ਇਸਲਾਮਾਬਾਦ: ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ ਏ ਇਨਸਾਫ਼ ਪਾਰਟੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਯਾਨੀ ਪਾਕਿਸਤਾਨੀ ਮਕਬੂਜ਼ਾ ਕਸ਼ਮੀਰ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਉਭਰੀ ਹੈ ਅਤੇ ਖ਼ਿੱਤੇ ਵਿਚ ਅਗਲੀ ਸਰਕਾਰ ਉਸ ਦੀ ਅਗਵਾਈ ਵਿਚ ਬਣੇਗੀ। ਸਰਕਾਰੀ ਰੇਡੀਉ ਮੁਤਾਬਕ ਪੀਟੀਆਈ ਨੇ 23 ਸੀਟਾਂ ਜਿੱਤੀਆਂ ਹਨ ਜਦਕਿ ਪਾਕਿਸਤਾਨ ਪੀਪਲਜ਼ ਪਾਰਟੀ ਅੱਠ ਸੀਟਾਂ ਨਾਲ ਦੂਜੇ ਅਤੇ ਫ਼ਿਲਹਾਲ ਸੱਤਾ ’ਤੇ ਕਬਜ਼ਾ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਪਾਰਟੀ ਨੂੰ ਸਿਰਫ਼ ਛੇ ਸੀਟਾਂ ਮਿਲੀਆਂ ਹਨ। ਮੁਸਲਿਮ ਕਾਨਫ਼ਰੰਸ ਅਤੇ ਜੰਮੂ ਕਸ਼ਮੀਰ ਪੀਪਲਜ਼ ਪਾਰਟੀ ਨੂੰ ਇਕ ਇਕ ਸੀਟ ’ਤੇ ਕਾਮਯਾਬੀ ਮਿਲੀ ਹੈ। ਪੀਟੀਆਈ ਨੂੰ ਸਰਕਾਰ ਬਣਾਉਣ ਲਈ ਆਮ ਬਹੁਮਤ ਮਿਲ ਗਿਆ ਹੇ ਅਤੇ ਉਸ ਨੂੰ ਕਿਸੇ ਹੋਰ ਪਾਰਟੀ ਦੇ ਸਮਰਥਨ ਦੀ ਲੋੜ ਨਹੀਂ। ਇਹ ਪਹਿਲੀ ਵਾਰ ਹੈ ਕਿ ਉਹ ਪੀਓਕੇ ਵਿਚ ਸਰਕਾਰ ਬਣਾਏਗੀ। ਰਵਾਇਤੀ ਰੂਪ ਵਿਚ ਦੇਸ਼ ਦੀ ਸੱਤਾਧਾਰੀ ਪਾਰਟੀ ਹੀ ਪੀਓਕੇ ਵੀ ਚੋਣਾਂ ਜਿੱਤਦੀ ਹੈ। ਪੀਓਕੇ ਵਿਧਾਨ ਸਭਾ ਵਿਚ ਕੁਲ 53 ਮੈਂਬਰ ਹਨ ਪਰ ਇਨ੍ਹਾਂ ਵਿਚੋਂ ਕੇਵਲ 45 ’ਤੇ ਸਿੱਧੀ ਚੋਣ ਕੀਤੀ ਜਾਂਦੀ ਹੈ। ਇਨ੍ਹਾਂ ਵਿਚੋਂ ਪੰਜ ਸੀਟਾਂ ਔਰਤਾਂ ਲਈ ਰਾਖਵੀਂਆਂ ਹਨ ਅਤੇ ਤਿੰਨ ਵਿਗਿਆਨ ਮਾਹਰਾਂ ਵਾਸਤੇ ਹਨ। ਭਾਰਤ ਨੇ ਇਸ ਤੋਂ ਪਹਿਲਾਂ ਗਿਲਗਿਤ ਬਾਲਿਤਸਤਾਨ ਵਿਚ ਚੋਣਾਂ ਕਰਾਉਣ ਦੇ ਪਾਕਿਸਤਾਨ ਦੇ ਫ਼ੈਸਲੇ ਦਾ ਵਿਰੋਧ ਕੀਤਾ ਸੀ ਅਤੇ ਕਿਹਾ ਸੀ ਕਿ ਫ਼ੌਜ ਜ਼ਰੀਏ ਕਬਜ਼ਾਏ ਗਏ ਖੇਤਰ ਦੀ ਸਥਿਤੀ ਨੂੰ ਬਦਲਣ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ। ਪੀਟੀਆਈ ਦੇ ਬੈਰਿਸਟਰ ਸੁਲਤਾਨ ਮਹਿਮੂਦ ਚੌਧਰੀ ਖੇਤਰ ਦੇ ਪ੍ਰਧਾਨ ਮੰਤਰੀ ਦੀ ਦੌੜ ਵਿਚ ਸਭ ਤੋਂ ਅੱਗੇ ਚੱਲ ਰਹੇ ਹਨ। 33 ਸੀਟਾਂ ’ਤੇ ਕੁਲ 587 ਉਮੀਦਵਾਰਾਂ ਨੇ ਚੋਣ ਲੜੀ ਸੀ।