ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟੈਕਸ ਕਾਨੂੰਨਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕੀਤਾ ਨਿਵੇਕਲਾ ਉਪਰਾਲਾ : ਕੋਹਲੀ
ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪਟਿਆਲਾ ਵਾਸੀਆਂ ਨੂੰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਕੀਤੇ ਨਿਵੇਕਲੇ ਉਪਰਾਲੇ 'ਬਿੱਲ ਲਿਆਓ, ਇਨਾਮ ਪਾਓ' ਸਕੀਮ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਹੈ।
ਵਿਧਾਇਕ ਕੋਹਲੀ ਨੇ ਕਿਹਾ ਕਿ ਇਸ ਸਕੀਮ ਦਾ ਉਦੇਸ਼ ਜੀ.ਐਸ.ਟੀ. ਤਹਿਤ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਹੈ। ਇਹ ਸਕੀਮ ਖਪਤਕਾਰਾਂ ਨੂੰ ਖਰੀਦ ਕਰਨ ਮੌਕੇ ਡੀਲਰਾਂ ਪਾਸੋਂ ਬਿੱਲ ਹਾਸਲ ਕਰਨ ਲਈ ਉਤਸ਼ਾਹਤ ਕਰਨ ਅਤੇ ਵਿਕਰੀ ਬਦਲੇ ਬਿੱਲ ਹਾਸਲ ਕਰਨ ਲਈ ਡੀਲਰਾਂ ਨੂੰ ਮਜਬੂਰ ਕਰਨਾ ਹੈ। ਉਨ੍ਹਾਂ ਕਿਹਾ ਕਿ ਖਪਤਕਾਰ 'ਮੇਰਾ ਬਿੱਲ' ਐਪ ਉਤੇ ਖਰੀਦ ਕਰਨ ਦਾ ਬਿੱਲ ਅਪਲੋਡ ਕਰਕੇ ਲੱਕੀ ਡਰਾਅ ਵਿਚ ਸ਼ਾਮਲ ਹੋ ਸਕਦੇ ਹਨ, ਜੋ ਲੱਕੀ ਡਰਾਅ ਹਰੇਕ ਮਹੀਨੇ ਦੀ 7 ਤਰੀਕ ਨੂੰ ਨਿਕਲੇਗਾ ਤੇ ਸੂਬੇ ਵਿੱਚ 290 ਇਨਾਮ ਅਤੇ ਜ਼ਿਲ੍ਹੇ 'ਚ 10 ਇਨਾਮ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਇਨਾਮ ਵਸਤ/ਸੇਵਾ ਲਈ ਅਦਾ ਕੀਤੇ ਟੈਕਸ ਦੇ ਪੰਜ ਗੁਣਾ ਦੇ ਬਰਾਬਰ ਹੋਵੇਗਾ ਪਰ ਇਹ ਇਨਾਮ ਵੱਧ ਤੋਂ ਵੱਧ 10 ਹਜ਼ਾਰ ਰੁਪਏ ਤੱਕ ਦੇ ਮੁੱਲ ਦਾ ਹੋਵੇਗਾ। ਉਨ੍ਹਾਂ ਕਿਹਾ ਕਿ ਜੇਤੂਆਂ ਦੀ ਸੂਚੀ ਟੈਕਸੇਸ਼ਨ ਵਿਭਾਗ ਦੀ ਵੈੱਬਸਾਈਟ ਉਤੇ ਨਸ਼ਰ ਕੀਤੀ ਜਾਵੇਗੀ ਅਤੇ ਜੇਤੂਆਂ ਨੂੰ ਮੋਬਾਈਲ ਐਪ ਜ਼ਰੀਏ ਸੂਚਿਤ ਕੀਤਾ ਜਾਵੇਗਾ।
ਕਿਹਾ, 'ਮੇਰਾ ਬਿੱਲ ਐਪ' ਰਾਹੀਂ ਸਕੀਮ ਦਾ ਹਿੱਸਾ ਬਣਕੇ ਹਰੇਕ ਮਹੀਨੇ ਇਨਾਮ ਜਿੱਤਣ ਦਾ ਮੌਕਾ
ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪਟਿਆਲਾ ਵਾਸੀ ਵੱਧ ਤੋਂ ਵੱਧ ਇਸ ਸਕੀਮ ਵਿਚ ਹਿੱਸਾ ਲੈਣ ਤਾਂ ਕਿ ਟੈਕਸ ਦੀ ਪਾਲਣ ਦਾ ਸੰਦੇਸ਼ ਘਰ-ਘਰ ਤੱਕ ਪਹੁੰਚਾਇਆ ਜਾ ਸਕੇ ਅਤੇ ਸਮਾਜ ਭਲਾਈ ਦੀਆਂ ਵੱਖ-ਵੱਖ ਸਕੀਮਾਂ ਲਈ ਸੂਬੇ ਨੂੰ ਮਾਲੀਏ ਦਾ ਬਣਦਾ ਹਿੱਸਾ ਮਿਲ ਸਕੇ। ਉਨ੍ਹਾਂ ਸਾਰਿਆਂ ਨੂੰ ਆਪਣੇ ਫੋਨ ਵਿੱਚ 'ਮੇਰਾ ਬਿੱਲ' ਐਪ ਇੰਸਟਾਲ ਕਰਨ ਦੀ ਵੀ ਅਪੀਲ ਕੀਤੀ।