ਸੁਨਾਮ, (ਦਰਸ਼ਨ ਸਿੰਘ ਚੌਹਾਨ) : ਸੁਨਾਮ ਸੰਗਰੂਰ ਸੜਕ ਤੇ ਪੈਂਦੇ ਪਿੰਡ ਅਕਾਲਗੜ੍ਹ ਨੇੜਿਓਂ ਲੰਘਦੇ ਸਰਹਿੰਦ ਚੋਅ ਦੇ ਆਵਾਜਾਈ ਲਈ ਬੰਦ ਕੀਤੇ ਖਸਤਾਹਾਲ ਪੁਲ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਸਾਤਾਂ ਦੇ ਦਿਨਾਂ ਦੌਰਾਨ ਪ੍ਰਸ਼ਾਸਨ ਵੱਲੋਂ ਉਕਤ ਪੁਲ ਤੇ ਕੰਧਾਂ ਕੱਢਕੇ ਵਹੀਕਲ ਲੰਘਣ ਲਈ ਬੰਦ ਕਰ ਦਿੱਤਾ ਗਿਆ ਸੀ । ਵੀਰਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੁਨਾਮ ਦੇ ਆਗੂਆਂ ਸੁਖਪਾਲ ਸਿੰਘ ਮਾਣਕ, ਗੋਬਿੰਦ ਸਿੰਘ ਚੱਠਾ, ਯਾਦਵਿੰਦਰ ਸਿੰਘ ਚੱਠੇ ਨਕਟੇ, ਪਾਲ ਦੌਲੇਵਾਲਾ ਅਤੇ ਅਜੈਬ ਸਿੰਘ ਜਖੇਪਲ ਨੇ ਪ੍ਰਸ਼ਾਸਨ ਵੱਲੋਂ ਆਵਾਜਾਈ ਲਈ ਬੰਦ ਕੀਤੇ ਸਰਹਿੰਦ ਚੋਅ ਦਾ ਦੌਰਾ ਕਰਕੇ ਕਿਹਾ ਕਿ ਵਹੀਕਲਾਂ ਦੀ ਆਵਾਜਾਈ ਲਈ ਬੰਦ ਕੀਤੇ ਸਰਹਿੰਦ ਚੋਅ ਦੇ ਪੁਲ ਕਾਰਨ ਜਿੱਥੇ ਰਾਹਗੀਰਾਂ ਨੂੰ ਜ਼ਿਲ੍ਹਾ ਹੈਡਕੁਆਰਟਰ ਤੱਕ ਜਾਣ ਲਈ ਦੂਰੋਂ ਘੁੰਮਕੇ ਜਾਣਾ ਪੈਂਦਾ ਹੈ ਉੱਥੇ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਭਾਰੀ ਮੁਸ਼ਕਿਲ ਪੇਸ਼ ਆ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸੁਨਾਮ ਬਲਾਕ ਦੇ ਪਿੰਡ ਜੋ ਡਰੇਨ ਤੋਂ ਪਾਰ ਹਨ ਇਹਨਾਂ ਸਾਰੇ ਪਿੰਡਾਂ ਦਾ ਝੋਨਾ ਸੁਨਾਮ ਮੰਡੀ ਵਿੱਚ ਆਉਂਦਾ ਹੈ, ਇਸ ਲਈ ਸਰਕਾਰ ਜਾਂ ਤਾਂ ਆਰਜ਼ੀ ਪੁਲ ਤਿਆਰ ਕਰੇ ਜਾਂ ਪੁਲ ਦਾ ਇੱਕ ਪਾਸਾ ਛੋਟੇ ਵਹੀਕਲਾਂ ਲਈ ਖੋਲਿਆ ਜਾਵੇ। ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ ਰਾਹਗੀਰਾਂ ਦੀ ਮੁਸ਼ਕਿਲ ਵੱਲ ਧਿਆਨ ਦੇਕੇ ਬੰਦ ਕੀਤੇ ਰਾਹ ਨੂੰ ਬਿਨਾਂ ਦੇਰੀ ਚਾਲੂ ਕਰਨ ਨੂੰ ਯਕੀਨੀ ਬਣਾਵੇ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲ ਵੱਲ ਧਿਆਨ ਨਾ ਦਿੱਤਾ ਤਾਂ ਜਥੇਬੰਦੀ ਉਕਤ ਮਾਮਲੇ ਨੂੰ ਗੰਭੀਰਤਾ ਨਾਲ ਲੈਕੇ ਸੰਘਰਸ਼ ਵਿੱਢਣ ਤੋਂ ਗ਼ੁਰੇਜ਼ ਨਹੀਂ ਕਰੇਗੀ। ਇਹ ਮੋਕੇ ਸੁਨਾਮ ਬਲਾਕ ਦੇ ਆਗੂਆਂ ਤੋਂ ਇਲਾਵਾ ਮਨੀ ਸਿੰਘ ਭੈਣੀ, ਗਗਨਦੀਪ ਸਿੰਘ ਚੱਠਾ, ਮਨੀ ਰਟੋਲਾਂ ਅਤੇ ਪਿੰਡ ਇਕਾਈ ਚੱਠੇ ਨਕਟੇ ਦੇ ਮੈਂਬਰ ਹਾਜ਼ਰ ਸਨ।
ਫਾਈਲ 12-- ਸੁਨਾਮ -- ਬੀਕੇਯੂ