Tuesday, April 22, 2025

Articles

ਚੱਪਲ ਵਰਗੇ ਸਾਥੀ.....!

April 21, 2025 02:42 PM
SehajTimes

ਜੀਵਨ ਇੱਕ ਅਜਿਹੀ ਰੇਲਗੱਡੀ ਦੀ ਤਰ੍ਹਾਂ ਹੈ ਜਿਸ ਵਿੱਚ ਸਾਥੀਆਂ ਦੀ ਆਵਾਜਾਈ ਲਗਾਤਾਰ ਜਾਰੀ ਰਹਿੰਦੀ ਹੈ। ਇਹ ਸਾਥੀ ਕਦੇ ਮਿੱਤਰ ਦੇ ਰੂਪ ਵਿੱਚ ਮਿਲਦੇ ਹਨ ਕਦੇ ਰਿਸ਼ਤੇਦਾਰ ਦੇ ਰੂਪ ਵਿੱਚ, ਕਦੇ ਸਹਿਯੋਗੀ ਬਣਕੇ ਤਾਂ ਕਦੇ ਗੁਆਂਢੀ ਬਣਕੇ ਮਿਲਦੇ ਹਨ। ਪਰ ਹਰੇਕ ਸਾਥੀ ਸੱਚੇ ਦਿਲੋਂ ਸਾਥ ਨਿਭਾਵੇ, ਇਹ ਲਾਜ਼ਮੀ ਨਹੀਂ ਹੁੰਦਾ। ਜੀਵਨ ਦੀ ਇਸ ਰੇਲਗੱਡੀ ਵਿੱਚ ਅਨੇਕਾਂ ਸਾਥੀ ਅਜਿਹੇ ਵੀ ਹੁੰਦੇ ਹਨ ਜੋ ਚਿੱਟੇ ਕਾਗਜ਼ ਵਾਂਗ ਸਾਫ ਦਿਸਦੇ ਹਨ, ਪਰ ਅੰਦਰੋਂ ਅਜਿਹੇ ਕਾਲੇ ਕਿਰਦਾਰ ਵਾਲੇ ਹੁੰਦੇ ਹਨ ਜੋ ਸਿਰਫ਼ ਆਪਣੀ ਲਾਭ ਲੋਭੀ ਸੋਚ ਹੇਠ ਹੀ ਸਾਡੇ ਸਾਥੀ ਬਣੇ ਰਹਿੰਦੇ ਹਨ। ਇਹੋ ਜਿਹੇ ਸਾਥੀਆਂ ਦੀ ਤੁਲਨਾ ਜਦੋਂ ਅਸੀਂ "ਚੱਪਲ" ਨਾਲ ਕਰਦੇ ਹਾਂ, ਤਾਂ ਇਹ ਇਕ ਅਤਿਅੰਤ ਗੂੜੀ ਤੇ ਅਸਲੀਅਤ ਭਰੀ ਮਿਸਾਲ ਬਣ ਜਾਂਦੀ ਹੈ। ਬਰਸਾਤ ਦੇ ਦਿਨਾਂ ਵਿੱਚ ਜਦੋਂ ਅਸੀਂ ਚੱਪਲ ਪਾ ਕੇ ਕੱਚੀਆਂ ਰਾਹਵਾਂ ‘ਤੇ ਜਾਂਦੇ ਹਾਂ, ਤਾਂ ਇਹ ਚੱਪਲ ਸਾਨੂੰ ਤੁਰਨ ਵਿੱਚ ਤਾਂ ਸਹਿਯੋਗ ਦਿੰਦੀ ਹੈ, ਪਰ ਨਾਲ ਹੀ ਪਿੱਛੇ ਪਾਣੀ ਦੇ ਗੰਦੇ ਛਿੱਟੇ ਵੀ ਸਾਡੀਆਂ ਪੈਂਟਾਂ ਤੇ ਕੁਰਤਿਆਂ ਉੱਤੇ ਪਾ ਦਿੰਦੀ ਹੈ। ਇਹੀ ਹਾਲਤ ਉਨ੍ਹਾਂ ਸਾਥੀਆਂ ਦੇ ਵੀ ਹੁੰਦੇ ਹਨ ਜੋ ਉਪਰੋਂ ਸਾਥੀ ਬਣਕੇ ਚਲਦੇ ਹਨ, ਪਰ ਅੰਦਰੋਂ ਸਾਡੀ ਨਿੰਦਾ, ਸਾਡਾ ਬੁਰਾ, ਸਾਡੀ ਨੱਕਾਮੀ ਅਤੇ ਅਸਫਲਤਾ ਦੀ ਖੁਸ਼ੀ ਅਤੇ ਸਫਲਤਾ ਦਾ ਦੁੱਖ ਮਨਾਉਂਦੇ ਹਨ। ਕਈ ਵਾਰ ਇਹ ਸਾਥੀ ਸਾਡੀ ਜ਼ਿੰਦਗੀ ਵਿੱਚ ਇੰਨਾ ਨੇੜੇ ਹੋ ਜਾਂਦੇ ਹਨ ਕਿ ਅਸੀਂ ਉਹਨਾਂ ਉੱਤੇ ਪੂਰਾ ਭਰੋਸਾ ਕਰ ਲੈਂਦੇ ਹਾਂ। ਉਹਨਾਂ ਦੀ ਮੌਜੂਦਗੀ ਸਾਡੀ ਦਿਲਾਸਾ ਬਣ ਜਾਂਦੀ ਹੈ। ਪਰ ਜਿਵੇਂ ਹੀ ਅਸੀਂ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਕੁਝ ਚੰਗਾ ਕਰਨ ਦਾ ਮਨ ਬਣਾਉਂਦੇ ਹਾਂ, ਇਹ ਚੱਪਲ ਵਰਗੇ ਸਾਥੀ ਓਦੋਂ ਸਾਡੀ ਪਿੱਠ ਪਿੱਛੇ ਅਜਿਹੀਆਂ ਗੱਲਾਂ ਫੈਲਾਉਣਾ ਸ਼ੁਰੂ ਕਰ ਦਿੰਦੇ ਹਨ ਜੋ ਸਾਡੀ ਸਖਸ਼ੀਅਤ ਨੂੰ ਗਿਰਾਉਣ ਵਾਲੀਆਂ ਹੁੰਦੀਆਂ ਹਨ। ਉਹ ਹਮੇਸ਼ਾ ਸਾਡੀਆਂ ਜੜਾਂ ਵੱਢਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਜੋ ਅਸੀਂ ਅੱਗੇ ਨਾ ਵਧ ਸਕੀਏ। ਇਹ ਸਾਥੀ ਦੋ ਮੂੰਹੇ ਸੱਪ ਜਾਂ ਦੌਗਲੇ ਕਿਰਦਾਰ ਵਾਲੇ ਹੁੰਦੇ ਹਨ। ਸਾਹਮਣੇ ਅਸੀਂ ਉਨ੍ਹਾਂ ਲਈ ਸਭ ਕੁਝ ਹਾਂ, ਉਨ੍ਹਾਂ ਦੇ ਮਨ ਦੀ ਧੜਕਣ ਹਾਂ, ਸੱਚੇ ਦੋਸਤ ਹਾਂ। ਪਰ ਜਿਵੇਂ ਹੀ ਅਸੀਂ ਉਨ੍ਹਾਂ ਦੇ ਘੇਰੇ ਵਿੱਚੋਂ ਬਾਹਰ ਆਉਂਦੇ ਹਾਂ, ਉਹੀ ਸਾਥੀ ਸਾਡੀ ਸਫਲ ਉਡਾਣ ਤੋਂ ਲੈ ਕੇ ਸਾਡੀਆਂ ਨਿੱਜੀ ਗੱਲਾਂ ਨੂੰ ਮਜ਼ਾਕ ਦਾ ਵਿਸ਼ਾ ਬਣਾਉਂਦੇ ਅਤੇ ਸਾਡੇ ਪ੍ਰਤਿ ਸਾਡੇ ਜਾਣਕਾਰਾਂ ਦੇ ਮਨ ਵਿੱਚ ਜਹਿਰ ਘੋਲਦੇ ਹਨ। ਹਨ। ਇਹ ਸਾਥੀ ਸਾਨੂੰ ਸਾਹਮਣੇ-ਸਾਹਮਣੇ ਤਾਂ ਤਕਲੀਫ਼ ਨਹੀਂ ਦਿੰਦੇ, ਪਰ ਪਿੱਠ ਪਿੱਛੇ ਸਾਡੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਦਾ ਕਾਰਨ ਬਣ ਜਾਂਦੇ ਹਨ। ਇਹੀ ਹੈ ‘ਚੱਪਲ ਵਰਗਾ ਸਾਥੀ’ - ਜੋ ਸਾਥ ਦਿੰਦਾ ਹੋਇਆ ਵੀ, ਸਾਥ ਵਿੱਚ ਲੁਕੇ ਹੋਏ ਧੋਖੇ ਅਤੇ ਵਿਸ਼ਵਾਸਘਾਤ ਨਾਲ ਭਰਿਆ ਹੁੰਦਾ ਹੈ।

ਇਹ ਚੱਪਲ ਵਰਗੇ ਸਾਥੀ ਸਿਰਫ਼ ਦੋਸਤੀ ਤੱਕ ਸੀਮਤ ਨਹੀਂ ਰਹਿੰਦੇ। ਇਹ ਤੁਹਾਨੂੰ ਰਿਸ਼ਤਿਆਂ ਵਿੱਚ ਵੀ ਮਿਲਦੇ ਹਨ। ਇਹ ਤੁਹਾਡੀ ਹਰ ਉਪਲਬਧੀ ਉੱਤੇ ਅੰਦਰੋਂ ਸੜਦੇ ਹਨ, ਪਰ ਬਾਹਰੋਂ ਵਧਾਈਆਂ ਦੇਕੇ ਸਾਮਜਿਕ ਰੂਪ ਵਿੱਚ ਖੁਸ਼ੀ ਦਾ ਇਜਹਾਰ ਕਰਦੇ ਹਨ। ਇਹੋ ਜਿਹੇ ਲੋਕ ਸਿਰਫ਼ ਆਪਣੇ ਹਿਤਾਂ ਦੀ ਪੂਰਤੀ ਲਈ ਤੁਹਾਡੇ ਨੇੜੇ ਆਉਂਦੇ ਹਨ। ਜਿਵੇਂ ਹੀ ਉਨ੍ਹਾਂ ਦਾ ਕੰਮ ਖ਼ਤਮ, ਉਨ੍ਹਾਂ ਦਾ ਸਾਥ ਵੀ ਖ਼ਤਮ। ਤੁਸੀਂ ਅਜਿਹੇ ਚੱਪਲ ਵਰਗੇ ਸਾਥੀਆਂ ਨੂੰ ਸਮਾਜ ਦੇ ਹਰ ਇੱਕ ਖੇਤਰ ਵਿੱਚ ਵੇਖ ਸਕਦੇ ਹੋ। ਕੰਮ ਕਰਦੇ ਕਰਦੇ ਕੋਈ ਅਜਿਹਾ ਵਿਅਕਤੀ ਜੋ ਤੁਹਾਡਾ ਦੋਸਤ ਬਣ ਜਾਂਦਾ ਹੈ, ਦਫਤਰ ਵਿੱਚ ਤੁਹਾਡੀ ਮਦਦ ਕਰਦਾ ਹੋਇਆ ਦਿਸਦਾ ਹੈ, ਪਰ ਜਿਵੇਂ ਹੀ ਤੁਹਾਡੀ ਤਰੱਕੀ ਹੋਣ ਦੀ ਸੰਭਾਵਨਾ ਬਣਦੀ ਹੈ, ਉਹ ਚੁੱਪਚਾਪ ਮਾਲਕ ਜਾਂ ਉੱਚ ਅਧਿਕਾਰੀ ਕੋਲ ਤੁਹਾਡੇ ਖਿਲਾਫ਼ ਗੱਲਾਂ ਪਹੁੰਚਾਉਣ ਵਿੱਚ ਲੱਗ ਜਾਂਦਾ ਹੈ। ਤੁਹਾਡੀਆਂ ਗਲਤੀਆਂ ਲੱਭ ਕੇ ਪੇਸ਼ ਕਰਨਾ, ਤੁਹਾਡੀ ਕਮੀਜ਼ ਤੇ ਛਿੱਟੇ ਪਾਉਣਾ ਇਹਨਾਂ ਦੀ ਆਦਤ ਹੁੰਦੀ ਹੈ।

