ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੰਜਾਬੀ ਯੂਨੀਵਰਸਿਟੀ ਦੇ ਸਿੱਖ ਵਿਸ਼ਵਕੋਸ਼ ਵਿਭਾਗ ਵੱਲੋਂ ਸਿੰਘ ਸਭਾ ਲਹਿਰ ਦੇ 150 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ 'ਸਰਦਾਰਨੀ ਕੈਲਾਸ਼ ਕੌਰ ਯਾਦਗਾਰੀ ਭਾਸ਼ਣ' ਕਰਵਾਇਆ ਗਿਆ ਜਿਸ ਵਿਚ ਚੰਡੀਗੜ੍ਹ ਤੋਂ ਪ੍ਰਸਿੱਧ ਸਿੱਖ ਵਿਦਵਾਨ ਭਾਈ ਅਸ਼ੋਕ ਸਿੰਘ ਬਾਗੜੀਆਂ, ਦਿੱਲੀ ਤੋਂ ਡਾ. ਹਰਵਿੰਦਰ ਸਿੰਘ ਅਤੇ ਮੋਹਾਲੀ ਤੋਂ ਸ. ਹਰਦੀਪ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ 'ਭਾਈ ਵੀਰ ਸਿੰਘ ਜੀ : ਅਪ੍ਰਕਾਸ਼ਿਤ ਪੱਤਰ' ਸਿਰਲੇਖ ਅਧੀਨ ਡਾ. ਪਰਮਵੀਰ ਸਿੰਘ ਅਤੇ ਡਾ. ਕੁਲਵਿੰਦਰ ਸਿੰਘ ਵੱਲੋਂ ਸਾਂਝੇ ਤੌਰ ਉੱਤੇ ਤਿਆਰ ਕੀਤੀ ਗਈ ਪੁਸਤਕ ਲੋਕ ਅਰਪਣ ਕੀਤੀ ਗਈ।
ਵਿਭਾਗ ਮੁਖੀ ਡਾ. ਪਰਮਵੀਰ ਸਿੰਘ ਵੱਲੋਂ ਯਾਦਗਾਰੀ ਭਾਸ਼ਣ ਸੰਬੰਧੀ ਜਾਣਕਾਰੀ ਦਿੰਦੇ ਹੋਏ ਹਾਜ਼ਰ ਸਰੋਤਿਆਂ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਕਿਹਾ ਕਿ 1993 ਵਿਚ ਇਹ ਲੈਕਚਰ 'ਇਨਸਾਈਕਲੋਪੀਡੀਆ ਆਫ਼ ਸਿੱਖ਼ਿਜ਼ਮ' ਦੇ ਐਡੀਟਰ-ਇਨ-ਚੀਫ਼ ਪ੍ਰੋ. ਹਰਬੰਸ ਸਿੰਘ ਵੱਲੋਂ ਆਪਣੀ ਸੁਪਤਨੀ ਸਰਦਾਰਨੀ ਕੈਲਾਸ਼ ਕੌਰ ਦੀ ਯਾਦ ਵਿਚ ਅਰੰਭ ਕੀਤਾ ਗਿਆ ਸੀ ਅਤੇ ਇਸੇ ਲੜੀ ਅਧੀਨ ਇਹ ਨਿਰੰਤਰ ਜਾਰੀ ਹੈ।
ਭਾਈ ਅਸ਼ੋਕ ਸਿੰਘ ਬਾਗੜੀਆਂ ਨੇ 'ਭਾਈ ਵੀਰ ਸਿੰਘ ਦੀ ਸਿੰਘ ਸਭਾ ਅਤੇ ਪੰਜਾਬੀ ਸਾਹਿਤ ਨੂੰ ਦੇਣ' ਵਿਸ਼ੇ ਉੱਤੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਿੱਖ ਰਹਿਤ ਮਰਯਾਦਾ ਸਿੱਖ ਵਿਦਵਾਨਾਂ ਅਤੇ ਸੂਝਵਾਨਾਂ ਨੇ ਗੁਰਮਤਿ ਦੀ ਰੌਸ਼ਨੀ ਵਿਚ ਤਿਆਰ ਕੀਤੀ ਸੀ ਅਤੇ ਜੇਕਰ ਇਸੇ ਦੀ ਦ੍ਰਿੜਤਾ ਪੂਰਵਕ ਪਾਲਣਾ ਕੀਤੀ ਜਾਵੇ ਤਾਂ ਬਹੁਤ ਸਾਰੇ ਭਰਮ ਭੁਲੇਖੇ ਅਤੇ ਨਿੱਜੀ ਮਾਨਤਾਵਾਂ ਆਪਣੇ ਆਪ ਖ਼ਤਮ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਸਿੰਘ ਸਭਾ ਲਹਿਰ ਸਿੱਖੀ ਕਿਰਦਾਰ ਵਿਚੋਂ ਪੈਦਾ ਹੋਈ ਸੀ ਅਤੇ ਭਾਈ ਵੀਰ ਸਿੰਘ ਵਰਗੀਆਂ ਸ਼ਖ਼ਸੀਅਤਾਂ ਉਸ ਨਾਲ ਜੁੜੀਆਂ ਹੋਈਆਂ ਸਨ। ਅਜਿਹੇ ਕਿਰਦਾਰ ਵਾਲੀਆਂ ਸ਼ਖ਼ਸੀਅਤਾਂ ਦੇ ਸਾਹਮਣੇ ਆਉਣ ਨਾਲ ਸਿੰਘ ਸਭਾ ਨੂੰ ਪੁਨਰ-ਸੁਰਜੀਤ ਕੀਤਾ ਜਾ ਸਕਦਾ ਹੈ।
