ਪਟਿਆਲਾ : ਪੰਜਾਬ ਦਾ ਮੁੱਖ ਤਿਉਹਾਰ ਤੀਜ ਦਾ ਤਿਉਹਾਰ ਪਟਿਆਲਾ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਬਣੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦੌਰਾਨ ਪਿੰਡਾਂ ਦੀਆਂ ਵੱਡੀ ਗਿਣਤੀ ਔਰਤਾਂ ਤੇ ਬੱਚੀਆਂ ਵੱਲੋਂ ਇਸ ਤੀਆਂ ਦੇ ਤਿਉਹਾਰ ਦਾ ਹਿੱਸਾ ਬਣਿਆ ਜਾ ਰਿਹਾ ਹੈ। ਅੱਜ ਨਾਭਾ ਸਬ ਡਵੀਜ਼ਨ ਦੇ ਪਿੰਡ ਘਮਰੌਦਾ ਵਿਖੇ ਮਨਾਏ ਗਏ ਤੀਆਂ ਦੇ ਤਿਉਹਾਰ ਮੌਕੇ ਪਿੰਡਾਂ ਦੀਆਂ ਔਰਤਾਂ ਤੇ ਬੱਚੀਆਂ ਨੇ ਪੰਜਾਬੀ ਸਭਿਆਚਾਰ ਦਾ ਪ੍ਰਗਟਾਵਾਂ ਕਰਦੇ ਹੋਏ ਗਿੱਧਾ ਅਤੇ ਪੰਜਾਬੀ ਬੋਲੀਆਂ ਨਾਲ ਸਮਾਂ ਬਨਿਆਂ। ਇਸ ਮੌਕੇ ਪਿੰਡ ਦੀਆਂ ਔਰਤਾਂ ਨੇ ਕਿਹਾ ਕਿ ਪੰਜਾਬੀਆਂ ਦਾ ਸੁਭਾਅ ਰਿਹਾ ਹੈ ਕਿ ਉਹ ਵੱਡੀ ਤੋਂ ਵੱਡੀ ਮੁਸੀਬਤ ਸਮੇਂ ਵੀ ਆਪਣੇ ਤਿਉਹਾਰਾਂ ਨੂੰ ਪੂਰੇ ਜੋਸ਼ ਨਾਲ ਮਨਾਉਂਦੇ ਹਨ ਤੇ ਇਸ ਵਾਰ ਵੀ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬੀਆਂ ਨੇ ਤੀਆਂ ਦੇ ਤਿਉਹਾਰ ਨੂੰ ਪੂਰੇ ਚਾਵਾਂ ਨਾਲ ਮਨਾਕੇ ਜ਼ਿੰਦਾ-ਦਿਲ ਦੀ ਮਿਸਾਲ ਪੈਦਾ ਕੀਤੀ ਹੈ। ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਗੁਰਮੀਤ ਸਿੰਘ ਨੇ ਦੱਸਿਆ ਕਿ ਨਾਭਾ ਸਬ ਡਵੀਜ਼ਨ ਦੇ ਵੱਖ ਵੱਖ ਪਿੰਡਾਂ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ।