ਪਟਿਆਲਾ : ਪਟਿਆਲਾ ਦੇ ਅੱਠ ਵਿਧਾਨ ਸਭਾ ਚੋਣ ਹਲਕਿਆਂ ਦੇ ਈ.ਆਰ.ਓਜ/ਏ.ਹੀ.ਆਰ.ਓਜ਼ ਤੇ ਬੀ.ਐਲ.ਓਜ ਦੀ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਨਵੀਂਆਂ ਆਈ.ਟੀ ਐਪਲੀਕੇਸ਼ਨਜ਼ ਅਤੇ ਸਿਸਟਮ ਸਬੰਧੀ ਜਾਣਕਾਰੀ ਦੇਣ ਲਈ ਟਰੇਨਿੰਗ ਕਰਵਾਈ ਗਈ।
ਅੱਜ ਪਟਿਆਲਾ ਜ਼ਿਲ੍ਹੇ ਦੇ ਚੋਣ ਅਮਲੇ ਨੂੰ ਐਸ.ਡੀ.ਐਮ. ਪਰਲੀਨ ਕੌਰ ਬਰਾੜ ਵੱਲੋਂ ਟ੍ਰੇਨਿੰਗ ਦਿੱਤੀ ਗਈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਖਲਾਈ ਸੈਸ਼ਨ ਦੌਰਾਨ ਪਰਲੀਨ ਕੌਰ ਬਰਾੜ ਨੇ ਈ.ਆਰ.ਓਜ ਨੂੰ ਚੋਣਾਂ ਨਾਲ ਸਬੰਧਤ ਸਾਰੇ ਕਾਨੂੰਨੀ ਪੱਖਾਂ ਅਤੇ ਗਾਈਡਲਾਈਨਜ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਣ ਅਮਲ ਦਾ ਹਿੱਸਾ ਬਣਿਆ ਸਾਰਾ ਅਮਲਾ ਭਾਰਤ ਚੋਣ ਕਮਿਸ਼ਨ ਵੱਲੋਂ ਸਮੇਂ ਸਮੇਂ 'ਤੇ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ ਅਤੇ ਜੋ ਗਾਈਡਲਾਈਨਜ ਸਬੰਧੀ ਕਿਤਾਬਚੇ ਹਨ ਉਨ੍ਹਾਂ ਵਿੱਚ ਦਰਜ਼ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ।
ਐਸ.ਡੀ.ਐਮ ਪਰਲੀਨ ਕੌਰ ਬਰਾੜ ਨੇ ਈ.ਆਰ.ਓਜ ਨੂੰ ਭਾਰਤ ਚੋਣ ਕਮਿਸ਼ਨ ਵੱਲੋਂ ਵਰਤੀਆਂ ਜਾ ਰਹੀਆਂ ਆਈ.ਟੀ. ਐਪਲੀਕੇਸ਼ਨਜ਼ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਵੋਟਰ ਐਪ ਵਰਗੀਆਂ ਐਪਲੀਕੇਸ਼ਨਜ ਨੇ ਚੋਣ ਅਮਲੇ ਦਾ ਕੰਮ ਜਿਥੇ ਹੋਰ ਪਾਰਦਰਸ਼ੀ ਕੀਤਾ ਹੈ, ਉਥੇ ਹੀ ਕੰਮ ਕਰਨ ਵਿੱਚ ਵੀ ਤੇਜੀ ਆਈ ਹੈ।
ਉਨ੍ਹਾਂ ਕਿਹਾ ਕਿ ਚੋਣਾਂ ਦੇ ਐਲਾਨ ਤੋਂ ਲੈਕੇ ਨਤੀਜਿਆਂ ਤੱਕ ਦਾ ਸਾਰਾ ਕੰਮ ਆਈ.ਟੀ. ਨਾਲ ਸਬੰਧਤ ਹੋਣ ਕਰਕੇ ਇਸ ਦੀ ਸਿਖਲਾਈ ਪ੍ਰਾਪਤ ਕਰਨਾ ਜ਼ਰੂਰੀ ਹੈ। ਟਰੇਨਿੰਗ ਵਿੱਚ ਐਸ.ਡੀ.ਐਮ. ਪਟਿਆਲਾ ਡਾ. ਇਸਮਿਤ ਵਿਜੈ ਸਿੰਘ, ਐਸ.ਡੀ.ਐਮ. ਨਾਭਾ ਤਰਸੇਮ ਚੰਦ, ਪੀ.ਆਰ.ਟੀ.ਸੀ. ਦੇ ਏ.ਐਮ.ਡੀ ਚਰਨਜੋਤ ਸਿੰਘ ਵਾਲੀਆ, ਡੀ.ਡੀ.ਪੀ.ਓ ਅਮਨਦੀਪ ਕੌਰ ਅਤੇ ਚੋਣ ਤਹਿਸੀਲਦਾਰ ਰਾਮ ਜੀ ਲਾਲ ਵੀ ਮੌਜੂਦ ਸਨ।