ਫ਼ਿਰੋਜ਼ਪੁਰ : ਕੋਲਕਾਤਾ ਵਿਚ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਪੰਜਾਬ ਦੇ ਗੈਂਗਸਟਰ ਜੈਪਾਲ ਭੁੱਲਰ ਦੇ ਮਾਪਿਆਂ ਨੇ ਉਸ ਦੀ ਲਾਸ਼ ਦਾ ਅੰਤਮ ਸਸਕਾਰ ਕਰਨ ਤੋਂ ਇਨਕਾਰ ਕਰ ਦਿਤਾ ਹੈ ਅਤੇ ਲਾਸ਼ ਦਾ ਦੁਬਾਰਾ ਪੋਸਟ ਮਾਰਕਟ ਕਰਵਾਏ ਜਾਣ ਦੀ ਮੰਗ ਕੀਤੀ ਹੈ। ਭੁੱਲਰ ਦੇ ਪਿਤਾ ਸਾਬਕਾ ਪੁਲਿਸ ਇੰਸਪੈਕਟਰ ਭੁਪਿੰਦਰ ਸਿੰਘ ਭੁੱਲਰ ਨੇ ਪੁਲਿਸ ’ਤੇ ਗੰਭੀਰ ਦੋਸ਼ ਲਾਏ ਹਨ। ਭੁੱਲਰ ਦੇ ਪਰਿਵਾਰ ਨੇ ਇਸ ਪੁਲਿਸ ਮੁਕਾਬਲੇ ’ਤੇ ਸਵਾਲ ਉਠਾਏ ਹਨ। ਭੁਪਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਉਨ੍ਹਾਂ ਨੂੰ ਪੋਸਟ ਮਾਰਟਮ ਉਪਰੰਤ ਲਾਸ਼ ਪੈਕ ਕਰਕੇ ਦੇ ਦਿੱਤੀ ਗਈ ਸੀ ਅਤੇ ਕਿਹਾ ਗਿਆ ਸੀ ਕਿ ਇਸ ਨੂੰ ਖੋਲ੍ਹਿਆ ਨਾ ਜਾਵੇ ਕਿਉਂਕ ਦਿਨ ਲੰਘ ਜਾਣ ਕਾਰਨ ਇਹ ਖ਼ਰਾਬ ਹੋ ਚੁੱਕੀ ਹੋਵੇਗੀ।
ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਦੇ ਜਗਰਾਉਂ ਦੇ ਸੀ.ਆਈ.ਏ. ਸਟਾਫ਼ ਵਿੱਚ ਤਾਇਨਾਤ ਦੋ ਏ.ਐਸ.ਆਈਜ਼ ਭਗਵਾਨ ਸਿੰਘ ਅਤੇ ਦਲਵਿੰਦਰਜੀਤ ਸਿੰਘ ਨੂੰ 15 ਮਈ ਨੂੰ ਗੋਲੀਆਂ ਮਾਰ ਕੇ ਮਾਰ ਦੇਣ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਨਾਮਜ਼ਦ ਕੀਤੇ ਗਏ ਗੈਂਗਸਟਰ ਜੈਪਾਲ ਭੁੱਲਰ ਅਤੇ ਜਸਪ੍ਰੀਤ ਸਿੰਘ ਜੱਸੀ ਕੋਲਕਾਤਾ ਵਿੱਚ ਪੰਜਾਬ ਪੁਲਿਸ ਅਤੇ ਪੱਛਮੀ ਬੰਗਾਲ ਐਸ.ਟੀ.ਐਫ. ਦੇ ਸਾਂਝੇ ਉਪਰੇਸ਼ਨ ਦੌਰਾਨ ਇਕ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਸਨ।
ਉਨ੍ਹਾਂ ਕਿਹਾ ਕਿ ਅੱਜ ਦੁਪਹਿਰ 2 ਵਜੇ ਹੋਣ ਵਾਲੇ ਅੰਤਿਮ ਸਸਕਾਰ ਤੋਂ ਪਹਿਲਾਂ ਲਾਸ਼ ਦੇ ਇਸ਼ਨਾਨ ਲਈ ਪੈਕਿੰਗ ਖੋਲ੍ਹੀ ਗਈ ਤਾਂ ਉਸਦੇ ਮੋਢੇ ਅਤੇ ਬਾਂਹ ’ਤੇ ਫ਼ਰੈਕਚਰ ਪਾਏ ਗਏ ਅਤੇ ਲਾਸ਼ ਨੂੰ ਵੇਖ਼ ਕੇ ਇਹ ਸਪਸ਼ਟ ਹੋ ਗਿਆ ਕਿ ਜੈਪਾਲ ਨੂੰ ਪਹਿਲਾਂ ਫ਼ੜਣ ਉਪਰੰਤ ਤਸ਼ੱਦਦ ਕੀਤਾ ਗਿਆ ਅਤੇ ਫ਼ਿਰ ਉਸਨੂੰ ਗੋਲੀ ਮਾਰ ਦਿੱਤੀ ਗਈ।
