ਲੰਦਨ : ਲੰਦਨ ਦੇ ਰੁੱਝੇ ਰਹਿਣ ਵਾਲੇ ਹੀਥਰੋ ਹਵਾਈ ਅੱਡੇ ਨੇ ‘ਰੈੱਡ ਲਿਸਟ’ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਪ੍ਰਤੀਬੱਧ ਨਵਾਂ ਟਰਮੀਨਲ ਖੋਲ੍ਹ ਦਿਤਾ ਹੈ। ਕੋਵਿਡ ਮਹਾਂਮਾਰੀ ਕਾਰਨ ਜੋਖਮ ਵਾਲੇ ਦੇਸ਼ਾਂ ਨੂੰ ਰੈੱਡ ਲਿਸਟ ਜਾਂ ਲਾਲ ਸੂਚੀ ਵਿਚ ਰਖਿਆ ਗਿਆ ਹੈ। ਭਾਰਤ ਵੀ ਇਨ੍ਹਾਂ ਵਿਚ ਸ਼ਾਮਲ ਹੈ। ਇਨ੍ਹਾਂ ਦੇਸ਼ਾਂ ਤੋਂ ਸਿੱਧੀਆਂ ਉਡਾਣਾਂ ਰਾਹੀਂ ਆਉਣ ਵਾਲੇ ਯਾਤਰੀ ਹੁਣ ਟਰਮੀਨਲ 3 ਤੋਂ ਸਿੱਧੇ ਸਰਕਾਰ ਦੁਆਰਾ ਮਨਜ਼ੂਰ ਇਕਾਂਤਵਾਸ ਥਾਂ ਵਿਚ ਜਾਣਗੇ। ਇਸ ਦੀ ਬੁਕਿੰਗ ਯਾਤਰੀਆਂ ਦੇ ਅਪਣੇ ਖ਼ਰਚੇ ’ਤੇ ਕੀਤੀ ਜਾਵੇਗੀ। ਲੰਦਨ ਹਵਾਈ ਅੱਡੇ ਦੇ ਕਰਮਚਾਰੀਆਂ ਨੇ ਭੀੜ ਕਾਰਨ ਅਪਣੀ ਸੁਰੱਖਿਆ ਬਾਬਤ ਚਿੰਤਾ ਪ੍ਰਗਟ ਕੀਤੀ ਸੀ। ਰੈਡ ਲਿਸਟ ਵਾਲੇ ਦੇਸ਼ਾਂ ਤੋਂ ਬ੍ਰਿਟਿਸ਼ ਅਤੇ ਆਇਰਿਸ਼ ਨਾਗਰਿਕਾਂ ਦੇ ਇਲਾਵਾ ਸਿਰਫ਼ ਸੀਮਤ ਅਪਵਾਦ ਨੂੰ ਛੱਡ ਕੇ ਯਾਤਰਾ ’ਤੇ ਪਾਬੰਦੀ ਹੈ। ਹਵਾਈ ਅੱਡਾ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਰੈੱਡ ਲਿਸਟ ਵਾਲੇ ਦੇਸ਼ਾਂ ਦੇ ਯਾਤਰੀ ਵੀ ਗ੍ਰੀਨ ਅਤੇ ਅੰਬਰ ਸੂਚੀ ਵਾਲੇ ਦੇਸ਼ਾਂ ਨਾਲ ਮਿਲ ਰਹੇ ਹਨ। ਹੀਥਰੋ ਹਵਾਈ ਅੱਡੇ ਦੇ ਬੁਲਾਰੇ ਨੇ ਕਿਹਾ ਕਿ ਦੁਨੀਆਂ ਦੇ ਵੱਖ ਵੱਖ ਦੇਸ਼ ਅਪਣੀ ਆਬਾਦੀ ਦਾ ਟੀਕਾਕਰਨ ਕਰ ਰਹੇ ਹਨ। ਅਜਿਹੇ ਵਿਚ ਭਵਿੱਖ ਵਿਚ ਰੈੱਡ ਲਿਸਟ ਵਾਲੇ ਦੇਸ਼ਾਂ ਤੋਂ ਯਾਤਰਾ ਸੰਭਵ ਹੋ ਸਕਦੀ ਹੈ। ਇਸੇ ਕਾਰਨ ਇਕ ਜੂਨ ਤੋਂ ਟਰਮੀਨਲ 3 ਨੂੰ ਖੋਲ੍ਹ ਰਹੇ ਹਨ।