ਸਿਰਸਾ : ਹਰਿਆਣਾ ਦੇ ਵੱਖ ਵੱਖ ਸ਼ਹਿਰਾਂ ਵਿਚ ਜਿਆਦਾ ਮੀਂਹ ਪੈਣ ਕਾਰਨ ਕਈ ਥਾਈਂ, ਘਰ ਦੀਆਂ ਦੀਵਾਰਾਂ, ਬਿਜਲੀ ਦੇ ਖੰਭੇ ਡਿੱਗ ਗਏ ਅਤੇ ਕਈ ਥਾਈਂ ਸੜਕਾਂ ਉਪਰ ਪਾਣੀ ਰੁਕਿਆ ਰਿਹਾ। ਇਸੇ ਤਰ੍ਹਾਂ ਸਨਿੱਚਰਵਾਰ ਸ਼ਾਮ ਨੂੰ ਅਚਾਨਕ ਤੇਜ਼ ਹਨੇਰੀ ਅਤੇ ਮੀਂਹ ਪੈਣ ਨਾਲ ਸਿਰਸਾ ਸ਼ਹਿਰ ਵਿੱਚ ਕਾਫ਼ੀ ਨੁਕਸਾਨ ਹੋਇਆ ਹੈ। ਪਰਸ਼ੂਰਾਮ ਚੌਂਕ ਕੋਲ ਇੱਕ ਦੁਕਾਨ ਦਾ ਛੱਜਾ ਡਿੱਗਣ ਨਾਲ ਸੜਕ 'ਤੇ ਜਾ ਰਹੀ ਇੱਕ ਗੱਡੀ ਦੁਰਘਟਨਾ ਦਾ ਸ਼ਿਕਾਰ ਹੋ ਗਈ। ਸੜਕ 'ਤੇ ਮਲਬਾ ਫ਼ੈਲ ਗਿਆ ਜਿਸ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ। ਮੀਂਹ-ਹਨੇਰੀ ਰੁਕਣ ਤੋਂ ਬਾਅਦ ਪ੍ਰਸ਼ਾਸਨ ਦੀਆਂ ਟੀਮਾਂ ਨੇ ਡਿੱਗੇ ਹੋਏ ਦਰਖ਼ਤਾਂ ਅਤੇ ਬਿਜਲੀ ਦੀਆਂ ਤਾਰਾਂ ਠੀਕ ਕਰਨ ਸਮੇਤ ਹੋਰ ਕੰਮ ਸ਼ੁਰੂ ਕੀਤੇ। ਮੀਂਹ ਕਾਰਨ ਲੱਗੇ ਜਾਮ ਨੂੰ ਤੋਰਨ ਲਈ ਜ਼ਿਲ੍ਹੇ ਦੀ ਟਰੈਫਿਕ ਪੁਲਿਸ ਵੀ ਸਰਗਮਰ ਹੋ ਗਈ। ਨਗਰ ਪ੍ਰੀਸ਼ਦ ਦੀ ਪ੍ਰਧਾਨ ਰੀਨਾ ਸੇਠੀ ਨੇ ਦੱਸਿਆ ਕਿ ਹਨੇਰੀ ਅਤੇ ਮੀਂਹ ਦੇ ਕਾਰਨ ਦੁਕਾਨ ਦਾ ਛੱਜਾ ਡਿੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਉਹ ਮੌਕੇ 'ਤੇ ਪਹੁੰਚੇ ਸਨ। ਨਗਰ ਨਿਗਮ ਦੀ ਟੀਮ ਨੂੰ ਵੀ ਬੁਲਾਇਆ ਗਿਆ ਸੀ, ਜਿਸ ਨੇ ਮਲਬਾ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਉਹ ਮੀਂਹ ਕਾਰਨ ਹੋਏ ਨੁਕਸਾਨ ਦੇ ਹਰਜਾਨੇ ਲਈ ਸਰਕਾਰ ਨੂੰ ਚਿੱਠੀ ਲਿਖਣਗੇ। ਥਾਣਾ ਮੁਖੀ (ਟ੍ਰੈਫਿਕ) ਬਹਾਦੁਰ ਸਿੰਘ ਨੇ ਦੱਸਿਆ ਕਿ ਹਨੇਰੀ ਅਤੇ ਮੀਂਹ ਦੇ ਕਾਰਨ ਉਹ ਕਈ ਰਾਹਾਂ ਵਿੱਚ ਦਰਖ਼ਤ ਅਤੇ ਬਿਜਲੀ ਦੇ ਖੰਭੇ ਡਿੱਗ ਗਏ ਹਨ ਜਿਨ੍ਹਾਂ ਕਾਰਨ ਆਵਾਜਾਈ ਠੱਪ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਥਿਤੀ ਨਾਲ ਨਿਪਟਣ ਲਈ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ ਅਤੇ ਸਥਿਤੀ ਦੀ ਖ਼ੁਦ ਨਿਗਰਾਨੀ ਰੱਖ ਰਹੇ ਹਨ। ਗੀਤਾ ਭਵਨ ਵਾਲੀ ਗ਼ਲੀ ਵਿੱਚ ਦੁਕਾਨਦਾਰ ਰਾਮ ਕ੍ਰਿਸ਼ਨ ਗੋਇਲ ਨੇ ਦੱਸਿਆ ਕਿ ਹਨੇਰੀ ਦੀ ਵਜ੍ਹਾ ਨਾਲ ਦੁਕਾਨ ਦਾ ਛੱਜਾ ਡਿੱਗ ਗਿਆ। ਥੱਲੇ ਖੜ੍ਹੀਆਂ ਗੱਡੀ ਹਾਦਸੇ ਦਾ ਸ਼ਿਕਾਰ ਹੋਈਆਂ ਹਨ ਪਰ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ।