ਲੰਡਨ : ਬ੍ਰਿਟੇਨ 'ਚ ਕੋਵਿਡ ਨਾਲ ਹੋਣ ਵਾਲੀਆਂ ਹਜ਼ਾਰਾਂ ਲੋਕਾਂ ਦੀ ਮੌਤਾਂ ਲਈ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਜ਼ਿੰਮੇਵਾਰ ਠਹਿਰਾਉਣ ਵਾਲੇ ਡੋਮਿਨਿਕ ਕਮਿੰਗਜ਼ ਦੇ ਦੋਸ਼ਾਂ ਨੂੰ ਜਾਨਸਨ ਨੇ ਨਕਾਰ ਦਿੱਤਾ ਹੈ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਆਪਣੇ ਸਾਬਕਾ ਮੁੱਖ ਸਹਿਯੋਗੀ ਦੇ ਇਲਜ਼ਾਮਾਂ ‘ਤੇ ਕਿਹਾ ਕਿ ਕੁਝ ਚੀਜ਼ਾਂ ਦਾ ਹਕੀਕਤ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਡੋਮਿਨਿਕ ਕਮਿੰਗਜ਼ ਪਿਛਲੇ ਸਾਲ ਦੇ ਅੰਤ ਤੱਕ ਬੋਰਿਸ ਜਾਨਸਨ ਦੇ ਬਹੁਤ ਖਾਸ ਸਹਿਯੋਗੀ ਵਜੋਂ ਜਾਣੇ ਜਾਂਦੇ ਸਨ। ਸੰਸਦੀ ਕਮੇਟੀ ਅੱਗੇ ਸੱਤ ਘੰਟੇ ਆਪਣੇ ਭਾਸ਼ਣ ਵਿੱਚ, ਕਮਿੰਗਜ਼ ਨੇ ਹਮਲਾ ਬੋਲਦਿਆਂ ਜਾਨਸਨ ਨੂੰ ਅਯੋਗ, ਅਸੰਗਠਿਤ ਦੱਸਦਿਆਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਬਣੇ ਰਹਿਣ ਦੇ ਅਯੋਗ ਹੋਣ ਦੀ ਗੱਲ ਕਹੀ ਸੀ । ਦੱਸ ਦੇਈਏ ਕਿ ਬ੍ਰਿਟੇਨ ਵਿੱਚ ਕੋਰੋਨਾ ਕਾਰਨ ਇਕ ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਬ੍ਰਿਟੇਨ ਦੁਨੀਆਂ ਦਾ ਪੰਜਵਾਂ ਸਭ ਤੋਂ ਵੱਧ ਮੌਤ ਵਾਲਾ ਦੇਸ਼ ਹੈ। ਇਥੇ ਕਰੀਬ 1 ਲੱਖ 28 ਹਜ਼ਾਰ ਮੌਤਾਂ ਹੋਈਆਂ ਹਨ। ਕਮਿੰਗਜ਼ ਨੇ ਕਿਹਾ ਕਿ ਸਰਕਾਰ ਦੀ ਅਯੋਗਤਾ ਅਤੇ ਦੇਰੀ ਕਾਰਨ ਹੋਰ ਮੌਤਾਂ ਹੋਈਆਂ। ਕਮਿੰਗਜ਼ ਦੇ ਦੋਸ਼ਾਂ 'ਤੇ, ਜਾਨਸਨ ਨੇ ਕਿਹਾ ਕਿ ਅਸੀਂ ਸਥਿਤੀ ਨੂੰ ਕਦੇ ਵੀ ਕਿਸੇ ਵੀ ਤਰਾਂ ਹਲਕੇ ਵਿੱਚ ਨਹੀਂ ਲਿਆ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਸਾਥੀਆਂ ਨਾਲ ਮਿਲ ਕੇ ਬਿਹਤਰ ਫੈਸਲੇ ਲਏ ਹਨ।