ਪਟਿਆਲਾ : ਪਟਿਆਲਾ ਦੀ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਸੂਬਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਦੀ ਅਗਵਾਈ ਹੇਠ ਅੱਜ ਪਟਿਆਲਾ ਦੀ ਡੀਸੀ ਸਾਕਸ਼ੀ ਸਾਹਨੀ ਨਾਲ ਮੁਲਾਕਾਤ ਕਰਕੇ ਪਟਿਆਲਾ ਨਗਰ ਨਿਗਮ ਚੋਣਾਂ ਦੀਆਂ ਵੋਟਰ ਸੂਚੀਆਂ ਵਿੱਚ ਹੋਈਆਂ ਘੋਰ ਤਰੁੱਟੀਆਂ ਵਿਰੁੱਧ ਰੋਸ ਦਰਜ ਕਰਵਾਇਆ।
ਡੀਸੀ ਨੂੰ ਮਿਲਣ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਜੈ ਇੰਦਰ ਕੌਰ ਨੇ ਕਿਹਾ, "ਪਟਿਆਲਾ ਨਗਰ ਨਿਗਮ ਦੀ ਚੋਣਾਂ ਲਈ ਕਢੀ ਗਈ ਨਵੀਂ ਵੋਟਰ ਲਿਸਟ ਬਿਲਕੁਲ ਗਲਤ ਹੈ ਅਤੇ ਇਸ ਵਿੱਚ ਢੇਰ ਸਾਰੀਆਂ ਤਰੁੱਟੀਆਂ ਹਨ। ਜਿਵੇਂ ਕਿ ਕਿਸੇ ਵੀ ਵੋਟਰ ਲਿਸਟ ਵਿੱਚ ਇਲਾਕੇ ਦਾ ਨਾਮ ਨਹੀਂ ਲਿਖਿਆ ਗਿਆ। ਹਰ ਵਾਰਡ ਨੂੰ ਬਿਨ੍ਹਾਂ ਮਤਲਬ ਤੋਂ ਰੋਡ ਕਰੋਸਿੰਗਾ ਕਰਕੇ ਵੱਖ-ਵੱਖਰੇ ਦੂਰ ਦੁਰਾਡੇ ਦੇ ਇਲਾਕੇ ਵੋਟਰ ਲਿਸਟ ਵਿੱਚ ਪਾਏ ਗਏ ਹਨ ਜੋ ਕਿ ਕਾਨੂੰਨੀ ਤੌਰ ਤੇ ਬਿਲਕੁਲ ਗਲਤ ਹਨ।
ਉਨ੍ਹਾਂ ਅੱਗੇ ਕਿਹਾ, "ਜਦੋਂ ਵਾਰਡਬੰਦੀ ਵਿੱਚ ਵਾਧਾ ਨਹੀਂ ਹੋਇਆ ਤਾਂ ਇਲਾਕਿਆਂ ਦਾ ਘਟਾਅ ਵਧਾਅ ਅਤੇ ਵੋਟਰ ਲਿਸਟਾਂ ਵਿੱਚ ਛੇੜਛਾੜ ਬਿਲਕੁਲ ਗੈਰ ਕਾਨੂੰਨੀ ਹੈ। ਨਗਰ ਨਿਗਮ ਚੋਣਾਂ ਲਈ ਹਮੇਸ਼ਾਂ ਵੋਟਾਂ ਡੋਰ ਟੂ ਡੋਰ ਬਣਾਈਆਂ ਜਾਂਦੀਆਂ ਹਨ। ਇਸ ਵਾਰ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਅਸੈਂਬਲੀ ਲਿਸਟਾਂ ਵਿਚੋਂ ਕਾਗਜਾਂ ਨੂੰ ਫਾੜ ਫਾੜ ਕੇ ਵੋਟਰ ਲਿਸਟਾਂ ਤਿਆਰ ਕੀਤੀਆਂ ਗਈਆਂ ਹਨ ਜੋ ਕਿ ਕਾਨੂੰਨ ਅਨੁਸਾਰ ਜਾਅਲੀ ਕੰਮ ਹੈ।"
