ਕੈਲੀਫੋਰਨੀਆ : ਪਿਛਲੇ ਕਈ ਦਿਨਾਂ ਤੋਂ ਪੂਰੀ ਦੁਨੀਆਂ ਵਿਚ ਅਤਿ ਦੀ ਗਰਮੀ ਪੈ ਰਹੀ ਹੈ ਅਤੇ ਇਸ ਨਾਲ ਕਈਆਂ ਦੀ ਜਾਨ ਵੀ ਚਲੀ ਗਈ ਹੈ। ਜੇਕਰ ਕੈਨੇਡਾ ਦੀ ਗੱਲ ਕਰੀਏ ਤਾਂ ਇਥੇ ਤਾਪਮਾਨ 49 ਡਿਗਰੀ ਤਕ ਪੁੱਜ ਚੁੱਕਾ ਹੈ । ਤਾਜਾ ਮਿਲੀ ਜਾਣਕਾਰੀ ਅਨੁਸਾਰ ਹੁਣ ਅਮਰੀਕਾ ਦੇ ਜ਼ਿਆਦਾਤਰ ਪੱਛਮੀ ਇਲਾਕੇ ਵਿਚ 3.1 ਕਰੋੜ ਲੋਕਾਂ ਨੂੰ ਭਿਆਨਕ ਗਰਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ, ਕਿਉਂਕਿ ਇਥੇ ਪਾਰਾ 54 ਡਿਗਰੀ ਤੋਂ ਪਾਰ ਹੋ ਗਿਆ ਹੈ। ਦਰਅਸਲ ਕੈਲੀਫੋਰਨੀਆ ਦੀ ਡੈੱਥ ਵੈਲੀ ’ਚ ਸ਼ੁੱਕਰਵਾਰ ਤੇ ਸ਼ਨਿਚਰਵਾਰ ਨੂੰ ਤਾਪਮਾਨ 54.4 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਤੇ ਐਤਵਾਰ ਨੂੰ ਵੀ ਇੱਥੇ ਇੰਨਾ ਹੀ ਤਾਪਮਾਨ ਰਹਿਣ ਦਾ ਅੰਦਾਜ਼ਾ ਹੈ। ਜੂਨ ਦੇ ਅਖੀਰ ਤਕ ਪ੍ਰਸ਼ਾਂਤ ਉੱਤਰ-ਪੱਛਮ ’ਚ ਜ਼ਿਆਦਾ ਤਾਪਮਾਨ ਨਾਲ ਓਰੇਗਨ ਤੇ ਵਾਸ਼ਿੰਗਟਨ ’ਚ ਲਗਪਗ 200 ਲੋਕਾਂ ਦੀ ਮੌਤ ਹੋ ਚੁੱਕੀ ਹੈ। ਲੋਕ ਆਪਣੇ ਘਰਾਂ ਤੇ ਗਲੀਆਂ ਨੂੰ ਠੰਢਾ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ।
ਕੌਮੀ ਮੌਸਮ ਸੇਵਾ ’ਚ ਮੌਸਮ ਵਿਗਿਆਨੀ ਸਾਰਾਹ ਰੋਗੋਵਸਕੀ ਨੇ ਦੱਸਿਆ ਕਿ ਕੈਲੀਫੋਰਨੀਆ ਦੇ ਕਈ ਹਿੱਸਿਆਂ ’ਚ ਦਿਨ ਦਾ ਤਾਪਮਾਨ 38 ਡਿਗਰੀ ਤੋਂ 49 ਡਿਗਰੀ ਸੈਲਸੀਅਸ ਤਕ ਪਹੁੰਚ ਜਾਂਦਾ ਹੈ। ਸਭ ਤੋਂ ਖ਼ਤਰਨਾਕ ਗੱਲ ਇਹ ਹੈ ਕਿ ਰਾਤ ’ਚ ਵੀ ਤਾਪਮਾਨ ਜ਼ਿਆਦਾ ਬਣਿਆ ਰਹੇਗਾ। ਖੋਜਕਾਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਂਤ ਉੱਤਰ-ਪੱਛਮ ’ਚ ਪਿਛਲੇ ਹਫ਼ਤੇ ਰਿਕਾਰਡ ਤੋੜ ਤਾਪਮਾਨ ਪੌਣ-ਪਾਣੀ ਪਰਿਵਰਤਨ ਦਾ ਨਤੀਜਾ ਹੈ। ਪੌਣ-ਪਾਣੀ ਪਰਿਵਰਤਨ ਨੇ 1900 ਤੋਂ ਔਸਤ ਤਾਪਮਾਨ ’ਚ ਲਗਪਗ ਇਕ ਡਿਗਰੀ ਸੈਲਸੀਅਸ ਦਾ ਵਾਧਾ ਕੀਤਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਪਿਛਲੀਆਂ ਸਦੀਆਂ ਦੇ ਮੁਕਾਬਲੇ ਗਰਮੀਆਂ ਦਾ ਤਾਪਮਾਨ ਹੋਰ ਜ਼ਿਆਦਾ ਤੇ ਜਾਨਲੇਵਾ ਹੋਣ ਦੀ ਸੰਭਾਵਨਾ ਹੈ।