ਪਟਿਆਲਾ : ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਚ ਦੇਸ਼ ਦੀ ਵੰਡ ਦੇ ਖੌਫ਼ਨਾਕ ਪਲਾਂ ਨੂੰ ਯਾਦ ਕੀਤਾ ਗਿਆ ਅਤੇ ਇਸ ਨੂੰ ਭਿਆਨਕ ਯਾਦਗਾਰ ਦਿਨ ਵਜੋਂ ਮਨਾਇਆ ਗਿਆ, ਜਿਸ ਤਹਿਤ ਕਾਲਜ ਦੇ ਆਡੀਟੋਰੀਅਮ ਹਾਲ ਵਿਖੇ ਇਕ ਰਸਮੀ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸਾਬਕਾ ਪ੍ਰਿੰਸੀਪਲ ਡਾ. ਅਜਮੇਰ ਸਿੰਘ ਵਿਸ਼ੇਸ਼ ਤੌਰ ’ਤੇ ਪੁੱਜੇ, ਜਿਨ੍ਹਾਂ ਵਲੋਂ ਵੰਡ ਦੇ ਦਿਨਾਂ ਨਾਲ ਸਬੰਧਤ ਖੌਫ਼ਨਾਕ ਯਾਦਾਂ ਨੂੰ ਵਿਦਿਆਰਥੀਆਂ ਤੇ ਫਕੈਲਟੀ ਨਾਲ ਸਾਂਝਾ ਕੀਤਾ।
ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਸਭ ਨੂੰ ਜਾਤ-ਪਾਤ ਤੋਂ ਉਪਰ ਉਠ ਕੇ ਦੇਸ਼ ਦੇ ਵਿਕਾਸ ਲਈ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਹਰਇਕ ਨੂੰ ਸੱਚੇ ਭਾਰਤੀ ਬਣਨਾ ਚਾਹੀਦਾ ਹੈ। ਐਮ.ਬੀ.ਬੀ.ਐਸ. ਦੇ ਵਿਦਿਆਰਥੀਆਂ ਵਲੋਂ ਇਸ ਮੌਕੇ ਦੇਸ਼ਭਗਤੀ ਦੇ ਗੀਤ ਗਾਏ ਗਏ ਅਤੇ ਦੇਸ਼ ਦੀ ਵੰਡ ਨਾਲ ਸਬੰਧਤ ਪੂਰਾ ਘਟਨਾਕ੍ਰਮ ਅਤੇ ਇਤਿਹਾਸ ਸਕ੍ਰੀਨ ਰਾਹੀਂ ਹਾਜ਼ਰੀਨ ਅੱਗੇ ਪੇਸ਼ ਕੀਤਾ ਗਿਆ।
ਇਸ ਮੌਕੇ ਡਾ. ਐਚ. ਰੇਖੀ ਮੈਡੀਕਲ ਸੁਪਰਡੰਟ ਰਜਿੰਦਰਾ ਹਸਪਤਾਲ, ਡਾ. ਆਰ. ਪੀ. ਐਸ. ਸਿਬੀਆ ਵਾਇਸ ਪ੍ਰਿੰਸੀਪਲ, ਡਾ. ਵਿਨੋਦ ਕੁਮਾਰ ਡਾਂਗਵਾਲ, ਡਾ. ਕੇ. ਕੇ. ਸਹਿਗਲ ਸਾਬਕਾ ਚੇਅਰਮੈਨ ਪੰਜਾਬ ਲਾਰਜ ਇੰਡਸਟਰੀਅਲ ਬੋਰਡ, ਸ੍ਰੀ ਸੰਦੀਪ ਗੁਪਤਾ, ਜਤਿੰਦਰ ਸਿੰਘ ਕੰਬੋਜ ਆਦਿ ਹਾਜ਼ਰ ਸਨ।