ਜੈਪਾਲ ਦੇ ਪਿਤਾ ਨੇ ਅੱਜ ਇਹ ਦੋਸ਼ ਲਾਉਂਦੇ ਹੋਏ ਆਪਣੇ ਵਕੀਲ ਨੂੰ ਨਾਲ ਲੈ ਕੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਇਹ ਮੰਗ ਕੀਤੀ ਕਿ ਦੁਬਾਰਾ ਪੋਸਟ ਮਾਰਟਮ ਲਈ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਦੋਸ਼ ਲਗਾਇਆ ਕਿ ਡਿਪਟੀ ਕਮਿਸ਼ਨਰ ਅਤੇ ਐਸ.ਪੀ. ਵੱਲੋਂ ਉਨ੍ਹਾਂ ਦੀ ਮੰਗ ਨਹੀਂ ਮੰਨੀ ਗਈ ਅਤੇ ਉਹ ਮੁੜ ਆਏ ਹਨ। ਆਪਣੇ ਘਰ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅੰਤਿਮ ਸਸਕਾਰ ਅਜੇ ਨਹੀਂ ਕੀਤਾ ਜਾਵੇਗਾ ਅਤੇ ਇਸ ਤੋਂ ਪਹਿਲਾਂ ਕਾਨੂੰਨੀ ਚਾਰਾਜੋਈ ਕਰਦੇ ਹੋਏ ਅਦਾਲਤ ਦਾ ਸਹਾਰਾ ਲਿਆ ਜਾਵੇਗਾ ਤਾਂਜੋ ਮੁੜ ਪੋਸਟਮਾਰਟਮ ਕਰਵਾਇਆ ਜਾ ਸਕੇ।
ਉਹਨਾਂ ਇਹ ਵੀ ਦੋਸ਼ ਲਗਾਇਆ ਕਿ ਉਹਨਾਂ ਨੂੰ ਨਾ ਤਾਂ ਐਫ.ਆਈ.ਆਰ. ਦੀ ਕਾਪੀ ਦਿੱਤੀ ਗਈ ਅਤੇ ਨਾ ਹੀ ਪੋਸਟਮਾਰਟਮ ਦੀ ਰਿਪੋਰਟ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਅੱਜ ਅਦਾਲਤ ਦੇ ਹੁਕਮਾਂ ’ਤੇ ਜੈਪਾਲ ਭੁੱਲਰ ਦੇ ਬਠਿੰਡਾ ਜੇਲ੍ਹ ਵਿੱਚ ਕੈਦ ਭਰਾ ਨੂੰ ਵੀ ਅੰਤਿਮ ਸਸਕਾਰ ਵਿੱਚ ਭਾਗ ਲੈਣ ਲਈ ਸ਼ਮਸ਼ਾਨਘਾਟ ਵਿਖ਼ੇ ਲਿਆਂਦਾ ਗਿਆ ਹੈ ਪਰ ਅਜੇ ਤਕ ਅੰਤਿਮ ਸਸਕਾਰ ਬਾਰੇ ਸਥਿਤੀ ਅਨਿਸਚਿਤਤਾ ਵਾਲੀ ਬਣੀ ਹੋਈ ਹੈ।
ਜੈਪਾਲ ਭੁੱਲਰ ਦੇ ਘਰ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਵਾਕਿਫ਼ ਇਕੱਤਰ ਹਨ ਜਦਕਿ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਹੋਏ ਹਨ।
ਇਸੇ ਦੌਰਾਨ ਇਕ ਨਿੱਜੀ ਚੈਨਲ ਨਾਲ ਗੱਲ ਬਾਤ ਕਰਦਿਆਂ ਪੰਜਾਬ ਦੇ ਇਕ ਸਾਬਕਾ ਡੀ.ਜੀ.ਪੀ. ਸ੍ਰੀ ਸ਼ਸ਼ੀਕਾਂਤ ਨੇ ਕਿਹਾ ਕਿ ਦੂਜੀ ਵਾਰ ਪੋਸਟਮਾਰਟਕ ਕਰਵਾਉਣਾ ਪਰਿਵਾਰ ਦਾ ਕਾਨੂੂੰਨੀ ਹੱਕ ਹੈ। ਉਨ੍ਹਾਂ ਕਿਹਾ ਕਿ ਜੇ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਕੋਈ ਸ਼ੰਕਾ ਹੈ ਤਾਂ ਦੂਜੀ ਵੇਰਾਂ ਪੋਸਟਮਾਰਟਮ ਕਰਵਾਇਆ ਜਾ ਸਕਦਾ ਹੈ।