ਸੰਗਰੂਰ : ਸਾਂਝਾ ਅਧਿਆਪਕ ਮੋਰਚਾ ਦੇ ਸੱਦੇ ਤੇ 18 ਜੂਨ ਨੂੰ ਸਿੱਖਿਆ ਸਕੱਤਰ ਦੇ ਦਫਤਰ ਦੇ ਕੀਤੇ ਜਾਣ ਵਾਲੇ ਘਿਰਾਓ ਦੀਆਂ ਤਿਆਰੀਆਂ ਦੇ ਸੰਬੰਧ ਵਿੱਚ ਡੈਮੋਕ੍ਰੇਟਿਕ ਟੀਚਰਜ਼ ਫਰੰਟ ਸੰਗਰੂਰ ਇਕਾਈ ਵੱਲੋਂ ਇੱਕ ਮੀਟਿੰਗ ਜਿਲ੍ਹਾ ਮੀਤ ਪ੍ਰਧਾਨ ਵਿਕਰਮ ਜੀਤ ਮਾਲੇਰਕੋਟਲਾ ਦੀ ਪ੍ਰਧਾਨਗੀ ਹੇਠ ਗਦਰ ਭਵਨ ਸੰਗਰੂਰ ਵਿਖੇ ਕੀਤੀ ਗਈ। ਜਿਸ ਤਹਿਤ ਜ਼ਿਲ੍ਹਾ ਦੀਆਂ ਸਾਰੀਆਂ ਬਲਾਕ ਕਮੇਟੀਆਂ ਦੀਆਂ ਘਰ-ਘਰ ਜਾ ਕੇ ਅਧਿਆਪਕਾਂ ਨੂੰ ਲਾਮਬੰਦ ਕਰਨ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ । ਜਿਸ ਦੌਰਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਸੂਬਾ ਮੀਤ ਪ੍ਰਧਾਨ ਰਘਵੀਰ ਭਵਾਨੀਗੜ੍ਹ, ਸੂਬਾਈ ਬੁਲਾਰੇ ਹਰਦੀਪ ਟੋਡਰਪੁਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ।
ਡੀਟੀਐੱਫ ਦੇ ਜ਼ਿਲ੍ਹਾ ਜਨਰਲ ਸਕੱਤਰ ਅਮਨ ਵਿਸ਼ਿਸ਼ਟ, ਸੂਬਾ ਕਮੇਟੀ ਮੈਂਬਰਾਂ ਸੁਖਵਿੰਦਰ ਗਿਰ ਅਤੇ ਮੇਘਰਾਜ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦੇ ਹੋਏ ਕਿਹਾ ਪਿਛਲੇ ਸਾਢੇ ਚਾਰ ਸਾਲਾਂ ਤੋਂ ਸਿੱਖਿਆ ਸਕੱਤਰ ਵੱਲੋਂ ਨਕਲੀ ਅੰਕੜਿਆਂ ਦੇ ਪਰਦੇ ਹੇਠ ਝੂਠ ਦੇ ਪੁਲੰਦੇ 'ਮਿਸ਼ਨ ਸ਼ਤ-ਪ੍ਰਤੀਸ਼ਤ' ਰਾਹੀਂ ਪੰਜਾਬ ਦੇ ਸਿੱਖਿਆ ਢਾਂਚੇ ਵਿੱਚ ਲਿਆਂਦੇ ਨਿਘਾਰ ਨੂੰ ਛੁਪਾ ਕੇ 'ਸਭ ਅੱਛਾ ਹੈ' ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ,ਇਸ ਦੇ ਉਲਟ ਪਿਛਲੇ ਸਮੇਂ ਵਿੱਚ ਸਕੂਲਾਂ ਦੀ ਆਕਾਰ ਘਟਾਈ ਕਰਦੇ ਹੋਏ ਜਿੱਥੇ ਨਾ ਮਾਤਰ ਭਰਤੀਆਂ ਕਰਨ ਸਮੇਤ ਸਕੂਲਾਂ ਵਿਚਲੀਆਂ ਅਸਾਮੀਆਂ ਦੀ ਰੈਸ਼ਨਲਾਈਜੇਸ਼ਨ ਦੇ ਨਾਂ ਹੇਠ ਵੱਡੀ ਪੱਧਰ 'ਤੇ ਛਾਂਟੀ ਕੀਤੀ ਗਈ ਹੈ, ਉਥੇ ਦਿਖਾਵੀ ਸਵੈ ਇੱਛਾ ਤਹਿਤ ਸੇਵਾ ਮੁਕਤ ਅਧਿਆਪਕਾਂ ਨੂੰ ਸਕੂਲਾਂ ਵਿੱਚ ਮੁੜ ਲਿਆਉਣ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਵਾ ਸਾਲ ਤੋਂ ਵਿਦਿਆਰਥੀਆਂ ਨੂੰ ਘਰਾਂ 'ਚ ਤਾੜਕੇ, ਝੂਠੇ ਅੰਕੜਿਆਂ ਰਾਹੀਂ ਆਨਲਾਇਨ ਸਿੱਖਿਆ ਦਾ ਡਰਾਮਾ ਕਰਕੇ ਵਿਦਿਆਰਥੀਆਂ ਨੂੰ ਸਿੱਖਣ ਸਿਖਾਉਣ ਦੀ ਪ੍ਰਕਿਰਿਆ 'ਚੋਂ ਪੂਰੀ ਤਰ੍ਹਾਂ ਬਾਹਰ ਕਰਕੇ ਪੰਜਾਬ ਵਿੱਚ ਸਿੱਖਿਆ ਦਾ ਮਿਆਰ ਅਤੇ ਗੁਣਵੱਤਾ ਨੂੰ ਜਾਣ ਬੁਝ ਕੇ ਰੋਲਿਆ ਗਿਆ ਹੈ,ਅਤੇ ਸਿੱਖਿਆ ਮਾਹਿਰਾਂ ਤੋਂ ਰਾਏ ਲੈਣ ਦੀ ਥਾਂ ਪ੍ਰਾਇਵੇਟ 'ਖਾਨ ਅਕੈਡਮੀ' ਨੂੰ ਸਿੱਖਿਆ ਵਿਭਾਗ ਵਿੱਚ ਤਜਰਬੇ ਕਰਨ ਲਈ ਸੱਦਿਆ ਗਿਆ ਹੈ।ਸਿੱਖਿਆ ਵਿਭਾਗ ਲਈ ਜ਼ਿਲ੍ਹਾ ਸਿੱਖਿਆ ਅਫਸਰ (ਸ਼ਹੀਦ ਭਗਤ ਸਿੰਘ ਨਗਰ) ਵੱਲੋਂ ਅਧਿਆਪਕਾਂ ਨੂੰ ਧੱਕੇ ਨਾਲ ਵਿਭਾਗ ਦੇ ਆਨਲਾਈਨ ਪੇਜ ਨੂੰ ਪਸੰਦ, ਸ਼ੇਅਰ ਅਤੇ ਕੁੁਮੈਂਟ ਕਰਨ ਦੇ ਹੁਕਮ ਚਾਡ਼੍ਹੇ ਗਏ ਹਨ,ਇਹ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਅਧਿਆਪਕਾਂ ਨੂੰ ਸਰਕਾਰੀ ਆਈਟੀ ਸੈੱਲ ਵਜੋਂ ਵਰਤਣ ਦੀ ਕੋਝੀ ਹਰਕਤ ਹੈ। ਡੀਟੀਐੱਫ ਇਸ ਦੀ ਸਖ਼ਤ ਨਿਖੇਧੀ ਕਰਦਾ ਹੈ। ਇਹਨਾਂ ਸਭ ਹੋਣ ਦੇ ਬਾਵਜੂਦ ਸਿੱਖਿਆ ਮੰਤਰੀ ਵੱਲੋਂ ਮੂਕ ਦਰਸ਼ਨ ਬਣ ਕੇ ਸਰਕਾਰੀ ਸਿੱਖਿਆ ਦੇ ਘਾਣ ਨੂੰ ਹੱਲਾ ਸ਼ੇਰੀ ਦੇਣਾ ਮੰਦਭਾਗਾ ਹੈ।ਜਿਸ ਦੀ ਉਸ ਨੂੰ ਸਿਆਸੀ ਕੀਮਤ ਅਦਾ ਕਰਨੀ ਪਵੇਗੀ। ਇਸ ਮੌਕੇ ਦੀਨਾ ਨਾਥ, ਰਾਜ ਸਿੰਘ, ਮਨਜੀਤ ਸਿੰਘ, ਰਮਨ ਗੋਇਲ, ਕੰਵਲਜੀਤ ਸਿੰਘ ਬਨਭੌਰਾ ਆਦਿ ਵੀ ਮੌਜੂਦ ਸਨ।