ਅਸੀਂ ਮਾਲੇਰਕੋਟਲਾ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਾਂਗੇ : ਡੀ.ਸੀ/ ਐਸ.ਐਸ.ਪੀ
ਈਦਗਾਹ ਪ੍ਰਬੰਧਕ ਕਮੇਟੀ ਵੱਲੋਂ ਡੀ.ਸੀ ਤੇ ਐਸ.ਐਸ.ਪੀ ਦਾ ਸਨਮਾਨ
ਮਾਲੇਰਕੋਟਲਾ : ਪੰਜਾਬ ਦੇ ਇਤਿਹਾਸਕ ਸ਼ਹਿਰ ਨਵੇਂ ਬਣੇ ਜ਼ਿਲ੍ਹਾ ਮਾਲੇਰਕੋਟਲਾ ਦੀ ਪਹਿਲੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਮ੍ਰਿਤ ਕੌਰ ਗਿੱਲ ਅਤੇ ਐਸ.ਐਸ.ਪੀ ਮੈਡਮ ਕੰਵਰਦੀਪ ਕੌਰ ਦੇ ਸਨਮਾਨ 'ਚ ਸਥਾਨਕ ਵੱਡੀ ਈਦਗਾਹ ਪ੍ਰਬੰਧਕ ਕਮੇਟੀ ਵੱਲੋਂ ਵੱਡੀ ਈਦਗਾਹ ਵਿਖੇ ਇੱਕ ਸਾਦੇ ਸਮਗਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਉਕਤ ਦੋਵੇਂ ਜਿਲ੍ਹਾ ਅਧਿਕਾਰੀਆਂ ਤੋਂ ਇਲਾਵਾ ਸਥਾਨਕ ਐਸ.ਡੀ.ਐਮ ਸ਼੍ਰੀ ਟੀ.ਬੈਨਿਥ (ਆਈ.ਏ.ਐਸ), ਲਤੀਫ ਅਹਿਮਦ ਥਿੰਦ ਐਸ.ਡੀ.ਐਮ ਧੂਰੀ, ਤਹਿਸੀਲਦਾਰ ਬਾਦਲਦੀਨ, ਹਜ਼ਰਤ ਮੌਲਾਨਾ ਮੁਫਤੀ ਇਰਤਕਾ ਉਲ ਹਸਨ ਕਾਂਧਲਵੀ ਮੁਫਤੀ ਏ ਆਜ਼ਮ ਪੰਜਾਬ, ਸਿਰਾਜ ਅਹਿਮਦ ਸੇਵਾ ਮੁਕਤ ਤਹਿਸੀਲਦਾਰ, ਜਾਮਾ ਮਸਜਿਦ ਦੇ ਇਮਾਮ ਮੌਲਾਨਾ ਅਬਦੁਲ ਸੱਤਾਰ, ਈਦਗਾਹ ਕਮੇਟੀ ਦੇ ਪ੍ਰਧਾਨ ਚੋਧਰੀ ਮੁਹੰਮਦ ਸਲੀਮ ਤੇ ਜਨਰਲ ਸਕੱਤਰ ਮੁਹੰਮਦ ਨਜ਼ੀਰ (ਵਸੀਕਾ ਨਵੀਸ) ਵੀ ਹਾਜ਼ਰ ਸਨ। ਜਿਲ੍ਹਾ ਮਾਲੇਰਕੋਟਲਾ ਦੀ ਪਹਿਲੀ ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਅਤੇ ਐਸ.ਐਸ.ਪੀ ਮੈਡਮ ਕੰਵਰਦੀਪ ਕੌਰ ਦਾ ਈਦਗਾਹ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਸਮੇਤ ਮੁਫਤੀ ਇਰਤਕਾ-ਉਲ-ਹਸਨ ਕਾਂਧਲਵੀ ਮੁਫਤੀ ਏ ਆਜ਼ਮ ਪੰਜਾਬ ਨੇ ਫੁੱਲਾਂ ਵਾਲਾ ਅਮਨ ਦਾ ਗੁਲਦਸਤਾ ਦੇ ਕੇ ਸਵਾਗਤ ਕਰਦਿਆਂ ਜਾਣੂ ਕਰਵਾਇਆ ਕਿ ਪੰਜਾਬ ਭਰ ਅੰਦਰ ਸਭ ਧਰਮਾਂ ਦੇ ਸਾਂਝੇ ਅਮਨ ਦੇ ਗੁਲਦਸਤੇ ਵਜੋਂ ਜਾਣੇ ਜਾਂਦੇ ਇਸ ਸ਼ਹਿਰ 'ਚ ਕਈ ਦਹਾਕਿਆਂ ਤੋਂ ਸਾਰੇ ਧਰਮਾਂ ਦੇ ਲੋਕ ਆਪਸ 'ਚ ਮਿਲ-ਜੁਲ ਕੇ ਰਹਿੰਦੇ ਅਤੇ ਕਾਰੋਬਾਰੀ ਕੰਮ ਕਰਦੇ ਆ ਰਹੇ ਹਨ।ਮਾਲੇਰਕੋਟਲਾ ਦੇ ਸ਼ਾਨਾਮਤੀ ਇਤਿਹਾਸਕ ਪਿਛੋਕੜ ਬਾਰੇ ਚਰਚਾ ਕਰਦਿਆਂ ਮੁਫਤੀ ਸਾਹਿਬ ਨੇ ਆਪਣੇ ਸ਼ਹਿਰ ਵਾਸੀਆਂ ਵੱਲੋਂ ਦੋਵਾਂ ਮੁੱਖ ਅਧਿਕਾਰੀਆਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਮਾਲੇਰਕੋਟਲੇ ਦੀ ਜਨਤਾ ਉਨ੍ਹਾਂ ਨੂੰ ਹਰ ਪੱਖੋਂ ਆਪਣਾ ਪੂਰਨ ਸਹਿਯੋਗ ਕਰੇਗੀ। ਡਿਪਟੀ ਕਮਿਸ਼ਨਰ ਮੈਡਮ ਅੰਮ੍ਰਿਤ ਕੌਰ ਗਿੱਲ ਅਤੇ ਐਸ.ਐਸ.ਪੀ. ਮੈਡਮ ਕੰਵਰਦੀਪ ਕੌਰ ਨੇ ਆਪਣੀ ਸੰਖੇਪ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਅੱਜ ਇਥੇ ਈਦਗਾਹ 'ਚ ਆ ਕੇ ਬਹੁਤ ਹੀ ਵਧੀਆ ਲੱਗਾ ਹੈ ਅਤੇ ਖੁਸ਼ੀ ਵੀ ਹੋ ਰਹੀ ਹੈ ਕਿ ਇਥੋਂ ਦੇ ਲੋਕ ਬਹੁਤ ਹੀ ਮਿਲਣਸਾਰ ਅਤੇ ਆਪਣੇ ਦੇਸ਼ ਨੂੰ ਪਿਆਰ ਕਰਨ ਵਾਲੇ ਅਮਨ-ਪਸੰਦ ਵਾਸੀ ਹਨ। ਉਨ੍ਹਾਂ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਇਸ ਨਵੇਂ ਜ਼ਿਲ੍ਹੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਉਹ ਸਾਰੇ ਵਰਗਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਦੇ ਹੋਏ ਹਰ ਸੰਭਵ ਉਪਰਾਲੇ ਕਰਨਗੇ ਤਾਂ ਜੋ ਇਸ ਜ਼ਿਲ੍ਹੇ ਨੂੰ ਪੰਜਾਬ ਅੰਦਰ ਇੱਕ ਨਮੂਨੇ ਦਾ ਜ਼ਿਲ੍ਹਾ ਬਣਾਇਆ ਜਾ ਸਕੇ। ਇਸ ਕਾਰਜ ਲਈ ਉਨ੍ਹਾਂ ਸਮੁੱਚੇ ਜ਼ਿਲ੍ਹਾ ਵਾਸੀਆਂ ਨੂੰ ਪੂਰਜ਼ੋਰ ਅਪੀਲ ਕੀਤੀ ਕਿ ਉਹ ਬਿਨ੍ਹਾਂ ਕਿਸੇ ਵੀ ਤਰ੍ਹਾਂ ਦੇ ਪੱਖਪਾਤ ਤੋਂ ਨਵੇਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਪਣਾ ਪੂਰਾ ਸਹਿਯੋਗ ਕਰਨ। ਸਮਾਗਮ ਦੌਰਾਨ ਈਦਗਾਹ ਕਮੇਟੀ ਵੱਲੋਂ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਸਮੇਤ ਉਨ੍ਹਾਂ ਦੇ ਨਾਲ ਆਏ ਪ੍ਰਸ਼ਾਸਨਿਕ ਅਮਲੇ ਐਸ.ਡੀ.ਐਮ ਮਾਲੇਰਕੋਟਲਾ ਸ਼੍ਰੀ ਟੀ.ਬੈਨਿਥ, ਐਸ.ਡੀ.ਐਮ ਧੂਰੀ ਲਤੀਫ ਅਹਿਮਦ ਥਿੰਦ, ਤਹਿਸੀਲਦਾਰ ਬਾਦਲਦੀਨ ਅਤੇ ਐਸ.ਪੀ ਅਮਨਦੀਪ ਸਿੰਘ ਬਰਾੜ ਸਾਰਿਆਂ ਨੂੰ ਸਨਮਾਨਿਤ ਕੀਤਾ ਗਿਆ। ਈਦਗਾਹ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੌਧਰੀ ਮੁਹੰਮਦ ਸਲੀਮ ਨੇ ਦੋਵੇਂ ਅਧਿਕਾਰੀਆਂ ਦਾ ਈਦਗਾਹ 'ਚ ਆਉਣ 'ਤੇ ਜਿਥੇ ਧੰਨਵਾਦ ਕੀਤਾ ਉਥੇ ਉਨ੍ਹਾਂ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾਂ ਦਾ ਵੀ ਉਚੇਚੇ ਤੌਰ 'ਤੇ ਧੰਨਵਾਦ ਕੀਤਾ ਜਿੰਨ੍ਹਾਂ ਨੇ ਇਥੋਂ ਦੇ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਕ ਮਾਲੇਰਕੋਟਲੇ ਨੂੰ ਜ਼ਿਲ੍ਹਾ ਬਣਾਇਆ ਹੈ। ਸਟੇਜ ਦੀ ਕਾਰਵਾਈ ਮੁਹੰਮਦ ਉਸਮਾਨ ਸਿੱਦੀਕੀ ਨੇ ਬਾਖੂਬੀ ਨਿਭਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਫੀਕ ਭੋਲਾ, ਉਸਮਾਨ ਸਿੱਦੀਕੀ, ਕੌਂਸਲਰ ਫਾਰੂਕ ਅਨਸਾਰੀ, ਅਰਸ਼ਦ ਥਿੰਦ, ਪ੍ਰਿੰਸੀਪਲ ਇਸਰਾਰ ਨਿਜ਼ਾਮੀ, ਸ਼ਈਅਦ ਅਹਿਮਦ, ਪੱਪੂ ਪਹਿਲਵਾਨ, ਮੁਹੰਮਦ ਸ਼ਕੀਲ, ਜ਼ਹੂਰ ਅਹਿਮਦ ਚੌਹਾਨ, ਮੁਹੰਮਦ ਸ਼ਾਹਿਦ, ਅਸਲਮ ਬਾਚੀ, ਨਿਸਾਰ ਥਿੰਦ, ਸ਼ੌਕਤ ਅਲੀ, ਅਸ਼ਰਫ ਬੱਗਾ ਅਤੇ ਸ਼ਮਸ਼ਾਦ ਸਾਦੂ ਵੀ ਹਾਜ਼ਰ ਸਨ।