ਫ਼ਤਹਿਗੜ੍ਹ ਸਾਹਿਬ :- ਜ਼ਿਲ੍ਹੇ ਵਿੱਚ ਬਾਲ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਦੀ ਪ੍ਰਧਾਨਗੀ ਹੇਠ ਬੱਚਤ ਭਵਨ ਵਿਖੇ ਮਿਸ਼ਨ ਵਤਸੱਲਿਆ ਅਧੀਨ ਜੁਵੇਨਾਇਲ ਜਸਟਿਸ ਐਕਟ, ਪੋਕਸੋ ਐਕਟ ਅਤੇ ਬੱਚਿਆਂ ਨੂੰ ਗੋਦ ਲੈਣ ਸਬੰਧੀ ਟਰੇਨਿੰਗ-ਕਮ-ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਬਾਲ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਗਈ। ਇਸ ਮੌਕੇ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਬੱਚਿਆਂ ਦੇ ਭਵਿੱਖ ਨੂੰ ਵੇਖਦੇ ਹੋਏ ਉਨ੍ਹਾਂ ਦੀ ਪੜਾਈ ਦੇ ਨਾਲ-ਨਾਲ ਸੁਰੱਖਿਆ ਯਕੀਨੀ ਬਣਾਉਣਾ ਸਾਡੀ ਸਾਰਿਆਂ ਦੀ ਨੈਤਿਕ ਜਿੰਮੇਵਾਰੀ ਹੈ ਅਤੇ ਸਾਨੂੰ ਬੱਚਿਆਂ ਨਾਲ ਜੁੜੇ ਵੱਖ-ਵੱਖ ਕਾਨੂੰਨਾ ਅਤੇ ਬਾਲ ਹੈਲਪ ਲਾਇਨ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਬਾਲ ਸੁਰੱਖਿਆ ਯੂਨਿਟ ਵੱਲੋਂ ਜੁਵੇਨਾਇਲ ਜਸਟਿਸ ਐਕਟ ਅਨੁਸਾਰ ਬੱਚਿਆਂ ਦੇ ਕੇਸਾਂ ਨੂੰ ਪਹਿਲ ਦੇ ਆਧਾਰ ਤੇ ਡੀਲ ਕਰਨ ਵਾਸਤੇ ਜੁਵੇਨਾਇਲ ਜਸਟਿਸ ਬੋਰਡ ਅਤੇ ਬਾਲ ਭਲਾਈ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਕਿ ਬੱਚਿਆਂ ਦੇ ਹਿੱਤ ਵਿੱਚ ਫੈਸਲੇ ਲੈਂਦੀਆਂ ਹਨ ਅਤੇ ਲੋੜ ਪੈਣ ਤੇ ਬੱਚਿਆਂ ਨੂੰ ਸ਼ੈਲਟਰ ਵੀ ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪੋਕਸੇ ਐਕਟ ਵਿੱਚ ਬੱਚਿਆਂ ਨਾਲ ਕੀਤੇ ਗਏ ਅਪਰਾਧ ਸਬੰਧੀ ਵੱਖ-ਵੱਖ ਧਾਰਾਵਾਂ ਹੇਠ ਘੱਟ ਤੋਂ ਘੱਟ 10 ਸਾਲ ਤੱਕ ਦੀ ਸਜਾ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇ ਇਸ ਸੈਮੀਨਾਰ ਦਾ ਮੁੱਖ ਮੰਤਵ ਬਾਲ ਸੁਰੱਖਿਆ ਨਾਲ ਜੁੜੇ ਸਮੂਹ ਵਿਭਾਗਾਂ ਨੂੰ ਬੱਚਿਆਂ ਦੀ ਸੁਰੱਖਿਆ ਅਤੇ ਐਕਟ ਦੇ ਵਿੱਚ ਹੋਈ ਸੋਧ ਨੂੰ ਸਬੰਧਤ ਵਿਭਾਗਾਂ ਨੂੰ ਜਾਣੂ ਕਰਵਾਉਣਾ ਹੈ।
ਬੱਚਿਆਂ ਦੀ ਸੁਰੱਖਿਆ ਲਈ ਬਣਾਏ ਕਾਨੁੰਨਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ
ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀ ਗੁਰਮੀਤ ਸਿੰਘ ਨੇ ਬੱਚਿਆਂ ਦੀ ਸੁਰੱਖਿਆ ਲਈ ਬਣਾਏ ਕਾਨੁੰਨਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਰਿਮਟ ਯੂਨੀਵਰਸਿਟੀ ਦੇ ਸ਼੍ਰੀਮਤੀ ਸਰੂ ਸ਼ਰਮਾ ਨੇ ਪੋਕਸੋ ਐਕਟ ਅਤੇ ਉਸ ਵਿੱਚ ਹੋਈ ਸੋਧ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਿਸੇ ਵੀ ਬੱਚੇ ਨੂੰ ਪਹਿਲ ਦੇ ਆਧਾਰ ਤੇ ਮੈਡੀਕਲ ਸੁਵਿਧਾ ਮੁਹੱਈਆ ਕਰਵਾਉਣੀ ਡਾਕਟਰ ਦਾ ਫਰਜ਼ ਹੈ ਅਤੇ ਉਸ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾ ਸਕਦੀ ਹੈ। ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼੍ਰੀ ਹਰਭਜਨ ਸਿੰਘ ਮਹਿਮੀ ਨੇ ਜੁਵੇਨਾਈਲ ਜਸਟਿਸ ਐਕਟ ਨੂੰ ਪ੍ਰਦਰਸ਼ਨੀ ਰਾਹੀਂ ਜਾਣਕਾਰੀ ਦਿੱਤੀ ਗਈ। ਸੁਰੱਖਿਆ ਅਫਸਰ (ਐਨ.ਆਈ.ਸੀ) ਸ਼੍ਰੀਮਤੀ ਨੇਹਾ ਸਿੰਗਲਾ ਵੱਲੋਂ ਬੱਚਿਆ ਨੂੰ ਗੋਦ ਲੈਣ ਸਬੰਧੀ ਅਡਾਪਸ਼ਨ ਰੈਗੂਲੇਸ਼ਨ 2017 ਐਕਟ ਅਧੀਨ ਉਹ ਜੋੜੇ/ਪਰਿਵਾਰ ਜਿਨ੍ਹਾਂ ਕੋਲ ਬੱਚੇ ਨਹੀਂ ਹਨ ਅਤੇ ਬੱਚੇ ਗੋਦ ਲੈਣਾ ਚਾਹੁੰਦੇ ਹਨ, ਉਹ ਕਾਨੂੰਨੀ ਤਰੀਕੇ ਨਾਲ ਗੋਦ ਲੈਣ ਲਈ cara.wcd.gov.in ਤੇ ਅਪਲਾਈ ਕਰਕੇ ਬੱਚਾ ਗੋਦ ਲੈ ਸਕਦੇ ਬਾਰੇ ਜਾਣਕਾਰੀ ਦਿੱਤੀ। ਇਸ ਟ੍ਰੇਨਿੰਗ ਕਮ ਜਾਗਰੂਕਤਾ ਪ੍ਰੋਗਰਾਮ ਵਿੱਚ ਹਾਜਰ ਹੋਏ ਸਟੇਕ ਹੋਲਡਲਜ਼ ਵੱਲੋਂ ਪੁੱਛੇ ਗਏ ਸਾਰੇ ਪ੍ਰਸ਼ਨਾਂ ਦਾ ਜਵਾਬ ਜਿਲ੍ਹਾ ਬਾਲ ਸੁਰੱਖਿਆ ਅਫਸਰ ਵੱਲੋਂ ਦਿੱਤਾ ਗਿਆ। ਇਸ ਮੌਕੇ ਸ਼੍ਰੀ ਅਨਿਲ ਗੁਪਤਾ ਚੇਅਰਮੈਂਨ ਬਾਲ ਭਲਾਈ ਕਮੇਟੀ ਅਤੇ ਸਮੂਹ ਮੈਬਰਜ਼, (ਸ਼੍ਰੀ ਗੁਲਸਨ ਰਾਏ ਬੋਬੀ ਅਤੇ ਆਰਤੀ ਵਰਮਾ) ਜੇ.ਜੇ.ਬੀ ਮੈਂਬਰ,ਸ਼੍ਰੀਮਤੀ ਮੰਜੂ ਸਰਮਾ ਜਿਲ੍ਹਾ ਸਿੱਖਿਆ ਅਫ਼ਸਰ(ਸੈਕੰਡਰੀ) ਪੁਲਿਸ ਵਿਭਾਗ ਦੇ ਡੀ.ਐਸ.ਪੀ ਫਤਹਿਗੜ੍ਹ ਸਾਹਿਬ ਸ਼੍ਰੀ ਕੁਲਬੀਰ ਸਿੰਘ, ਸਿੱਖਿਆ ਵਿਭਾਗ ਦੇ ਦੀਦਾਰ ਸਿੰਘ ਮਾਗਟ ਸਿੰਘ ਡਿਪਟੀ ਡੀ.ਈ.ਓ (ਐਲੀ.), ਸਿਹਤ ਵਿਭਾਗ ਦੇ (ਡਾ. ਸੁਰਿੰਦਰ ਸਿੰਘ ਅਤੇ ਡਾ. ਨਵਨੀਤ ਕੌਰ), ਬਾਲ ਵਿਕਾਸ ਪ੍ਰੋਜੈਕਟ ਅਫਸਰ (ਸ਼੍ਰੀਮਤੀ ਸ਼ਰਨਜੀਤ ਕੌਰ, ਸ਼੍ਰੀਮਤੀ ਵੀਨਾ ਭਗਤ, ਸ਼੍ਰੀਮਤੀ ਹਰਜੀਤ ਕੌਰ), ਆਰ.ਪੀ.ਐਫ ਵਿਭਾਗ ਤੋਂ ਸ਼੍ਰੀਮਤੀ ਕੋਮਲ ਐਸ.ਆਈ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।