ਨਵੀਂ ਦਿੱਲੀ : ਖੇਡ ਮੰਤਰਾਲੇ ਨੇ ਜ਼ਮੀਨੀ ਪੱਧਰ ’ਤੇ ਪ੍ਰਤਿਭਾ ਨੂੰ ਨਿਖਾਰਨ ਲਈ ਸੱਤ ਰਾਜਾਂ ਵਿਚ ਕੁਲ 143 ਖੇਲੋ ਇੰਡੀਆ ਕੇਂਦਰ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ ਜਿਸ ’ਤੇ ਕੁਲ 14.30 ਕਰੋੜ ਰੁਪਏ ਦਾ ਖ਼ਰਚਾ ਆਵੇਗਾ। ਇਨ੍ਹਾਂ ਕੇਂਦਰਾਂ ਨੂੰ ਮਹਾਰਾਸ਼ਟਰ, ਮਿਜ਼ੋਰਮ, ਗੋਆ, ਕਰਨਾਟਕ, ਮੱਧ ਪ੍ਰਦੇਸ਼, ਅਰੁਣਾਚਲ ਪ੍ਰਦੇਸ਼ ਅਤੇ ਮਣੀਪੁਰ ਵਿਚ ਸਥਾਪਤ ਕੀਤਾ ਜਾਵੇਗਾ। ਹਰ ਕੇਂਦਰ ਵਿਚ ਕਿਸੇ ਇਕ ਖੇਡ ਦੀ ਸਹੂਲਤ ਹੋਵੇਗੀ। ਖੇਡ ਮੰਤਰੀ ਕੀਰੇਨ ਰੀਜੀਜੂ ਨੇ ਦਸਿਆ, ‘ਭਾਰਤ ਨੂੰ 2028 ਓਲੰਪਿਕ ਵਿਚ ਸਿਖਰਲੇ ਦਸ ਦੇਸ਼ਾਂ ਵਿਚ ਸ਼ਾਮਲ ਕਰਨ ਦਾ ਸਾਡਾ ਯਤਨ ਹੈ। ਇਸ ਨੂੰ ਹਾਸਲ ਕਰਨ ਲਈ ਸਾਨੂੰ ਖਿਡਾਰੀਆਂ ਦੀ ਉਨ੍ਹਾਂ ਦੀ ਛੋਟੀ ਉਮਰ ਵਿਚ ਹੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਨਿਖਾਰਨ ਦੀ ਲੋੜ ਹੈ। ਉਨ੍ਹਾਂ ਕਿਹਾ, ‘ਜ਼ਿਲ੍ਹਾ ਪੱਧਰੀ ਖੇਲੋ ਇੰਡੀਆ ਕੇਂਦਰਾਂ ’ਤੇ ਚੰਗੇ ਅਧਿਆਪਕਾਂ ਅਤੇ ਉਪਕਰਨਾਂ ਦੀ ਮੌਜੂਦਗੀ ਵਿਚ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਸਹੀ, ਸਮੇਂ ’ਤੇ ਸਹੀ ਖੇਡ ਲਈ ਸਹੀ ਬੱਚੇ ਲੱਭਣ ਵਿਚ ਸਫ਼ਲ ਹੋਵਾਂਗੇ।’ ਮੰਤਰਾਲੇ ਨੇ ਜੂਨ 2020 ਵਿਚ ਚਾਰ ਸਾਲ ਵਿਚ 1000 ਖੇਲੋ ਇੰਡੀਆ ਕੇਂਦਰ ਖੋਲ੍ਹਣ ਦੀ ਯੋਜਨਾ ਬਣਾਈ ਸੀ ਜਿਨ੍ਹਾਂ ਵਿਚੋਂ ਘੱਟੋ ਘੱਟ ਹਰ ਜ਼ਿਲ੍ਹੇ ਵਿਚ ਇਕ ਕੇਂਦਰ ਖੋਲ੍ਹਣ ਦੀ ਯੋਜਨਾ ਹੈ। 217 ਕੇਂਦਰ ਪਹਿਲਾਂ ਹੀ ਕਈ ਰਾਜਾਂ ਵਿਚ ਖੋਲ੍ਹੇ ਜਾ ਚੁੱਕੇ ਹਨ।