ਚੰਡੀਗੜ੍ਹ : ਪਿਛਲੇ ਕਈ ਮਹਿਨਿਆਂ ਤੋਂ ਨਵਜੋਤ ਸਿੰਘ ਸਿੱਧੂ ਵਲੋਂ ਆਪਣੀ ਹੀ ਸਰਕਾਰ ਵਿਰੁਧ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਕਰ ਕੇ ਕਾਂਗਰਸ ਅੰਦਰ ਕਲੇਸ਼ ਵਧਦਾ ਜਾ ਰਿਹਾ ਹੈ। ਇਸੇ ਲਈ ਹੁਣ ਹਾਈਕਮਾਨ ਨੇ ਸਿੱਧੂ ਦੀਆਂ ਸਾਰੀਆਂ ਬਿਆਨਬਾਜ਼ੀਆਂ ਦਿੱਲੀ ਮੰਗਵਾ ਲਈਆਂ ਹਨ ਅਤੇ ਇਸ ਦੀ ਜਾਂਚ ਕੀਤੀ ਜਾਵੇਗੀ। ਦਰਅਸਲ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੀ ਹੀ ਸਰਕਾਰ 'ਤੇ ਨਿਸ਼ਾਨੇ ਸਾਧ ਰਹੇ ਹਨ ਤੇ ਲਗਾਤਾਰ ਬਿਆਨਬਾਜ਼ੀਆਂ ਕਰ ਰਹੇ ਹਨ। ਸਿੱਧੂ ਦੀਆਂ ਇਨ੍ਹਾਂ ਬਿਆਨਬਾਜ਼ੀਆਂ’ਤੇ ਬੋਲਦੇ ਹੋਏ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਉਹਨਾਂ ਦੀ ਬਿਆਨਬਾਜ਼ੀ ਹਾਈਕਮਾਨ ਦੇ ਨੋਟਿਸ ’ਚ ਹੈ। ਮੈਂ ਵੀ ਸਿੱਧੂ ਦੇ ਬਿਆਨ ਮੰਗਵਾਏ ਹਨ। ਹਾਈਕਮਾਨ ਵਲੋਂ ਜਲਦ ਹੀ ਸਿੱਧੂ ਨੂੰ ਵੀ ਦਿੱਲੀ ਬੁਲਾਇਆ ਜਾਵੇਗਾ, ਜਿਸ ਦੌਰਾਨ ਉਸ ਨਾਲ ਸਾਰੇ ਮੁੱਦਿਆਂ ’ਤੇ ਗੱਲਬਾਤ ਕੀਤੀ ਜਾਵੇਗੀ।
ਹਰੀਸ਼ ਰਾਵਤ ਨੇ ਕਿਹਾ ਕਿ ਸਿੱਧੂ ਦੇ ਬਿਆਨਾਂ ਦਾ ਨੋਟਿਸ ਲਿਆ ਜਾਵੇਗਾ ਅਤੇ ਉਸ ਨੂੰ ਤਲਬ ਕਰਨ ਦੀ ਤਿਆਰੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਸਾਰੇ ਮਸਲੇ ਦਾ ਹੱਲ ਜੁਲਾਈ ਦੇ ਪਹਿਲੇ ਹਫ਼ਤੇ ਕਰ ਦਿੱਤਾ ਜਾਵੇਗਾ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਿੱਧੂ ਦੀ ਬਿਆਨਬਾਜ਼ੀ ’ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਹਨ ਅਤੇ ਉਸ ਦੀ ਸਾਰੀ ਬਿਆਨਬਾਜ਼ੀ ਹਾਈਕਮਾਨ ਨੂੰ ਸੌਂਪ ਦਿੱਤੀ ਗਈ ਹੈ।
ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਕਿ ਹਾਈਕਮਾਨ ਨੇ ਕੈਪਟਨ ਨੂੰ ਚੋਣ ਵਾਅਦੇ ਪੂਰੇ ਕਰਨ ਦੀ ਡੈੱਡਲਾਈਨ ਦੇ ਦਿੱਤੀ ਹੈ, ਜਿਸ ਦੇ ਬਾਰੇ ਕੈਪਟਨ ਆਪ ਲੋਕਾਂ ਨੂੰ ਦੱਸਣਗੇ। ਉਨ੍ਹਾਂ ਕਿਹਾ ਕਿ ਕਮੇਟੀ ਨੇ ਕੈਪਟਨ ਨਾਲ 18 ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ ਹੈ। ਚੋਣਾਂ ਲਈ ਜੇਕਰ ਬਦਲਾਅ ਕਰਨੇ ਪਏ ਤਾਂ ਜ਼ਰੂਰ ਕੀਤੇ ਜਾਣਗੇ। ਚੋਣਾਂ ਲਈ ਜੋ ਵੀ ਕਰਨਾ ਪਿਆ, ਉਸ ਨੂੰ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ।