ਪਟਿਆਲਾ : ਮੁਲਾਜ਼ਮ ਸੰਘਰਸ਼ ਕਮੇਟੀ ਸੀਆਰ ਏ 295/ 19 ਦੀਆਂ ਤਨਖਾਹਾਂ ਨਾ ਬਣਾਉਣ ਦੇ ਰੋਸ ਵਜੋਂ ਪਰਿਵਾਰਾਂ ਸਮੇਤ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਰੋਸ ਧਰਨਾ ਦਿੱਤਾ ਗਿਆ। ਵੱਡੀ ਗਿਣਤੀ 'ਚ ਛੋਟੇ ਬੱਚਿਆਂ ਤੇ ਪਰਿਵਾਰਾਂ ਨਾਲ ਆਏ ਮੁਲਾਜ਼ਮਾਂ ਨੇ ਆਕਾਸ਼ ਗੁੰਜਾਊ ਨਾਰਿਆਂ ਨਾਲ ਮੈਨੇਜਮੈਂਟ ਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਇਸ ਮੌਕੇ ਧਰਨਾਕਾਰੀਆਂ ਨੂੰ ਹੋਰਨਾ ਵੱਖ-ਵੱਖ ਜਥੇਬੰਦੀਆਂ ਤੇ ਕਿਸਾਨ ਯੂਨੀਅਨ ਵੱਲੋਂ ਵੀ ਸਮਰਥਨ ਦਿੱਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆ ਆਗੂਆਂ ਨੇ ਕਿਹਾ ਕਿ ਪਾਵਰਕਾਮ ਮੈਨੇਜਮੈਂਟ ਵੱਲੋਂ ਤਿੰਨ ਸਾਲ ਦਾ ਪਰਖਕਾਲ ਪੂਰਾ ਕਰ ਚੁੱਕੇ ਸਹਾਇਕ ਲਾਈਨਮੈਨਾਂ ਨੂੰ ਦਸ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਰੈਗੂਲਰ ਸਕੇਲ ਨਹੀਂ ਦਿੱਤੇ ਜਾ ਰਹੇ । ਪਾਵਰਕਾਮ ਵੱਲੋਂ ਸਟੇਟਸ ਕਿਊ ਦਾ ਬਹਾਨਾ ਬਣਾ ਕੇ ਇਹ ਤਨਖਾਹਾਂ ਜਾਰੀ ਨਹੀਂ ਕੀਤੀਆਂ ਜਾ ਰਹੀਆਂ ਜਦੋ ਕਿ ਮੈਨੇਜਮੈਂਟ ਨੇ ਜੋ ਇਸ਼ਤਿਹਾਰ ਜਾਰੀ ਕੀਤਾ ਸੀ ਉਸੇ ਮੁਤਾਬਕ ਸਾਰੇ ਡਾਕੂਮੈਂਟ ਪੂਰੇ ਕੀਤੇ ਗਏ ਸਨ ਅਤੇ ਕੌਂਸਿਲੰਗ ਸਮੇਂ ਸਾਰੇ ਡਾਕੂਮੈਂਟ ਪਾਵਰਕਾਮ ਦੇ ਭਰਤੀ ਵਿਭਾਗ ਵੱਲੋਂ ਬਣਾਈਆਂ ਕਮੇਟੀਆਂ ਵੱਲੋਂ ਚੰਗੀ ਤਰ੍ਹਾਂ ਜਾਚ ਪੜਤਾਲ ਕਰ ਕੇ ਹੀ ਨਿਯੁਕਤੀ ਪੱਤਰ ਦਿੱਤੇ ਗਏ ਸਨ। ਪਰ ਮੈਨੇਜਮੈਂਟ ਵੱਲੋਂ ਭਰਤੀ ਨੂੰ ਪੂਰਾ ਨਹੀਂ ਕੀਤਾ ਗਿਆ ਜਿਸ ਕਾਰਨ ਰਹਿੰਦੇ ਕੁਝ ਸਾਥੀਆਂ ਵੱਲੋਂ ਕੋਰਟ ਵੱਲ ਰੁੱਖ ਕੀਤਾ ਗਿਆ ਅਤੇ ਉਸੇ ਕੋਰਟ ਦਾ ਬਹਾਨਾ ਬਣਾ ਕੇ ਮੈਨੇਜਮੈਂਟ ਮੁਲਾਜ਼ਮਾਂ ਦਾ ਸ਼ੋਸਣ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਜੇਕਰ ਮੈਨੇਜਮੈਂਟ ਜਲਦੀ ਹੀ ਰੈਗੂਲਰ ਸਕੇਲ ਸਮੇਤ ਤਨਖਾਹਾਂ ਜਾਰੀ ਨਹੀਂ ਕਰਦੀ ਤਾਂ ਫਿਰ ਆਉਣ ਵਾਲੇ ਸਮੇਂ ਸੰਘਰਸ਼ ਕਮੇਟੀ ਤਿੱਖੇ ਸੰਘਰਸ਼ ਦਾ ਐਲਾਨ ਕਰੇਗੀ। ਮੈਨੇਜਿੰਗ ਡਾਇਰੈਕਟਰ ਜਸਬੀਰ ਸਿੰਘ ਸੁਰਸਿੰਘ ਵਾਲਾ ਵੱਲੋਂ 7 ਨਵੰਬਰ ਦੀ ਪੰਜਾਬ ਸਰਕਾਰ ਨਾਲ ਪੈਨਲ ਮੀਟਿੰਗ ਦਿੱਤੀ ਗਈ ਹੈ। ਇਸ ਮੌਕੇ ਸੁਰਿੰਦਰ ਧਰਾਂਗਵਲਾ, ਹਿਤੇਸ਼ ਕੁਮਾਰ , ਹਰਪ੍ਰਰੀਤ ਸਿੰਘ , ਰਾਜਿੰਦਰ ਸਿੰਘ , ਬਲਕੌਰ ਸਿੰਘ ਮਾਨ ਮੈਂਬਰ ਮੁਲਾਜ਼ਮ ਸੰਘਰਸ਼ ਕਮੇਟੀ, ਅਵਤਾਰ ਸਿੰਘ ਸੂਬਾ ਪ੍ਰਧਾਨ , ਦਵਿੰਦਰ ਸਿੰਘ ਸਕੱਤਰ , ਭਾਨ ਸਿੰਘ ਕਮੇਟੀ ਮੈਂਬਰ , ਸ਼ਵਿ ਕੁਮਾਰ ਤਵਾੜੀ, ਕੁਲਦੀਪ ਸਿੰਘ ਖੰਨਾ , ਡਾ. ਦਰਸ਼ਨਪਾਲ ਸੂਬਾ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਅਤੇ ਹੋਰ ਦਰਜ਼ਨਾਂ ਜਥੇਬੰਦੀਆਂ ਦੇ ਆਗੂਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ ।