ਸੁਨਾਮ : ਵੀਰਵਾਰ ਨੂੰ ਸੁਨਾਮ ਵਿਖੇ ਸਟੇਡੀਅਮ ਰੋਡ ਦੇ ਨਾਲ ਲੱਗਦੀ ਮਾਰਕਿਟ ਕਮੇਟੀ ਜਗ੍ਹਾ ਤੇ ਕੀਤੀ ਨਜਾਇਜ਼ ਉਸਾਰੀ ਨੂੰ ਜ਼ਿਲ੍ਹਾ ਪੁਲਿਸ ਅਤੇ ਪ੍ਰਸ਼ਾਸਨ ਨੇ ਬੁਲਡੋਜ਼ਰ ਨਾਲ ਢਾਹ ਦਿੱਤਾ ਹੈ। ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਉਕਤ ਜਗ੍ਹਾ ਤੇ ਕਬਜ਼ਾ ਧਾਰਕ ਦੇ ਖਿਲਾਫ ਐਨਡੀਪੀਐਸ ਦੇ ਕਈ ਮੁਕੱਦਮੇ ਦਰਜ਼ ਹਨ। ਮਾਰਕੀਟ ਕਮੇਟੀ ਦੀ ਜ਼ਮੀਨ 'ਤੇ ਕੀਤੀ ਗਈ ਨਜਾਇਜ਼ ਉਸਾਰੀ ਨੂੰ ਢਾਹੁਣ ਲਈ ਮਾਰਕਿਟ ਕਮੇਟੀ ਦਫ਼ਤਰ ਵੱਲੋਂ ਪੁਲਿਸ ਫੋਰਸ ਅਤੇ ਡਿਊਟੀ ਮੈਜਿਸਟ੍ਰੇਟ ਨਿਯੁਕਤ ਕਰਨ ਲਈ ਬਕਾਇਦਾ ਪੱਤਰ ਲਿਖਿਆ ਗਿਆ ਹੈ। ਇਸ ਮੌਕੇ 'ਤੇ ਮੌਜੂਦ ਐਸ.ਪੀ ਨਵਰੀਤ ਸਿੰਘ ਵਿਰਕ ਨੇ ਦੱਸਿਆ ਕਿ ਕਬਜਾਧਾਰਕ ਵੱਲੋਂ ਮਾਰਕਿਟ ਕਮੇਟੀ ਦੀ ਜਗ੍ਹਾ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਅਤੇ ਇਸ ਵਿਅਕਤੀ ਦੇ ਖਿਲਾਫ ਐਨਡੀਪੀਐਸ ਦੇ ਮੁਕੱਦਮੇ ਦਰਜ਼ ਹਨ। ਪੰਜਾਬ ਸਰਕਾਰ ਵੱਲੋ ਨਸ਼ਿਆਂ ਦੇ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਜਾ ਰਹੀ ਹੈ ਅਤੇ ਨਸ਼ਾ ਤਸਕਰਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰ ਵੱਲੋਂ ਸਰਕਾਰੀ ਜ਼ਮੀਨ ਉਤੇ ਕੀਤੇ ਨਜਾਇਜ਼ ਕਬਜ਼ੇ ਨੂੰ ਤੋੜਨ ਦੀ ਕਾਰਵਾਈ ਦੌਰਾਨ ਪੁਲਿਸ ਵੱਲੋਂ ਅਮਨ ਤੇ ਕਾਨੂੰਨ ਦੀ ਸਥਿਤੀ ਕਾਇਮ ਰੱਖੀ ਗਈ ਅਤੇ ਨਗਰ ਕੌਂਸਲ ਰਾਹੀਂ ਇਸ ਨਜ਼ਾਇਜ਼ ਉਸਾਰੀ ਨੂੰ ਢਾਹੁਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ।
ਉਹਨਾਂ ਕਿਹਾ ਕਿ ਸਬੰਧਤ ਮੁਲਜ਼ਮ ਖ਼ਿਲਾਫ਼ ਨਸ਼ਾ ਤਸਕਰੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ 13 ਪਰਚੇ ਦਰਜ ਹਨ। ਐਸ.ਪੀ. ਵਿਰਕ ਨੇ ਕਿਹਾ ਕਿ ਜਿਹੜੇ ਨੌਜਵਾਨ ਨਸ਼ਾ ਛੱਡ ਕੇ ਚੰਗੀ ਜ਼ਿੰਦਗੀ ਜਿਉਣਾ ਚਾਹੁੰਦੇ ਹਨ, ਉਹ ਅੱਗੇ ਆਉਣ ਅਤੇ ਪੰਜਾਬ ਸਰਕਾਰ ਉਹਨਾਂ ਦੀ ਹਰ ਸੰਭਵ ਮਦਦ ਕਰੇਗੀ। ਇਸ ਸਬੰਧੀ ਜ਼ਿਲ੍ਹੇ ਵਿੱਚ ਸਰਕਾਰੀ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਕਾਰਜਸ਼ੀਲ ਹਨ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੇ ਸੂਬੇ ਦੀ ਜਵਾਨੀ ਨੂੰ ਕੁਰਾਹੇ ਪਾਇਆ ਹੈ ਅਤੇ ਪੰਜਾਬ ਸਰਕਾਰ ਜਵਾਨੀ ਨੂੰ ਬਚਾਉਣ ਲਈ ਪੂਰੀ ਤਰ੍ਹਾਂ ਦ੍ਰਿੜ੍ਹ ਹੈ। ਉਨ੍ਹਾਂ ਕਿਹਾ ਕਿ "ਯੁੱਧ ਨਸ਼ਿਆਂ ਵਿਰੁੱਧ ਮੁਹਿੰਮ" ਨਿਰੰਤਰ ਜਾਰੀ ਰਹੇਗੀ ਅਤੇ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਤਸਕਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਸਕੱਤਰ ਮਾਰਕਿਟ ਕਮੇਟੀ ਨਰਿੰਦਰਪਾਲ ਸਿੰਘ, ਡੀ.ਐਸ.ਪੀ. ਹਰਵਿੰਦਰ ਸਿੰਘ ਖਹਿਰਾ, ਡੀ.ਐਸ.ਪੀ. ਕਰਨੈਲ ਸਿੰਘ, ਮੁੱਖ ਥਾਣਾ ਅਫਸਰ ਇੰਸਪੈਕਟਰ ਪ੍ਰਤੀਕ ਜਿੰਦਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਾਰਕਿਟ ਕਮੇਟੀ ਅਤੇ ਪੁਲਿਸ ਮੁਲਾਜ਼ਮ ਹਾਜ਼ਰ ਸਨ।