ਲੰਦਨ : ਬ੍ਰਿਟਿਸ਼ ਅਦਾਲਤ ਨੇ ਭਾਰਤ ਦੇ ਭਗੌੜੇ ਕਾਰੋਬਾਰੀ ਨੀਰਵ ਮੋਦੀ ਦੀ ਭਾਰਤ ਹਵਾਲਗੀ ਵਿਰੁਧ ਅਪੀਲ ਕਰਨ ਦੀ ਅਰਜ਼ੀ ਨੂੰ ਰੱਦ ਕਰ ਦਿਤਾ ਹੈ। ਮੋਦੀ ਨੇ ਹਾਈ ਕੋਰਟ ਵਿਚ ਅਪੀਲ ਕਰਦਿਆਂ ਕਿਹਾ ਸੀ ਕਿ ਉਹ ਭਾਰਤ ਵਿਚ ਅਪਣੀ ਹਵਾਲਗੀ ਵਿਰੁਧ ਅਦਾਲਤ ਵਿਚ ਅਪੀਲ ਕਰਨਾ ਚਾਹੁੰਦਾ ਹੈ ਪਰ ਅਦਾਲਤ ਨੇ ਮੋਦੀ ਦੀ ਅਰਜ਼ੀ ਨੂੰ ਖ਼ਾਰਜ ਕਰ ਦਿਤਾ। ਹੁਣ ਨੀਰਵ ਅਦਾਲਤ ਵਿਚ ਅਪਣੀ ਹਵਾਲਗੀ ਵਿਰੁਧ ਅਪੀਲ ਨਹੀਂ ਕਰ ਸਕਦਾ। ਪੰਜਾਬ ਨੈਸ਼ਨਲ ਬੈਂਕ ਦੇ ਕਰੋੜਾਂ ਰੁਪਏ ਦੀ ਧੋਖਾਧੜੀ ਦੇ ਦੋਸ਼ੀ ਮੋਦੀ ਨੇ ਲੰਦਨ ਹਾਈ ਕੋਰਟ ਵਿਚ ਇਹ ਪਟੀਸ਼ਨ ਦਾਖ਼ਲ ਕੀਤੀ ਸੀ। ਇਸੇ ਸਾਲ 15 ਅਪ੍ਰੈਲ ਨੂੰ ਬ੍ਰਿਟਿਸ਼ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਮੋਦੀ ਨੂੰ ਭਾਰਤ ਹਵਾਲੇ ਕਰਨ ਦੀ ਮਨਜ਼ੂਰੀ ਦਿਤੀ ਸੀ। ਵਿਸ਼ੇਸ਼ ਅਦਾਲਤ ਨੇ ਦਸੰਬਰ 2019 ਵਿਚ ਮੋਦੀ ਨੂੰ ਭਗੌੜਾ ਆਰਥਕ ਅਪਰਾਧੀ ਐਲਾਨਿਆ ਸੀ। ਈਡੀ ਦੀ ਪਟੀਸ਼ਨ ’ਤੇ ਅਜਿਹਾ ਕੀਤਾ ਗਿਆ ਸੀ ਜੋ ਇਸ ਮਾਮਲੇ ਵਿਚ ਜਾਂਚ ਕਰ ਰਹੀ ਹੈ। ਮੋਦੀ ਨੂੰ ਹਵਾਲਗੀ ਵਾਰੰਟ ’ਤੇ 19 ਮਾਰਚ 2019 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।