ਪਟਿਆਲਾ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਜ਼ਿਲ੍ਹੇ ਵਿੱਚ ਚੱਲ ਰਹੇ ਅਤੇ ਨਵੇਂ ਸ਼ੁਰੂ ਹੋਣ ਵਾਲੇ ਆਮ ਆਦਮੀ ਕਲੀਨਿਕਾਂ ਸਬੰਧੀ ਇਕ ਅਹਿਮ ਬੈਠਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਜ਼ਿਲ੍ਹੇ ਵਿੱਚ 13 ਨਵੇਂ ਹੋਰ ਖੁੱਲ੍ਹਣ ਵਾਲੇ ਆਮ ਆਦਮੀ ਕਲੀਨਿਕ ਵਿੱਚ ਚੱਲ ਰਹੇ ਕੰਮ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਕੰਮ 'ਚ ਹੋਰ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਕਲੀਨਿਕ ਜਲਦੀ ਲੋਕਾਂ ਨੂੰ ਸਮਰਪਿਤ ਕੀਤੇ ਜਾ ਸਕਣ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਨੂੰ ਡੇਂਗੂ ਤੇ ਮਲੇਰੀਆਂ ਤੋਂ ਬਚਾਅ ਲਈ ਫੌਗਿੰਗ ਦੇ ਕੰਮ ਵਿੱਚ ਹੋਰ ਤੇਜ਼ ਲਿਆਉਣ ਦੀ ਹਦਾਇਤ ਕੀਤੀ ਅਤੇ ਟੀਮਾਂ ਨੂੰ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਜਿਹੜੇ ਖੇਤਰਾਂ ਵਿੱਚ ਡੇਂਗੂ ਤੇ ਮਲੇਰੀਆਂ ਦਾ ਜ਼ਿਆਦਾ ਖ਼ਤਰਾ ਹੈ, ਜਿਸ ਵਿੱਚ ਸ਼ੇਖ਼ੂਪੁਰਾ, ਬਹਾਦਰਗੜ੍ਹ, ਬਾਰਨ, ਟਰਾਈਕੋਨ ਸਿਟੀ, ਓਮੈਕਸ, ਸਿੱਧੂਵਾਲ ਦੇ ਖੇਤਰਾਂ ਵਿੱਚ ਟੀਮਾਂ ਨਿਰੰਤਰ ਫੌਗਿੰਗ ਕਰਨਾ ਯਕੀਨੀ ਬਣਾਉਣ। ਇਸ ਮੌਕੇ ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਦੱਸਿਆ ਕਿ ਨਵੇਂ ਖੁੱਲਣ ਵਾਲੇ 13 ਆਮ ਆਦਮੀ ਕਲੀਨਿਕਾਂ ਵਿਚੋਂ ਪਾਸੀ ਰੋਡ ਬਾਬਾ ਜੀਵਨ ਸਿੰਘ ਬਸਤੀ, ਅਬਲੋਵਾਲ, ਪੁਰਾਣੀ ਕਬਾੜੀ ਮਾਰਕੀਟ ਚਾਂਦਨੀ ਚੌਂਕ, ਰੈਡ ਕਰਾਸ ਬਿਲਡਿੰਗ ਬਿਸ਼ਨ ਨਗਰ, ਉਪਕਾਰ ਨਗਰ, ਟਿਵਾਣਾ ਚੌਂਕ ਨੇੜੇ ਬਾਬੂ ਸਿੰਘ ਕਲੋਨੀ, ਅਰਬਨ ਅਸਟੇਟ ਫੇਜ-2, ਫੋਕਲ ਪੁਆਇੰਟ ਨੇੜੇ ਫਾਇਰ ਦਫ਼ਤਰ ਸਨੌਰ, ਬੱਸ ਸਟਾਪ ਪਾਰਕਿੰਗ ਨੇੜੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਮੇਤ ਪਿੰਡ ਸਿੱਧੂਵਾਲ, ਲੰਗ, ਲਚਕਾਣੀ ਤੇ ਰੋਹਟੀ ਮੌੜਾਂ ਵਿਖੇ ਕੰਮ ਤਕਰੀਬਨ ਮੁਕੰਮਲ ਹੋ ਚੁੱਕਾ ਹੈ ਤੇ ਇਹ ਕਲੀਨਿਕ ਜਲਦੀ ਹੀ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲੱਗ ਜਾਣਗੇ। ਮੀਟਿੰਗ ਵਿੱਚ ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ ਤੇ ਡਾ. ਸੁਮਿਤ ਸਿੰਘ ਵੀ ਮੌਜੂਦ ਸਨ।