦੀ ਕੈਪੀਟਲ ਸਬਸਿਡੀ : ਤੁਲੀ

ਅਮਨ ਅਰੋੜਾ ਨੇ ਕਾਂਸਲ ਪਰਿਵਾਰ ਨਾਲ ਦੁੱਖ ਜਤਾਇਆ 

ਸੁਨਾਮ ਵਿਖੇ ਕਲੱਬ ਨੇ ਲੋੜਵੰਦ ਧੀਆਂ ਦੇ ਕਰਵਾਏ ਵਿਆਹ  

ਵਿਗਿਆਨ ਮੁਕਾਬਲੇ 'ਚ ਧਰੁਵ ਬਿੰਦਲ ਰਿਹਾ ਅੱਵਲ 

ਸੁਨਾਮ ਵਿਖੇ ਵਿਸ਼ਵ ਮਾਂ ਬੋਲੀ ਦਿਹਾੜੇ ਮੌਕੇ ਸਮਾਗਮ ਆਯੋਜਿਤ 

ਬ੍ਰਾਹਮਣ ਸਭਾ ਵੱਲੋਂ ਭੀਮ ਸ਼ਰਮਾ ਸਨਮਾਨਿਤ 

ਮਾਨ ਸਰਕਾਰ ਵਿਧਾਨ ਸਭਾ ਵਿੱਚ ਰੱਦ ਕਰੇ ਨਵਾਂ ਖੇਤੀ ਖਰੜਾ : ਕਾਲਾਝਾੜ 

ਸਾਈਬਰ ਠੱਗੀ ਦੇ 27 ਮਾਮਲਿਆਂ ਵਿੱਚ 50 ਲੱਖ ਰੁਪਏ ਕਰਵਾਏ ਵਾਪਸ : ਜ਼ਿਲ੍ਹਾ ਪੁਲਿਸ ਮੁਖੀ