ਮਾਲੇਰਕੋਟਲਾ : ਪੰਜਾਬ ਦੇ ਨਵੇਂ ਬਣੇ 23ਵੇਂ ਜਿ਼ਲ੍ਹੇ ਮਾਲੇਰਕੋਟਲਾ ਵਿਚ ਅੱਜ ਸ੍ਰੀ ਰਾਜੇਸ਼ ਤ੍ਰਿਪਾਠੀ, ਪੀ. ਸੀ. ਐਸ. ਨੇ ਬਤੌਰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਜੋਂ ਅਹੁਦਾ ਸੰਭਾਲ ਲਿਆ।ਇਸ ਸਮੇਂ ਗੱਲਬਾਤ ਕਰਦਿਆਂ ਸ੍ਰੀ ਤ੍ਰਿਪਾਠੀ ਨੇ ਜਿਥੇ ਮਾਲੇਰਕੋਟਲਾ ਵਾਸੀਆਂ ਨੂੰ ਨਵੇਂ ਜਿ਼ਲ੍ਹੇ ਦੀ ਵਧਾਈ ਦਿੱਤੀ ਉਥੇ ਹੀ ਭਰੋਸਾ ਦਿਵਾਇਆ ਕਿ ਆਮ ਲੋਕਾਂ ਦੇ ਸਹਿਯੋਗ ਨਾਲ ਜਲਦੀ ਹੀ ਮਾਲੇਰਕੋਟਲਾ ਨੂੰ ਪੰਜਾਬ ਦਾ ਮੋਹਰੀ ਜਿ਼ਲ੍ਹਾ ਬਣਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਜਿ਼ਲ੍ਹਾ ਮਾਲੇਰਕੋਟਲਾ ਨਾਲ ਸਬੰਧਤ ਮੁੱਢਲੀਆਂ ਸਮੱਸਿਆਵਾਂ ਸਬੰਧੀ ਸਬੰਧਤ ਵਿਭਾਗਾਂ ਨਾਲ ਮੀਟਿੰਗ ਕਰਨਗੇ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਅਗਵਾਈ ਹੇਠ ਜਲਦੀ ਹੀ ਮਾਲੇਰਕੋਟਲਾ ਨੂੰ ਪੰਜਾਬ ਦਾ ਮੋਹਰੀ ਜਿਲ਼੍ਹਾ ਬਣਾ ਦਿੱਤਾ ਜਾਵੇਗਾ।ਉਨ੍ਹਾਂ ਆਸ ਪ੍ਰਗਟਾਈ ਕਿ ਨਵੇਂ ਬਣੇ ਜਿ਼ਲ੍ਹੇ ਮਾਲੇਰਕੋਟਲਾ ਵਿਚ ਆਮ ਲੋਕਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ।
ਜਿ਼ਕਰਯੋਗ ਹੈ ਕਿ ਸ੍ਰੀ ਰਾਜੇਸ਼ ਤ੍ਰਿਪਾਠੀ ਇਸ ਤੋਂ ਪਹਿਲਾਂ ਬਤੌਰ ਵਧੀਕ ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਵਿਖੇ ਤਾਇਨਾਤ ਸਨ।ਇਸ ਤੋਂ ਇਲਾਵਾ ਜਦੋਂ ਉਹ ਜਿ਼ਲ੍ਹਾ ਸੰਗਰੂਰ ਵਿਚ ਬਤੌਰ ਵਧੀਕ ਡਿਪਟੀ ਕਮਿਸ਼ਨਰ ਨਿਯੁਕਤ ਸਨ, ਉਸ ਸਮੇਂ ਉਨ੍ਹਾਂ ਨੇ ਮਾਲੇਰਕੋਟਲਾ ਸ਼ਹਿਰ ਵਿਚ ਕੋਰੋਨਾ ਮਹਾਂਮਾਰੀ ਨੂੰ ਜੜ੍ਹੋਂ ਖਤਮ ਕਰਨ ਲਈ ਵਿੱਢੀ ਗਈ ਰਹਿਨੁਮਾ ਮੁਹਿੰਮ ਵਿਚ ਮੋਹਰੀ ਰੋਲ ਅਦਾ ਕੀਤਾ ਸੀ ਅਤੇ ਖੁਦ ਘਰ—ਘਰ, ਗਲੀ—ਗਲੀ ਜਾ ਕੇ ਮਾਸਕ ਵੰਡ ਕੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਬਾਰੇ ਜਾਗਰੂਕ ਕਰਦਿਆਂ ਮਾਸਕ ਪਹਿਨ ਕੇ ਰੱਖਣ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਸੀ ਜਿਸ ਸਦਕਾ ਮਾਲੇਰਕੋਟਲਾ ਵਿਚ ਕੋਵਿਡ 19 ਮਰੀਜ਼ਾਂ ਦੀ ਗਿਣਤੀ ਨਾਂ ਮਾਤਰ ਰਹਿ ਗਈ ਸੀ।ਇਸ ਸਮੇਂ ਹੋਰਨਾਂ ਤੋਂ ਇਲਾਵਾ ਸ੍ਰੀ ਬਾਦਲ ਦੀਨ, ਤਹਿਸੀਲਦਾਰ, ਮਾਲੇਰਕੋਟਲਾ, ਸ੍ਰੀ ਅੰਮ੍ਰਿਤਪਾਲ ਸਿੰਘ ਪੰਨੂ, ਸੀਨੀਅਰ ਸਹਾਇਕ ਨੇ ਵੀ ਸ੍ਰੀ ਰਾਜੇਸ਼ ਤ੍ਰਿਪਾਠੀ ਨੂੰ ਅਹੁਦਾ ਸੰਭਾਲਣ ਮੌੌਕੇ ਜੀਅ ਆਇਆਂ ਆਖਿਆ।