ਇਨ੍ਹਾਂ ਵੋਟਰ ਲਿਸਟਾਂ ਦੇ ਨੁਕਸਾਨ ਬਾਰੇ ਗੱਲ ਕਰਦਿਆਂ ਭਾਜਪਾ ਪ੍ਰਧਾਨ ਨੇ ਅੱਗੇ ਕਿਹਾ, "ਜੇਕਰ ਇਨ੍ਹਾਂ ਵੋਟਰ ਲਿਸਟਾਂ ਤੇ ਸ਼ਹਿਰ ਵਿੱਚ ਚੋਣ ਹੁੰਦੀ ਹੈ ਨਾ ਤਾਂ ਕਿਸੀ ਵੀ ਪਾਰਟੀ ਦੇ ਕੈਂਡੀਡੇਟ ਨੂੰ ਆਪਣਾ ਵੋਟਰ ਲਭਣਾ ਹੈ ਅਤੇ ਨਾ ਹੀ ਵੋਟਰਾਂ ਨੂੰ ਆਪਣੇ ਕੈਂਡੀਡੇਟ ਲੱਭਣਾ ਹੈ। ਇਸ ਵੋਟਰ ਲਿਸਟ ਦੀ ਬੀ.ਜੇ.ਪੀ. ਸਿਰੇ ਤੋਂ ਨਿਖੇਧੀ ਕਰਦੀ ਹੈ।
ਡੋਰ-ਟੂ-ਡੋਰ ਸਰਵੇ ਕਰਕੇ ਨਵੀਂ ਵੋਟਰ ਸੂਚੀ ਤਿਆਰ ਕਰਨ ਲਈ ਡੀਸੀ ਪਟਿਆਲਾ ਨੂੰ ਸੌਂਪਿਆ ਮੰਗ ਪੱਤਰ
ਜੈ ਇੰਦਰ ਕੌਰ ਨੇ ਅੱਗੇ ਮੰਗ ਰੱਖੀ, "ਪਬਲਿਕ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਇਨ੍ਹਾਂ ਜਾਅਲੀ ਬਣੀਆਂ ਵੋਟਰ ਲਿਸਟਾਂ ਨੂੰ ਦੁਬਾਰਾ ਤੋਂ ਡੋਰ ਟੂ ਡੋਰ ਸਰਵੇ ਕਰਵਾ ਕੇ ਨਵੇਂ ਸਿਰੇ ਤੋਂ ਵੋਟਰ ਲਿਸਟਾਂ ਬਣਵਾਉਣ ਦੀ ਅਸੀਂ ਮੰਗ ਕਰਦੇ ਹਾਂ ਕਿਉਂਕਿ 60 ਵੋਟਰ ਲਿਸਟਾਂ ਅਨੁਸਾਰ ਕਿਸੇ ਵਾਰਡ ਵਿੱਚ ਕੇਵਲ 2200 ਤੋਂ 2500 ਵੋਟ ਹੈ ਅਤੇ ਕਿਸੇ ਵਾਰਡ ਵਿੱਚ ਵੋਟਾਂ ਦੀ ਗਿਣਤੀ 9000–10000 ਅਤੇ 12000 ਤੱਕ ਟੱਪ ਚੁੱਕੀ ਹੈ ਜੋ ਕਿ ਬਿਲਕੁਲ ਗਲਤ ਹੈ ਅਤੇ ਲੋਕ ਤੰਤਰਿਕ ਹੈ।"
ਜੈ ਇੰਦਰ ਕੌਰ ਦੇ ਨਾਲ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਕੇ.ਕੇ. ਮਲਹੋਤਰਾ, ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ, ਕੇ ਕੇ ਸ਼ਰਮਾ, ਹਰਦੇਵ ਸਿੰਘ ਬੱਲੀ, ਸੋਨੂੰ ਸੰਗਰ, ਗਿੰਨੀ ਨਾਗਪਾਲ, ਸੰਦੀਪ ਮਲਹੋਤਰਾ, ਅਤੁਲ ਜੋਸ਼ੀ, ਰਜਨੀ ਸ਼ਰਮਾ, ਪ੍ਰੋਮਿਲਾ ਮਹਿਤਾ, ਸ਼ੰਮੀ ਕੁਮਾਰ, ਨਿਖਿਲ ਕੁਮਾਰ ਕਾਕਾ, ਕਰਨ ਗੌੜ, ਸੰਦੀਪ ਸ਼ਰਮਾ, ਗੋਪੀ ਰੰਗੇਲਾ, ਆਰ ਕੇ ਸਿੰਧੀ, ਸਿਕੰਦਰ ਚੌਹਾਨ, ਗੁਰਭਜਨ ਸਿੰਘ, ਸੌਰਭ ਸ਼ਰਮਾ, ਇੰਦਰਾਣੀ ਸ਼ੁਕਲਾ, ਸੰਜੇ ਸ਼ਰਮਾ ਆਦਿ ਸ਼ਾਮਿਲ ਸਨ।