ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਆਗੂ ਜਸਵੀਰ ਸਿੰਘ ਮੈਦੇਵਾਸ ਅਤੇ ਸੰਤ ਰਾਮ ਛਾਜਲੀ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸ਼ੰਭੂ ਬਾਰਡਰ ਤੋਂ ਕਿਸਾਨਾਂ ਦਾ ਸਮਾਨ ਚੋਰੀ ਕਰਨ ਅਤੇ ਕਿਸਾਨ ਆਗੂ ਦੀ ਕੁੱਟਮਾਰ ਕਰਨ ਦੇ ਰੋਸ ਵਜੋਂ ਛੇ ਮਈ ਨੂੰ ਸ਼ੰਭੂ ਥਾਣੇ ਸਾਹਮਣੇ ਧਰਨਾ ਦਿੱਤਾ ਜਾਵੇਗਾ। ਅੱਗ ਲੱਗਣ ਨਾਲ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਦੀ ਮੰਗ ਲਈ ਦੋ ਮਈ ਨੂੰ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇ ਜਾਣਗੇ। ਮੰਗਲਵਾਰ ਨੂੰ ਸੁਨਾਮ ਵਿਖੇ ਗੁਰਦੁਆਰਾ ਸਾਹਿਬ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਹੋਈ ਮੀਟਿੰਗ ਵਿੱਚ ਹਾਜ਼ਰ ਜਥੇਬੰਦੀ ਦੇ ਜ਼ਿਲ੍ਹਾ ਆਗੂਆਂ ਜਸਵੀਰ ਸਿੰਘ ਮੈਦੇਵਾਸ ਤੇ ਸੰਤ ਰਾਮ ਸਿੰਘ ਛਾਜਲੀ ਨੇ ਕਿਹਾ ਕਿ ਕਿਸਾਨਾਂ ਦੀਆਂ ਕਣਕਾਂ ਅੱਗ ਨਾਲ ਸੜਕੇ ਬਰਬਾਦ ਹੋ ਗਈਆਂ ਹਨ ਉਨ੍ਹਾਂ ਦੇ ਹੋਏ ਆਰਥਿਕ ਦੀ ਪੂਰਤੀ ਲਈ ਲਈ ਦੋਵਾਂ ਫੋਰਮਾ ਦੇ ਸੱਦੇ ਤਹਿਤ ਦੋ ਮਈ ਨੂੰ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇਕੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਜਾਵੇਗੀ। ਕਿਸਾਨਾਂ ਨੂੰ ਸਰਕਾਰ 50 ਹਜਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਵੇ। ਕਿਸਾਨ ਆਗੂਆਂ ਨੇ ਦੱਸਿਆ ਕਿ ਛੇ ਮਈ ਨੂੰ ਸ਼ੰਭੂ ਥਾਣੇ ਅੱਗੇ ਧਰਨਾ ਲਾਇਆ ਜਾਵੇਗਾ। ਸੰਭੂ ਥਾਣੇ ਦੀ ਪੁਲਿਸ ਨੇ ਕਿਸਾਨਾਂ ਦੀਆਂ ਟਰਾਲੀਆਂ ਪਾਣੀ ਵਾਲੀਆਂ ਟੈਂਕੀਆਂ ਸੈਂਕੜੇ ਕੁਇੰਟਲ ਲੋਹਾ, ਸ਼ੈੱਡ, ਭਾਂਡੇ ਬਿਸਤਰੇ, ਮੰਜੇ, ਕੂਲਰ ਫਰਿੱਜ ਤੇ ਹੋਰ ਕੀਮਤੀ ਸਮਾਨ ਪੁਲਿਸ ਦੀ ਨਿਗ੍ਹਾ ਥੱਲੇ ਚੋਰੀ ਕਰਾਇਆ ਗਿਆ ਹੈ ਉਸਦੀ ਭਰਪਾਈ ਲਈ ਸੰਭੂ ਥਾਣੇ ਅੱਗੇ 6 ਮਈ ਨੂੰ ਧਰਨਾ ਦੇ ਕੇ ਮੰਗ ਕੀਤੀ ਜਾਵੇਗੀ। ਮੋਰਚੇ ਦੇ ਆਗੂਆਂ ਨਾਲ ਕੁੱਟਮਾਰ ਅਤੇ ਧੱਕੇਸ਼ਾਹੀ ਕਰਨ ਵਾਲੇ ਉਸ ਸਮੇਂ ਦੇ ਐਸ ਐਚ ਓ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਜਾਵੇਗੀ। ਇਸ ਮੌਕੇ ਬੂਟਾ ਸਿੰਘ, ਹਰਬੰਸ ਸਿੰਘ ਝਾੜੋਂ, ਗੁਰਚਰਨ ਸਿੰਘ, ਦਰਸ਼ਨ ਸਿੰਘ, ਅਮਰ ਸਿੰਘ ਬਿਗੜਵਾਲ, ਹਰਬੰਸ ਸਿੰਘ, ਸਤਪਾਲ ਸਿੰਘ ਤੋਲਾਵਾਲ, ਬਿੱਕਰ ਸਿੰਘ ਚੀਮਾਂ, ਗੋਕਲ ਪੰਡਿਤ ਛਾਜਲੀ, ਦਰਸ਼ਨ ਸਿੰਘ ਸਮੇਤ ਹੋਰ ਆਗੂ ਹਾਜ਼ਰ ਸਨ।