ਡਾ. ਹਰਵਿੰਦਰ ਸਿੰਘ ਨੇ 'ਭਾਈ ਵੀਰ ਸਿੰਘ : ਅਪ੍ਰਕਾਸ਼ਿਤ ਪੱਤਰ' ਸਿਰਲੇਖ ਅਧੀਨ ਪੁਸਤਕ ਸੰਬੰਧੀ ਵਿਚਾਰ ਪ੍ਰਗਟ ਕਰਦੇ ਹੋਏ ਦੱਸਿਆ ਕਿ ਪੰਜਾਬੀ ਜ਼ੁਬਾਨ ਨੂੰ ਅੱਗੇ ਤੋਰਨ ਅਤੇ ਸਾਹਿਤ ਦੀ ਭਾਸ਼ਾ ਬਣਾਉਣ ਵਿਚ ਭਾਈ ਵੀਰ ਸਿੰਘ ਦਾ ਵਡਮੁੱਲਾ ਯੋਗਦਾਨ ਹੈ। ਇਹ ਪੁਸਤਕ ਭਾਈ ਸਾਹਿਬ ਸੰਬੰਧੀ ਚਿੰਤਨ ਦੇ ਨਵੇਂ ਪਸਾਰਾਂ ਨੂੰ ਜਨਮ ਦਿੰਦੀ ਹੈ ਅਤੇ ਇਸ ਦਿਸ਼ਾ ਵਿਚ ਹੋਰ ਕਾਰਜ ਕਰਨ ਲਈ ਪ੍ਰੇਰਿਤ ਕਰਦੀ ਹੈ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਪੁਸਤਕ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਖੋਜ ਵਿਚ ਸਰੋਤਾਂ ਦਾ ਬਹੁਤ ਮਹੱਤਵ ਹੁੰਦਾ ਹੈ ਅਤੇ ਇਸ ਦਿਸ਼ਾ ਵਿਚ ਕਾਰਜ ਕਰਦੇ ਹੋਏ ਨਵੇਂ ਸਰੋਤਾਂ ਦੀ ਭਾਲ ਜਾਰੀ ਰਹਿਣੀ ਚਾਹੀਦੀ ਹੈ। ਭਾਈ ਵੀਰ ਸਿੰਘ ਨੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਵਿਚ ਵਿਸ਼ੇਸ਼ ਯੋਗਦਾਨ ਪਾਇਆ ਹੈ ਅਤੇ ਸਾਨੂੰ ਜੀਵਨ ਦੇ ਹਰ ਖੇਤਰ ਵਿਚ ਪੰਜਾਬੀ ਨੂੰ ਨਾਲ ਜੋੜਨ ਲਈ ਨਿਰੰਤਰ ਯਤਨਸ਼ੀਲ ਰਹਿਣਾ ਚਾਹੀਦਾ ਹੈ।
ਸ. ਹਰਦੀਪ ਸਿੰਘ, ਜੋ ਵਿਸ਼ੇਸ਼ ਮਹਿਮਾਨ ਵੱਜੋਂ ਸ਼ਾਮਲ ਹੋਏ ਸਨ, ਨੇ ਇਸ ਮੌਕੇ ਭਾਈ ਵੀਰ ਸਿੰਘ ਅਤੇ ਉਹਨਾਂ ਦੇ ਛੋਟੇ ਭਰਾਤਾ ਡਾ. ਬਲਬੀਰ ਸਿੰਘ ਨਾਲ ਪੈਦਾ ਹੋਈ ਸਾਂਝ ਸੰਬੰਧੀ ਜਾਣਕਾਰੀ ਪ੍ਰਦਾਨ ਕੀਤੀ।
ਅੰਤ ਵਿੱਚ ਡਾ. ਜਸਪ੍ਰੀਤ ਕੌਰ ਨੇ ਹਾਜ਼ਰ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕ, ਵਿਦਿਆਰਥੀ ਅਤੇ ਖੋਜਾਰਥੀ ਹਾਜ਼ਰ ਸਨ ਜਿਨ੍ਹਾਂ ਵਿਚ ਡਾ. ਕੇਹਰ ਸਿੰਘ, ਡਾ. ਬਲਕਾਰ ਸਿੰਘ, ਬਾਬਾ ਪਾਲ ਸਿੰਘ, ਸੰਤ ਮਨਮੋਹਨ ਸਿੰਘ, ਗੁਰਮਤਿ ਕਾਲਜ ਦੀ ਪ੍ਰਿੰਸੀਪਲ ਡਾ. ਜਸਬੀਰ ਕੌਰ, ਡਾ. ਡਾ. ਸੁਖਦਿਅਲ ਸਿੰਘ, ਡਾ. ਹਿੰਮਤ ਸਿੰਘ, ਸੁਰਜੀਤ ਸਿੰਘ ਭੱਟੀ, ਸ. ਸੁਰਿੰਦਰ ਸਿੰਘ, ਸ. ਗੁਰਮੀਤ ਸਿੰਘ, ਸ. ਜਗਦੀਸ਼ ਸਿੰਘ, ਡਾ. ਪਰਮਜੀਤ ਸਿੰਘ ਮਾਨਸਾ, ਡਾ. ਦਿਲਵਰ ਸਿੰਘ, ਡਾ. ਮਲਕਿੰਦਰ ਕੌਰ, ਡਾ. ਗੁੰਜਨਜੋਤ ਕੌਰ ਅਤੇ ਡਾ. ਹਰਜੀਤ ਸਿੰਘ ਆਦਿ ਸ਼ਾਮਲ ਸਨ।
ਡਾਇਰੈਕਟਰ, ਲੋਕ ਸੰਪਰਕ