ਸੁਨਾਮ : ਭਾਜਪਾ ਦੀ ਸੂਬਾ ਸਕੱਤਰ ਦਾਮਨ ਥਿੰਦ ਬਾਜਵਾ ਨੇ ਕਿਹਾ ਕਿ ਗੁਰੂਆਂ ਦੀਆਂ ਸਿੱਖਿਆਵਾਂ ਅਜੋਕੇ ਸਮੇਂ ਵੀ ਉਨ੍ਹੀਆਂ ਹੀ ਪ੍ਰਸੰਗਿਕ ਹਨ ਜਿੰਨੀਆਂ ਹਜ਼ਾਰਾਂ ਸਾਲ ਪਹਿਲਾਂ ਸਨ। ਉਨ੍ਹਾਂ ਆਖਿਆ ਕਿ ਸਾਨੂੰ ਗੁਰੂਆਂ ਦੇ ਦਰਸਾਏ ਮਾਰਗ ਤੇ ਚੱਲਕੇ ਮਨੁੱਖਤਾ ਦੀ ਭਲਾਈ ਲਈ ਕਾਰਜਸ਼ੀਲ ਰਹਿਣਾ ਚਾਹੀਦਾ ਹੈ। ਬੁੱਧਵਾਰ ਨੂੰ ਸੁਨਾਮ ਵਿਖੇ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੀ ਜਯੰਤੀ ਮੌਕੇ ਸ਼੍ਰੀ ਸ਼ਿਵ ਕੁਟੀ ਮੰਦਿਰ ਨੇੜੇ ਪੁਰਾਣਾ ਸਿਵਲ ਹਸਪਤਾਲ ਵਿਖੇ ਬਰਾਦਰੀ ਬ੍ਰਾਹਮਣ ਬਤਰਫ ਉਬਰਾਓ ਵੱਲੋਂ ਆਯੋਜਿਤ ਕੀਤੇ ਧਾਰਮਿਕ ਸਮਾਗਮ ਨੂੰ ਸੰਬੋਧਨ ਕਰਦਿਆਂ ਦਾਮਨ ਬਾਜਵਾ ਨੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਜਿਹੇ ਸਮਾਗਮ ਅਜੋਕੀ ਪੀੜ੍ਹੀ ਲਈ ਪ੍ਰੇਰਨਾ ਸਰੋਤ ਬਣਦੇ ਹਨ। ਪ੍ਰਬੰਧਕਾਂ ਵੱਲੋਂ ਦਾਮਨ ਬਾਜਵਾ ਨੂੰ ਸਨਮਾਨਿਤ ਕੀਤਾ ਗਿਆ। ਬ੍ਰਾਹਮਣ ਸਭਾ ਦੇ ਕੌਮੀ ਆਗੂ ਪ੍ਰਦੀਪ ਮੈਨਨ ਨੇ ਆਖਿਆ ਕਿ ਮਨੁੱਖ ਨੂੰ ਆਪਣੇ ਪੁਰਵਜਿਆਂ ਦੇ ਪਦ ਚਿੰਨ੍ਹਾਂ ਤੇ ਚੱਲਕੇ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤਤਪਰ ਰਹਿਣਾ ਚਾਹੀਦਾ ਹੈ। ਇਸ ਮੌਕੇ ਸੰਦੀਪ ਸ਼ਰਮਾ ਪ੍ਰਧਾਨ, ਮੁਨੀਸ਼ ਜੋਸ਼ੀ ਸੈਕਟਰੀ, ਅਨੁਰਿੱਧ ਵਸ਼ਿਸ਼ਟ, ਨੰਦ ਲਾਲ ਸ਼ਰਮਾ, ਹਰਭਗਵਾਨ ਸ਼ਰਮਾ, ਜਗਮੋਹਨ ਸ਼ਰਮਾ, ਅਬਦੁਲ ਰਹਿਮਾਨ, ਯੋਗੇਸ਼ ਸ਼ਰਮਾ, ਪ੍ਰੇਮ ਗੁਗਨਾਨੀ ਸੀਨੀਅਰ ਬੀਜੇਪੀ ਆਗੂ, ਰਿਸ਼ੀਪਾਲ ਖੇਰਾ, ਨਵੀਨ ਸ਼ਾਸ਼ਤਰੀ, ਪੰਕਜ, ਰੋਹਿਤ, ਰਵੀ, ਲਾਲੀ ਆਦਿ ਹਾਜ਼ਰ ਸਨ।