ਇਹ ਚੱਪਲ ਵਰਗੇ ਸਾਥੀ ਤੁਹਾਡੇ ਗੁਆਂਢ ਵਿੱਚ ਵੀ ਹੋ ਸਕਦੇ ਹਨ। ਜਿਵੇਂ ਹੀ ਤੁਹਾਡੇ ਘਰ ਵਿੱਚ ਖੁਸ਼ੀ ਆਉਂਦੀ ਹੈ, ਇਹ ਪਿੱਠ ਪਿੱਛੇ ਝੂਠੀਆਂ ਗੱਲਾਂ ਨੂੰ ਹੋਰ ਰੰਗ ਲਾ ਕੇ ਫੈਲਾਉਣ ਵਿੱਚ ਲੱਗ ਜਾਂਦੇ ਹਨ। ਇਹ ਸਾਥੀ ਮੂੰਹ ਉੱਤੇ ਤੁਹਾਡਾ ਸਾਥੀ ਬਣ ਕੇ, ਪਿੱਠ ਪਿੱਛੇ ਤੁਸੀਂ ਕਿੰਨਾ ਕਮਾਉਂਦੇ ਹੋ, ਕਿਵੇਂ ਰਹਿੰਦੇ ਹੋ, ਕਿਹੜੀਆਂ ਲੋੜਾਂ ਪੂਰੀਆਂ ਕਰਦੇ ਹੋ, ਇਹਨਾਂ ਗੱਲਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕਰਦੇ ਹਨ। ਜੀਵਨ ਦੀ ਰਾਹਦਾਰੀ ਵਿੱਚ ਅਸੀਂ ਹਰ ਕਿਸੇ ਨੂੰ ਨਕਾਰ ਨਹੀਂ ਸਕਦੇ। ਪਰ ਇਹ ਜਰੂਰੀ ਹੈ ਕਿ ਅਸੀਂ ਸਮਝਦਾਰੀ ਅਤੇ ਹੋਸ਼ਿਆਰੀ ਨਾਲ ਸਾਥੀ ਚੁਣੀਏ। ਜਿਸ ਤਰ੍ਹਾਂ ਬਰਸਾਤ ਵਿੱਚ ਚੱਪਲ ਪਾਉਣ ਤੋਂ ਪਹਿਲਾਂ ਅਸੀਂ ਸੋਚਦੇ ਹਾਂ ਕਿ ਕਿਉਂਕਿ ਇਹ ਗੰਦੇ ਪਾਣੀ ਦੇ ਛਿੱਟੇ ਪਾ ਸਕਦੀ ਹੈ, ਤਿਵੇਂ ਸਾਥੀਆਂ ਦੀ ਚੋਣ ਕਰਦੇ ਸਮੇਂ ਵੀ ਅਸੀਂ ਸੋਚੀਏ ਕਿ ਕਿਤੇ ਇਹ ਸਾਥੀ ਸਾਡੀ ਨਿੱਤ ਨਵੀਂ ਉਜਾਲੀ ਜ਼ਿੰਦਗੀ ‘ਤੇ ਕਾਲੇ ਛਿੱਟੇ ਤਾਂ ਨਹੀਂ ਪਾ ਰਹੇ।

ਸੱਚੇ ਸਾਥੀ ਉਹ ਹਨ ਜੋ ਮੌਸਮ ਦੇ ਹਰੇਕ ਰੂਪ ਵਿੱਚ ਸਾਥ ਨਿਭਾਉਣ। ਜਦੋਂ ਅਸੀਂ ਡਿੱਗਦੇ ਹਾਂ, ਉਹ ਸਾਨੂੰ ਚੁੱਕਣ, ਨਾ ਕਿ ਹੋਰ ਡਰਾਮੇ ਕਰਕੇ ਹਾਸੇ ਬਣਾਉਣ। ਅਜਿਹੇ ਸਾਥੀ ਜ਼ਿੰਦਗੀ ਦੀ ਦੌਲਤ ਹੁੰਦੇ ਹਨ। ਪਰ ਚੱਪਲ ਵਰਗੇ ਸਾਥੀ ਸਿਰਫ਼ ਜ਼ਿੰਦਗੀ ਦੀ ਰੁਕਾਵਟ ਬਣਦੇ ਹਨ। ਇਸ ਕਰਕੇ ਜਦੋਂ ਵੀ ਕੋਈ ਤੁਹਾਡਾ ਦੋਸਤ, ਰਿਸ਼ਤੇਦਾਰ ਜਾਂ ਸਹਿਯੋਗੀ ਤੁਹਾਡਾ ਸਾਥੀ ਬਣੇ, ਤਾਂ ਉਸ ਦੀ ਨੀਅਤ ਨੂੰ ਸਮਝੋ। ਉਸ ਦੀ ਮੰਦਭਾਵਨਾ ਨੂੰ ਸਮਝੋ। ਇਹ ਜਾਣੋ ਕਿ ਉਹ ਤੁਹਾਡੀ ਤਰੱਕੀ 'ਚ ਖੁਸ਼ ਹੁੰਦਾ ਹੈ ਜਾਂ ਝੁਰਦਾ ਹੈ। ਕਿਉਂਕਿ ਅਜਿਹੇ ਚੱਪਲ ਵਰਗੇ ਸਾਥੀ ਨਾ ਸਿਰਫ਼ ਤੁਹਾਡਾ ਸਾਥ ਨਿਭਾਉਣ ਵਿੱਚ ਨਾਕਾਮ ਰਹਿੰਦੇ ਹਨ, ਸਗੋਂ ਤੁਹਾਡੀ ਇਮਾਨਦਾਰੀ, ਕਿਰਦਾਰ ਅਤੇ ਪਛਾਣ 'ਤੇ ਵੀ ਛਿੱਟੇ ਪਾਉਣ ਦੇ ਯਤਨ ਕਰਦੇ ਹਨ। ਜੀਵਨ ਵਿੱਚ ਤਰੱਕੀ ਕਰਨੀ ਹੈ, ਤਾਂ ਝੂਠੇ ਸਾਥੀਆਂ ਦੀ ਪਹਿਚਾਣ ਕਰਨੀ ਪਵੇਗੀ। ਅਸਲ ਦੋਸਤੀਆਂ ਤੇ ਸਾਥੀਆਂ ਦੀ ਕਦਰ ਕਰਨੀ ਪਵੇਗੀ। ਚੱਪਲ ਵਰਗੇ ਸਾਥੀਆਂ ਤੋਂ ਸਾਵਧਾਨ ਰਹਿਣਾ ਪਵੇਗਾ। ਤਾਂ ਹੀ ਅਸੀਂ ਆਪਣੀ ਜਿੰਦਗੀ ਨੂੰ ਸਹੀ ਦਿਸ਼ਾ ਵਿੱਚ ਲੈ ਕੇ ਜਾ ਸਕਦੇ ਹਾਂ ਅਤੇ ਇਕ ਸੁਚੱਜਾ, ਨੈਤਿਕ ਅਤੇ ਵਧੀਆ ਸਮਾਜ ਦਾ ਨਿਰਮਾਣ ਕਰ ਸਕਦੇ ਹਾਂ। ਅੰਤ ਵਿੱਚ, ਚੱਪਲ ਵਰਗਾ ਸਾਥੀ ਕੋਈ ਵਿਅਕਤੀ ਵਿਸ਼ੇਸ਼ ਨਹੀਂ, ਇਹ ਇਕ ਵਰਤਾਰਾ, ਇਕ ਰਵੱਈਆ ਹੈ। ਇਹ ਹਰ ਥਾਂ, ਹਰ ਰੂਪ ਵਿੱਚ ਤੁਹਾਡੇ ਆਲੇ-ਦੁਆਲੇ ਮੌਜੂਦ ਹੋ ਸਕਦਾ ਹੈ। ਇਹ ਤੁਹਾਡੀ ਜਿੰਦਗੀ ਦਾ ਹਿੱਸਾ ਵੀ ਬਣ ਸਕਦਾ ਹੈ। ਪਰ ਤੁਸੀਂ ਕਿੰਨੇ ਹੋਸ਼ਿਆਰ ਹੋ, ਇਹ ਤੁਹਾਡੀ ਸਮਝ ਤੇ ਨਜ਼ਰਾਂ ਤੇ ਨਿਰਭਰ ਕਰਦਾ ਹੈ। ਜੇ ਤੁਸੀਂ ਸਮਝਦਾਰੀ ਨਾਲ ਅਜਿਹੇ ਚੱਪਲ ਵਰਗੇ ਸਾਥੀਆਂ ਨੂੰ ਵਕਤ 'ਤੇ ਪਛਾਣ ਲਿਆ, ਤਾਂ ਤੁਹਾਡਾ ਜੀਵਨ ਨਾ ਸਿਰਫ਼ ਸੁੰਦਰ ਬਣੇਗਾ, ਸਗੋਂ ਉੱਚੀਆਂ ਚੋਟੀਆਂ ਨੂੰ ਛੂਹਣ ਵਾਲਾ ਹੋਵੇਗਾ।

liberalthinker1621@gmail.com

ਸੰਦੀਪ ਕੁਮਾਰ-7009807121

ਐਮ.ਸੀ.ਏ, ਐਮ.ਏ ਮਨੋਵਿਗਆਨ

ਰੂਪਨਗਰ

Have something to say? Post your comment